33 ਅਮਰੀਕੀ MPs ਨੇ ਬਾਈਡੇਨ ਨੂੰ ਲਿਖੀ ਚਿੱਠੀ

ਵਾਸ਼ਿੰਗਟਨ – ਅਮਰੀਕਾ ਵਿਚ ਸੱਤਾਧਾਰੀ ਡੈਮੋਕ੍ਰੇਟਿਕ ਪਾਰਟੀ ਦੇ ਪ੍ਰਭਾਵਸ਼ਾਲੀ ਸੰਸਦ ਮੈਂਬਰਾਂ ਦੇ ਇਕ ਸਮੂਹ ਨੇ ਪਾਕਿਸਤਾਨ ਵਿਚ ਹਾਲ ਹੀ ਵਿਚ ਹੋਈਆਂ ਚੋਣਾਂ ਵਿਚ ਧਾਂਦਲੀ ਹੋਣ ਦੇ ‘ਪੁਖਤਾ ਸਬੂਤ’ ਹੋਣ ਦਾ ਵਰਣਨ ਕਰਦਿਆਂ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਇਕ ਪੱਤਰ ਲਿਖਿਆ ਹੈ। ਸਮੂਹ ਨੇ ਆਪਣੇ ਪੱਤਰ ’ਚ ਮੰਗ ਕੀਤੀ ਹੈ ਕਿ ਪਾਕਿਸਤਾਨ ਦੀ ਨਵੀਂ ਸਰਕਾਰ ਨੂੰ ਉਦੋਂ ਤੱਕ ਮਾਨਤਾ ਨਾ ਦਿੱਤੀ ਜਾਵੇ ਜਦੋਂ ਤੱਕ ਇਸ ਸਬੰਧ ਵਿਚ ਪਾਰਦਰਸ਼ੀ ਅਤੇ ਭਰੋਸੇਯੋਗ ਜਾਂਚ ਨਹੀਂ ਕਰਾਈ ਜਾਂਦੀ। ਇਸ ਗਰੁੱਪ ’ਚ ਮੁਸਲਿਮ ਸੰਸਦ ਮੈਂਬਰ ਵੀ ਸ਼ਾਮਲ ਹਨ।

ਪਾਕਿਸਤਾਨ ’ਚ 8 ਫਰਵਰੀ ਨੂੰ ਹੋਈਆਂ ਆਮ ਚੋਣਾਂ ’ਚ ਵੱਡੇ ਪੱਧਰ ’ਤੇ ਧਾਂਦਲੀ ਹੋਣ ਦੇ ਦੋਸ਼ ਲਾਏ ਗਏ ਹਨ। ਚੋਣ ਨਤੀਜਿਆਂ ਵਿਚ ਖੰਡਿਤ ਫਤਵਾ ਮਿਲਿਆ ਸੀ। ਜੇਲ੍ਹ ਵਿਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਵੱਲੋਂ ਸਮਰਥਿਤ ਆਜ਼ਾਦ ਉਮੀਦਵਾਰਾਂ ਨੇ 266 ਮੈਂਬਰੀ ਨੈਸ਼ਨਲ ਅਸੈਂਬਲੀ ਵਿਚ 90 ਤੋਂ ਵੱਧ ਸੀਟਾਂ ਉਤੇ ਜਿੱਤ ਦਰਜ ਕੀਤੀ। ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਪੀ. ਐੱਮ. ਐੱਲ .-ਐੱਨ ਨੇ 75 ਸੀਟਾਂ ਜਿੱਤੀਆਂ ਅਤੇ ਸਾਬਕਾ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਦੀ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਨੂੰ 54 ਸੀਟਾਂ ਮਿਲੀਆਂ। ਮੁਤਾਹਿਦਾ ਕੌਮੀ ਮੂਵਮੈਂਟ ਪਾਕਿਸਤਾਨ ਨੇ 17 ਸੀਟਾਂ ਜਿੱਤੀਆਂ ਹਨ।

