ਗਾਇਕ ਕੁਲਦੀਪ ਪੁਰੇਵਾਲ ਦਾ ਸਕਾਟਲੈਂਡ ‘ਚ ਸਨਮਾਨ

ਗਲਾਸਗੋ : 1990 ਦੇ ਦਹਾਕੇ ਦੇ ਆਸ-ਪਾਸ ਕੁਲਦੀਪ ਪੁਰੇਵਾਲ ਨਾਂ ਦੀ ਬੁਲੰਦ ਆਵਾਜ਼ ਦਾ ਆਗਮਨ ਹੋਇਆ ਤਾਂ ‘ਹਾਏ ਰੱਬਾ ਸੋਹਣਿਆਂ ਨੂੰ ਕੀ ਮਿਲਦਾ, ਆਸ਼ਕਾਂ ਨੂੰ ਐਨਾ ਤੜਫਾ ਕੇ’ ਗੀਤ ਗਲੀਆਂ-ਮੁਹੱਲਿਆਂ ‘ਚ ਗੂੰਜ ਉੱਠਿਆ। ਕੈਸੇਟਾਂ ਵਾਲੇ ਦੌਰ ‘ਚ ਹਿੱਟ ਗੀਤਾਂ ਰਾਹੀਂ ਸਰਗਰਮ ਰਹੇ ਗਾਇਕ ਕੁਲਦੀਪ ਪੁਰੇਵਾਲ ਹੁਣ ਵੀ ਓਨੀ ਹੀ ਸਰਗਰਮੀ ਨਾਲ ਗਾਇਕੀ ਦੇ ਖੇਤਰ ਵਿੱਚ ਹਾਜ਼ਰ ਹਨ। ਆਪਣੇ ਨਵੇਂ ਗੀਤ ਦੀ ਵੀਡੀਓ ਦੇ ਫਿਲਮਾਂਕਣ ਲਈ ਸਕਾਟਲੈਂਡ ਪਹੁੰਚੇ ਕੁਲਦੀਪ ਪੁਰੇਵਾਲ ਦੀ ਆਮਦ ‘ਤੇ ਉਨ੍ਹਾਂ ਦੇ ਮਿੱਤਰਾਂ ਵੱਲੋਂ ਬਹੁਤ ਹੀ ਪਿਆਰ ਨਾਲ ਜੀ ਆਇਆਂ ਨੂੰ ਕਿਹਾ ਗਿਆ।

