ਅਨਿਲ ਅੰਬਾਨੀ ਦੀ ਰਿਲਾਇੰਸ ਕੈਪੀਟਲ ਨੂੰ ਖਰੀਦੇਗਾ ਹਿੰਦੂਜਾ ਗਰੁੱਪ

ਨਵੀਂ ਦਿੱਲੀ – ਅਨਿਲ ਅੰਬਾਨੀ ਦੀ ਭਾਰੀ ਕਰਜ਼ੇ ’ਚ ਡੁੱਬੀ ਕੰਪਨੀ ਰਿਲਾਇੰਸ ਕੈਪੀਟਲ ਦੇ ਨਵੇਂ ਮਾਲਕ ਦਾ ਨਾਂ ਸਾਹਮਣੇ ਆ ਗਿਆ ਹੈ। ਹਿੰਦੂਜਾ ਗਰੁੱਪ ਦੀ ਕੰਪਨੀ ਇੰਡਸਇੰਡ ਇੰਟਰਨੈਸ਼ਨਲ ਹੋਲਡਿੰਗਜ਼ ਲਿਮਟਿਡ ਉਸ ਦੀ ਨਵੀਂ ਮਾਲਕ ਹੋਵੇਗੀ। ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ਨੇ ਰਿਲਾਇੰਸ ਕੈਪੀਟਲ ਲਈ 9,650 ਕਰੋੜ ਰੁਪਏ ਦੀ ਇੰਡਸਇੰਡ ਇੰਟਰਨੈਸ਼ਨਲ ਹੋਲਡਿੰਗ ਦੇ ਹੱਲ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਦੱਸ ਦੇਈਏ ਕਿ ਮੁੰਬਈ ਦੀ ਦਿਵਾਲੀਆਪਨ ਅਦਾਲਤ ਨੇ ਇਨਸਾਲਵੈਂਸੀ ਰੈਜ਼ੋਲਿਊਸ਼ਨ ਪ੍ਰੋਸੈੱਸ ਜਾਂ ਦਿਵਾਲੀਆ ਹੱਲ ਪ੍ਰਕਿਰਿਆ ਰਾਹੀਂ ਰਿਲਾਇੰਸ ਕੈਪੀਟਲ ਦੇ ਐਡਮਿਨਿਸਟ੍ਰੇਸ਼ਨ ਦੀ ਦਾਖ਼ਲ ਕੀਤੀ ਗਈ ਇਕ ਅਰਜ਼ੀ ਨੂੰ ਇਜਾਜ਼ਤ ਦੇ ਦਿੱਤੀ। ਇਸ ’ਚ ਅਨਿਲ ਅੰਬਾਨੀ ਪ੍ਰਮੋਟਿਡ ਕੰਪਨੀ ਦੀ ਐਕਵਾਇਰਮੈਂਟ ਲਈ ਹਿੰਦੂਜਾ ਗਰੁੱਪ ਨੂੰ ਆਖਿਰਕਾਰ ਮਨਜ਼ੂਰੀ ਦੇ ਦਿੱਤੀ ਗਈ। ਇਹ ਮਾਮਲਾ ਲੰਬੇ ਸਮੇਂ ਤੋਂ ਬਕਾਇਆ ਸੀ।

ਮੁੰਬਈ ਦੀ ਐੱਨ. ਸੀ. ਐੱਲ. ਟੀ. ਕੋਰਟ ’ਚ ਜਸਟਿਸ ਵੀਰੇਂਦਰ ਸਿੰਘ ਬਿਸ਼ਟ ਤੇ ਟੈਕਨੀਕਲ ਮੈਂਬਰ ਪ੍ਰਭਾਤ ਕੁਮਾਰ ਦੀ ਬੈਂਚ ਨੇ ਜ਼ੁਬਾਨੀ ਹੁਕਮਾਂ ’ਚ ਕੰਪਨੀ ਦੇ ਪਲਾਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਫਿਲਹਾਲ ਵਿਸਥਾਰਤ ਹੁਕਮ ਦੀ ਉਡੀਕ ਹੈ। ਇਸ ਪਲਾਨ ਦੀ ਨਿਗਰਾਨੀ ਲਈ ਇਕ ਮਾਨੀਟਰਿੰਗ ਕਮੇਟੀ ਬਣਾਈ ਜਾਵੇਗੀ, ਜਦਕਿ ਸੁਪਰੀਮ ਕੋਰਟ ’ਚ ਟੋਰੈਂਟ ਇਨਵੈਸਟਮੈਂਟ ਅਤੇ ਹਿੰਦੂਜਾ ਗਰੁੱਪ ਦੀ ਬੋਲੀ ਦਰਮਿਆਨ ਵਿਵਾਦ ਅਜੇ ਚੱਲ ਰਿਹਾ ਹੈ।

ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਨਵੰਬਰ 2021 ’ਚ ਅਨਿਲ ਧੀਰੂਭਾਈ ਅੰਬਾਨੀ ਗਰੁੱਪ ਦੀ ਕੰਪਨੀ ਰਿਲਾਇੰਸ ਕੈਪੀਟਲ ’ਚ ਐਡਮਿਨਿਸਟ੍ਰੇਸ਼ਨ ਮੁੱਦਿਆਂ ਅਤੇ ਪੇਮੈਂਟ ਡਿਫਾਲਟ ਕਰਨ ਤੋਂ ਬਾਅਦ ਬੋਰਡ ਆਫ ਡਾਇਰੈਕਟਰਜ਼ ਨੂੰ ਹਟਾ ਦਿੱਤਾ ਸੀ। ਭਾਰਤੀ ਰਿਜ਼ਰਵ ਬੈਂਕ ਨੇ ਨਾਗੇਸ਼ਵਰ ਰਾਓ ਵਾਈ ਨੂੰ ਐਡਮਿਨਿਸਟ੍ਰੇਟਰ ਨਿਯੁਕਤ ਕੀਤਾ ਸੀ। ਇਨ੍ਹਾਂ ਨੇ ਆਰ-ਕੈਪ ਦੀ ਐਕਵਾਇਰਮੈਂਟ ਕਰਨ ਲਈ ਫਰਵਰੀ 2022 ’ਚ ਬੋਲੀਆਂ ਮੰਗਵਾਈਆਂ ਸਨ।

Add a Comment

Your email address will not be published. Required fields are marked *