ਮਸ਼ਹੂਰ ਕਾਰਟੂਨਿਸਟ ਤੇ ਐਨੀਮੇਸ਼ਨ ਸੀਰੀਜ਼ ਨਿਰਮਾਤਾ 60 ਪੰਜਾਬੀ ਕਾਮਿਆਂ ਦੇ ਹੱਕ ‘ਚ ਨਿੱਤਰਿਆ

ਰੋਮ : ਬੀਤੇ ਚਾਰ ਮਹੀਨਿਆਂ ਤੋਂ ਪ੍ਰੋਸੂਸ ਮੀਟ ਦੀ ਫੈਕਟਰੀ, ਵੇਸਕੋਵਾਤੋ, ਕਰੇਮੋਨਾ ਵਿੱਚੋਂ ਕੰਮ ਤੋਂ ਕੱਢੇ ਗਏ 60 ਪੰਜਾਬੀ ਕਾਮਿਆਂ ਵੱਲੋਂ ਦਿੱਤੇ ਜਾ ਰਹੇ ਧਰਨੇ ਨੂੰ ਉਸ ਵੇਲੇ ਬਹੁਤ ਵੱਡਾ ਬਲ ਮਿਲਿਆ, ਜਦੋਂ ਇਟਲੀ ਦਾ ਬਹੁਤ ਹੀ ਮਸ਼ਹੂਰ ਕਾਰਟੂਨਿਸਟ ਅਤੇ ਐਨੀਮੇਸ਼ਨ ਸੀਰੀਜ “ਸਤਰਾਪਾਰੇ ਲੂੰਗੋ ਈ ਬੌਰਦੀ” ਦਾ ਨਿਰਮਾਤਾ “ਜੈਰੋਕਲਕਾਰੇ” ਦੇ ਨਾਮ ਨਾਲ ਮਸ਼ਹੂਰ “ਮੀਕੇਲੇ ਰੈਕ” ਉਨ੍ਹਾਂ ਦੇ ਹੱਕ ਵਿੱਚ ਆ ਨਿਤਰਿਆ। ਯੂ.ਐਸ.ਬੀ ਸੰਸਥਾ ਵੱਲੋਂ ਕਾਮਿਆਂ ਦੇ ਹੱਕ ਵਿੱਚ ਰੱਖੇ ਇਕੱਠ ਵਿੱਚ ਬੀਤੀ 28 ਫਰਵਰੀ ਨੂੰ ਮਸ਼ਹੂਰ ਕਾਰਟੂਨਿਸਟ ਦੁਪਹਿਰ ਢਾਈ ਵਜੇ “ਪ੍ਰੋਸੂਸ” ਫੈਕਟਰੀ ਦੇ ਬਾਹਰ ਪਹੁੰਚਿਆ। 