ਇਸ ਸਮੇਂ ਸਕਾਟਲੈਂਡ ਦੇ ਉੱਘੇ ਕਾਰੋਬਾਰੀ ਲਖਵੀਰ ਸਿੰਘ ਸਿੱਧੂ ਤੇ ਪਰਮਜੀਤ ਸਿੰਘ ਪੁਰੇਵਾਲ ਅਤੇ ਸੋਢੀ ਬਾਗੜੀ ਦੀ ਅਗਵਾਈ ਵਿੱਚ ਗਾਇਕ ਨੂੰ ਸ਼ਾਲ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਪੰਜ ਦਰਿਆ ਟੀਮ ਵੱਲੋਂ ਤਿਆਰ ਵਿਸ਼ੇਸ਼ ਪ੍ਰਸ਼ੰਸਾ ਪੱਤਰ ਲਖਵੀਰ ਸਿੰਘ ਸਿੱਧੂ ਵੱਲੋਂ ਭੇਟ ਕੀਤਾ ਗਿਆ। ਇਸ ਸਮੇਂ ਬੋਲਦਿਆਂ ਲਖਵੀਰ ਸਿੰਘ ਸਿੱਧੂ ਨੇ ਕਿਹਾ ਕਿ ਕੁਲਦੀਪ ਪੁਰੇਵਾਲ ਨੇ ਹਮੇਸ਼ਾ ਹੀ ਸਮੇਂ ਦੀ ਨਬਜ਼ ਟੋਂਹਦੇ ਗੀਤ ਗਾਏ ਹਨ, ਇਹੀ ਵਜ੍ਹਾ ਹੈ ਕਿ ਉਹ ਨਿਰੰਤਰ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਵਸੇ ਹੋਏ ਹਨ। ਉਨ੍ਹਾਂ ਕਿਹਾ ਕਿ ਸਕਾਟਲੈਂਡ ਵਸਦੇ ਉਨ੍ਹਾਂ ਦੇ ਸਮੂਹ ਮਿੱਤਰਾਂ ਨੂੰ ਕੁਲਦੀਪ ਪੁਰੇਵਾਲ ਦੀਆਂ ਪ੍ਰਾਪਤੀਆਂ ‘ਤੇ ਅਕਹਿ ਤੇ ਅਥਾਹ ਮਾਣ ਹੈ। ਪਰਮਜੀਤ ਸਿੰਘ ਪੁਰੇਵਾਲ ਨੇ ਕਿਹਾ ਕਿ ਕੁਲਦੀਪ ਪੁਰੇਵਾਲ ਨੇ ਜਿੱਥੇ ਪੰਜਾਬ ਰਹਿੰਦਿਆਂ ਗਾਇਕੀ ਦਾ ਸੁਨਹਿਰੀ ਦੌਰ ਮਾਣਿਆ ਹੈ ਤੇ ਇਕ ਤੋਂ ਬਾਅਦ ਇਕ ਹਿੱਟ ਗੀਤ ਗਾਏ, ਉੱਥੇ ਯੂਕੇ ਵਸਣ ਉਪਰੰਤ ਵੀ ਆਪਣੇ ਸੰਗੀਤਕ ਸਫ਼ਰ ਵਿੱਚ ਖੜੋਤ ਨਹੀਂ ਆਉਣ ਦਿੱਤੀ।

ਸਨਮਾਨ ਉਪਰੰਤ ਗਾਇਕ ਕੁਲਦੀਪ ਪੁਰੇਵਾਲ ਨੇ ਕਿਹਾ ਕਿ ਸਕਾਟਲੈਂਡ ਜਿੱਥੇ ਕੁਦਰਤੀ ਨਜ਼ਾਰਿਆਂ ਕਰਕੇ ਖੂਬਸੂਰਤ ਹੈ, ਉੱਥੇ ਹੀ ਮਾਣਮੱਤੇ ਯਾਰਾਂ ਕਰਕੇ ਹੋਰ ਵੀ ਵਧੇਰੇ ਖੂਬਸੂਰਤ ਹੈ। ਕਾਮਨਾ ਕਰਦਾ ਹਾਂ ਕਿ ਇਨ੍ਹਾਂ ਦੋਸਤਾਂ-ਮਿੱਤਰਾਂ ਦੀਆਂ ਮਹਿਫਲਾਂ ਇਉਂ ਹੀ ਲੱਗਦੀਆਂ ਰਹਿਣ। ਇਸ ਸਮੇਂ ਬੌਬੀ ਨਿੱਝਰ, ਜਸਪ੍ਰੀਤ ਖਹਿਰਾ, ਕੁਲਵੰਤ ਸਹੋਤਾ, ਸਰਬਜੀਤ ਪੱਡਾ, ਅਮਨ ਜੌਹਲ, ਦੀਪ ਗਿੱਲ, ਗੈਰੀ ਸਿੱਧੂ, ਮੰਗਲ ਸਿੰਘ ਕੂਨਰ, ਪ੍ਰਾਨ ਪੱਲੀ, ਸੁਖ ਸਿੰਧਰ, ਮੋਹਨ ਸਿੰਧਰ, ਅੰਮ੍ਰਿੰਤਪਾਲ ਸਿੰਧਰ, ਸ਼ੀਰਾ ਚਾਹਲ, ਤਾਜ਼ੀ ਪੱਡਾ, ਬੌਬੀ ਸਮਰਾ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

Add a Comment

Your email address will not be published. Required fields are marked *