ਬਰਮਿੰਘਮ ‘ਚ ਖਾਲਸਈ ਜਾਹੋ ਜਲਾਲ ਨਾਲ ਕੱਢੀ ਗਈ ਖਾਲਸਾ ਵਹੀਰ

ਬਰਮਿੰਘਮ -: ਇੰਗਲੈਂਡ ਦੇ ਸ਼ਹਿਰ ਬਰਮਿੰਘਮ ਵਿਖੇ ਖਾਲਸਾ ਵਹੀਰ ਪੂਰੇ ਜਾਹੋ ਜਲਾਲ ਦੇ ਨਾਲ ਕੱਢੀ ਗਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਅਤੇ ਨੌਜਵਾਨ ਸ਼ਾਮਲ ਹੋਏ। ਇਸ ਮੌਕੇ ਨੌਜਵਾਨਾਂ ਵੱਲੋਂ ਆਪਣੀਆਂ ਗੱਡੀਆਂ ਤੇ ਕਾਰਾਂ ‘ਤੇ ਖਾਲਿਸਤਾਨ ਦੇ ਨੀਲੇ ਅਤੇ ਕੇਸਰੀ ਰੰਗ ਦੇ ਝੰਡੇ ਲਗਾਏ ਗਏ ਸਨ। ਖਾਲਸਾ ਵਹੀਰ ਦੌਰਾਨ ਨੌਜਵਾਨਾਂ ਵੱਲੋਂ ਦੀਪ ਸਿੱਧੂ ਅਤੇ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਦੇ ਨਾਅਰੇ ਲੱਗ ਰਹੇ ਸਨ। 

ਖਾਲਸਾ ਵਹੀਰ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਸੋਹੋ ਰੋਡ ਤੋਂ ਹੁੰਦੀ ਹੋਈ ਆਪਣੇ ਆਖਰੀ ਪੜਾਅ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਵਿਖੇ ਪਹੁੰਚੀ, ਜਿੱਥੇ ਪ੍ਰਬੰਧਕ ਕਮੇਟੀ ਵੱਲੋਂ ਪੰਜ ਪਿਆਰਿਆਂ ਅਤੇ ਪ੍ਰਬੰਧਕਾਂ ਨੂੰ ਸਨਮਾਨਿਤ ਕੀਤਾ ਗਿਆ। ਸਮੈਦਿਕ ਗੁਰੂਘਰ ਵਿਖੇ ਪੰਥਕ ਕਾਨਫਰੰਸ ਕੀਤੀ ਗਈ, ਜਿਸ ਵਿੱਚ ਵੱਖ-ਵੱਖ ਪੰਥਕ ਬੁਲਾਰਿਆਂ ਨੇ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ। ਬੁਲਾਰਿਆਂ ਨੇ ਪੰਜਾਬ ਵਿਚ ਅੰਮ੍ਰਿਤਪਾਲ ਸਿੰਘ ਅਤੇ ਸਾਥੀ ਨੌਜਵਾਨਾਂ ‘ਤੇ ਝੂਠੇ ਕੇਸ ਪਾ ਕੇ ਜੇਲ੍ਹਾਂ ਵਿੱਚ ਬੰਦ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। 

ਉਨ੍ਹਾਂ ਕਿਹਾ ਕਿ ਕੇਂਦਰ ਦੇ ਇਸ਼ਾਰੇ ‘ਤੇ ਪੰਜਾਬ ਸਰਕਾਰ ਵਲੋਂ ਖਾਲਸਾ ਵਹੀਰ ਨੂੰ ਦਬਾਉਣ ਦਾ ਯਤਨ ਕੀਤਾ ਗਿਆ ਪਰ ਪੰਜਾਬ ਵਿੱਚ ਪੰਥਕ ਆਗੂਆਂ ਵੱਲੋਂ ਖਾਲਸਾ ਵਹੀਰ ਮੁੜ ਸ਼ੁਰੂ ਕਰਕੇ ਪੰਜਾਬ ਵਿੱਚ ਨਸ਼ਿਆਂ ਵਿੱਚ ਡੁੱਬ ਰਹੇ ਨੌਜਵਾਨਾਂ ਨੂੰ ਬਚਾਉਣ ਦੀ ਕੋਸ਼ਿਸ਼ ਦੀ ਪ੍ਰਸੰਸਾ ਕੀਤੀ ਗਈ। ਇਸ ਮੌਕੇ ਸਟੇਜ ਦੀ ਸੇਵਾ ਕੁਲਵੰਤ ਸਿੰਘ ਮੁਠੱਡਾ ਨੇ ਬਾਖ਼ੂਬੀ ਨਿਭਾਈ ਅਤੇ ਆਈਆਂ ਹੋਈਆਂ ਪੰਥਕ ਜਥੇਬੰਦੀਆਂ ਸਿੱਖ ਸੰਗਤਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਅਵਤਾਰ ਸਿੰਘ ਖੰਡਾ, ਬਲਵਿੰਦਰ ਸਿੰਘ ਢਿੱਲੋਂ, ਰਸਾਲ ਸਿੰਘ, ਸਰਵਜੀਤ ਸਿੰਘ ਅਤੇ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਹਾਜ਼ਰ ਸਨ।

Add a Comment

Your email address will not be published. Required fields are marked *