ਇਥੇ ਲੋਕਾਂ ਦਾ ਭਾਰੀ ਇਕੱਠ ਹੋਇਆ। ਜਿਸ ਵਿੱਚ ਕਿ ਉਸਦੇ ਫੈਨ ਵੀ ਸ਼ਾਮਿਲ ਸਨ। ‘ਜੈਰੋਕਲਕਾਰੇ’ ਨੇ ਇਕੱਠ ਵਿੱਚ ਬੋਲਦਿਆਂ ਕਿਹਾ ਕਿ ਉਹ ਇਨ੍ਹਾਂ ਕਾਮਿਆਂ ਦੇ ਹੱਕ ਵਿੱਚ ਇੱਕਜੁੱਟਤਾ ਦਿਖਾਉਣ ਲਈ ਇੱਥੇ ਆਇਆ ਹੈ ਅਤੇ ਸਾਰਿਆਂ ਨੂੰ ਅਪੀਲ ਕਰਦਾ ਹੈ ਕਿ ਸਭ ਨੂੰ ਇਨ੍ਹਾਂ ਕਾਮਿਆਂ ਦਾ ਸਾਥ ਦੇਣਾ ਚਾਹੀਦਾ ਹੈ। ਉਸਨੇ ਅੱਗੇ ਕਿਹਾ ਕਿ ਉਹ ‘ਸਿਸਤੇਮਾ ਦੇਈ ਅਪਾਲਤੀ’ ਦੇ ਖ਼ਿਲਾਫ਼ ਹੈ। ਜਿਸ ਵਿਚ ਵੱਖ-ਵੱਖ ਕੋਪਰਤੀਵੇ ਬਣਾ ਕੇ ਬੰਦਿਆਂ ਨੂੰ ਕੰਮ ‘ਤੇ ਰੱਖਿਆ ਜਾਂਦਾ ਹੈ ਅਤੇ ਕੋਪਰਤੀਵੇ ਬਦਲ ਕੇ ਕੰਮ ਤੋਂ ਕੱਢ ਦਿੱਤਾ ਜਾਂਦਾ ਹੈ ਜਾਂ ਉਨ੍ਹਾਂ ਨੂੰ ਸਹੀ ਰੇਟ ਨਹੀਂ ਮਿਲਦਾ ਅਤੇ ਉਨ੍ਹਾਂ ਦੇ ਹੱਕ ਮਾਰੇ ਜਾਂਦੇ ਹਨ। ਇਹ ਸਿਸਟਮ ਮਜ਼ਦੂਰਾਂ ਦੀ ਬਜਾਏ ਫੈਕਟਰੀ ਮਾਲਕਾਂ ਦੇ ਹਿੱਤਾਂ ਦੀ ਰਾਖੀ ਕਰਦਾ ਹੈ। 

ਇਸ ਤੋਂ ਬਾਅਦ ਸ਼ਾਮ 5:30 ਵਜੇ ਕਰੇਮੋਨਾ ਦੇ ਕੋਰਤੀਲੇ ਫੈਦੇਰੀਕੋ ਦੂਏ ਵਿਖੇ ਵੀ ਭਾਰਾ ਇਕੱਠ ਕੀਤਾ ਗਿਆ। ਜਿਸ ਵਿੱਚ ਭਾਰੀ ਗਿਣਤੀ ਵਿੱਚ ਇਟਾਲੀਅਨ ਲੋਕਾਂ ਨੇ ਸ਼ਮੂਲੀਅਤ ਕੀਤੀ। ਯੂ.ਐਸ.ਬੀ ਸੰਸਥਾ ਵੱਲੋਂ ਬੁਲਾਰਿਆਂ ਨੇ ਕਾਮਿਆਂ ਦੇ ਹੱਕ ਵਿੱਚ ਭਾਸ਼ਣ ਦਿੱਤੇ ਅਤੇ ‘ਜੈਰੋਕਲਕਾਰੇ’ ਨਾਲ ਵੀ ਖੁੱਲੀ ਗੱਲਬਾਤ ਕੀਤੀ ਗਈ। ਕੰਮ ਤੋਂ ਕੱਢੇ ਗਏ ਵੀਰਾਂ ਵੱਲੋਂ ਇਟਾਲੀਅਨ ਇੰਡੀਅਨ ਪ੍ਰੈਸ ਕਲੱਬ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਬੀਤੀ 13 ਫਰਵਰੀ ਨੂੰ ਸਵੇਰ ਦੇ ਢਾਈ ਵਜੇ ਭਾਰੀ ਪੁਲਸ ਫੋਰਸ ਨਾਲ ਉਨ੍ਹਾਂ ਨੂੰ ਜਬਰਦਸਤੀ ਫੈਕਟਰੀ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਸੀ। ਉਨਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਪਰ ਇਲੈਕਟਰੋਨਿਕ ਹਥਿਆਰਾ ਨਾਲ ਲੈਸ ਪੁਲਸ ਨੇ ਉਨ੍ਹਾਂ ਨੂੰ ਫੈਕਟਰੀ ਦੇ ਮੇਨ ਗੇਟ ਤੋਂ ਬਾਹਰ ਕੱਢ ਦਿੱਤਾ ਸੀ। 