ਰਾਸ਼ਟਰਪਤੀ ਬਾਈਡੇਨ ਅਤੇ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੂੰ ਲਿਖੇ ਸਾਂਝੇ ਪੱਤਰ ’ਚ ਸੰਸਦ ਮੈਂਬਰਾਂ ਨੇ ਪਾਕਿਸਤਾਨ ਦੀਆਂ ਸੰਸਦੀ ਚੋਣਾਂ ’ਚ ਵੋਟਾਂ ਪੈਣ ਤੋਂ ਪਹਿਲਾਂ ਅਤੇ ਇਸ ਦੇ ਬਾਅਦ ਧਾਂਦਲੀ ਹੋਣ ਉੱਤੇ ਚਿੰਤਾ ਪ੍ਰਗਟਾਈ ਹੈ। ਇਨ੍ਹਾਂ ਸੰਸਦ ਮੈਂਬਰਾਂ ਨੇ ਕਿਹਾ, ‘ਚੋਣਾਂ ’ਚ ਧਾਂਦਲੀ ਹੋਣ ਦੇ ਪੁਖਤਾ ​​ਸਬੂਤਾਂ ਨੂੰ ਧਿਆਨ ਵਿਚ ਰੱਖਦੇ ਹੋਏ, ਅਸੀਂ ਤੁਹਾਨੂੰ ਪਾਕਿਸਤਾਨ ਦੀ ਨਵੀਂ ਸਰਕਾਰ ਨੂੰ ਮਾਨਤਾ ਦੇਣ ਤੋਂ ਪਹਿਲਾਂ ਡੂੰਘੀ, ਪਾਰਦਰਸ਼ੀ ਅਤੇ ਭਰੋਸੇਯੋਗ ਜਾਂਚ ਹੋਣ ਤੱਕ ਦੀ ਉਡੀਕ ਕਰਨ ਦੀ ਅਪੀਲ ਕਰਦੇ ਹਾਂ। ਇਹ ਜ਼ਰੂਰੀ ਕਦਮ ਚੁੱਕੇ ਬਿਨਾਂ, ਤੁਸੀਂ ਪਾਕਿਸਤਾਨੀ ਅਧਿਕਾਰੀਆਂ ਦੇ ਗੈਰ-ਜਮਹੂਰੀ ਵਿਹਾਰ ਦਾ ਸਮਰਥਨ ਕਰਨ ਦਾ ਜੋਖ਼ਮ ਮੁੱਲ ਲਵੋਗੇ ਅਤੇ ਪਾਕਿਸਤਾਨੀ ਲੋਕਾਂ ਦੀ ਲੋਕਤੰਤਰੀ ਇੱਛਾ ਨੂੰ ਕਮਜ਼ੋਰ ਕਰ ਸਕਦੇ ਹੋ।’ਪੱਤਰ ’ਤੇ ਦਸਤਖ਼ਤ ਕਰਨ ਵਾਲੇ ਸਾਰੇ 33 ਸੰਸਦ ਮੈਂਬਰ ਰਾਸ਼ਟਰਪਤੀ ਬਾਈਡੇਨ ਦੇ ਦੂਜੇ ਕਾਰਜਕਾਲ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਹਨ। ਇਸ ਵਿਚ ਕਿਹਾ ਗਿਆ ਹੈ ਕਿ ਪ੍ਰਭਾਵਸ਼ਾਲੀ ਮੁਸਲਿਮ ਸੰਸਦ ਮੈਂਬਰ ਰਸ਼ੀਦਾ ਤਲੀਬ, ਇਲਹਾਨ ਉਮਰ ਅਤੇ ਆਂਦਰੇ ਕਾਰਸਨ ਨੇ ਵੀ ਪੱਤਰ ਦਾ ਸਮਰਥਨ ਕੀਤਾ ਹੈ। ਪੱਤਰ ’ਤੇ ਭਾਰਤੀ ਮੂਲ ਦੀ ਕਾਂਗਰਸ ਮੈਂਬਰ ਪ੍ਰਮਿਲਾ ਜੈਪਾਲ ਨੇ ਵੀ ਦਸਤਖ਼ਤ ਕੀਤੇ ਹਨ।

Add a Comment

Your email address will not be published. Required fields are marked *