ਉਸ ਦਿਨ ਤੋਂ ਇਹ ਵੀਰ ਲਗਾਤਾਰ ਫੈਕਟਰੀ ਦੇ ਬਾਹਰ ਧਰਨੇ ‘ਤੇ ਬੈਠੇ ਹੋਏ ਹਨ। ਇਸ ਘਟਨਾ ਤੋਂ ਬਾਅਦ ਉਨ੍ਹਾਂ ਦੀ ਆਵਾਜ਼ ਦੁਬਾਰਾ ਵੀ ਪਾਰਲੀਮੈਂਟ ਵਿੱਚ ਵੀ ਗੂੰਜ ਚੁੱਕੀ ਹੈ। ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਉਹ ਫੈਕਟਰੀ ਦੇ ਅੰਦਰ ਬੈਠ ਕੇ ਇਹ ਲੜਾਈ ਲੜ ਰਹੇ ਸਨ ਅਤੇ ਹੁਣ ਉਨ੍ਹਾਂ ਦੀ ਲੜਾਈ ਬਾਹਰ ਰਹਿ ਕੇ ਰਾਜਨੀਤਕ ਤੌਰ ‘ਤੇ ਵੀ ਲੜੀ ਜਾ ਰਹੀ ਹੈ। ਜਿਸ ਵਿੱਚ ‘ਜੈਰੋਕਲਕਾਰੇ’ ਦੇ ਪਹੁੰਚਣ ਨਾਲ ਅਤੇ ਉਨ੍ਹਾਂ ਦੇ ਹੱਕ ਵਿੱਚ ਦਿੱਤੀ ਸਪੀਚ ਨਾਲ ਉਨ੍ਹਾਂ ਦੇ ਸੰਘਰਸ਼ ਨੂੰ ਹੋਰ ਵੀ ਬਲ ਮਿਲਿਆ ਹੈ ਅਤੇ ਉਨ੍ਹਾਂ ਦਾ ਮਨੋਬਲ ਹੋਰ ਵੀ ਉੱਚਾ ਹੋਇਆ ਹੈ। ਪੰਜਾਬੀ ਵੀਰਾਂ ਨੇ ਦੱਸਿਆ ਕਿ ਉਹ ਚੜਦੀ ਕਲਾ ਵਿੱਚ ਹਨ ਅਤੇ ਉਹ ਉਨ੍ਹਾਂ ‘ਤੇ ਹੋਏ ਇਸ ਜ਼ੁਲਮ ਖ਼ਿਲਾਫ਼ ਲੜਾਈ ਜਿੱਤਣ ਤੱਕ ਲੜਦੇ ਰਹਿਣਗੇ, ਜਦੋਂ ਤੱਕ ਕਿ ਉਨ੍ਹਾਂ ਨੂੰ ਆਪਣੇ ਕੰਮਾਂ ‘ਤੇ ਵਾਪਸ ਨਹੀਂ ਰੱਖਿਆ ਜਾਂਦਾ, ਕਿਉਂਕਿ ਹੁਣ ਇਸ ਲੜਾਈ ਵਿੱਚ ਇਟਾਲੀਆ ਭਾਈਚਾਰਾ ਵੀ ਉਨ੍ਹਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜਾ ਹੈ। ਆਉਣ ਵਾਲੇ ਦਿਨਾਂ ਵਿੱਚ ਵੀ ਉਨ੍ਹਾਂ ਦੀ ਸੰਸਥਾ ਯੂ.ਐਸਬੀ ਦੇ ਸਹਿਯੋਗ ਨਾਲ ਕਰੇਮੋਨਾ ਸ਼ਹਿਰ ਅਤੇ ਵੱਖ-ਵੱਖ ਇਲਾਕਿਆਂ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਜਿਸ ਨਾਲ ਕਿ ਇਸ ਸਿਸਟਮ ਨਾਲ ਰੱਖੇ ਜਾਂਦੇ ਮਜਦੂਰ ਅਤੇ ਉਨ੍ਹਾਂ ਦੇ ਹੱਕਾਂ ‘ਤੇ ਪੈਂਦੇ ਡਾਕਿਆਂ ‘ਤੇ ਲਗਾਮ ਲੱਗ ਸਕੇਗੀ।

Add a Comment

Your email address will not be published. Required fields are marked *