ਰਿਸ਼ੀ ਸੁਨਕ ਨੇ ਬ੍ਰਿਟਿਸ਼ ਰਾਜਨੀਤੀ ‘ਚ ‘ਜ਼ਹਿਰੀਲੇ’ ਸੱਭਿਆਚਾਰ ਖ਼ਿਲਾਫ਼ ਦਿੱਤੀ ਚੇਤਾਵਨੀ

ਲੰਡਨ – ਬ੍ਰਿਟਿਸ਼ ਸੰਸਦ ਮੈਂਬਰਾਂ ਨੂੰ ਇਜ਼ਰਾਈਲ-ਗਾਜ਼ਾ ਸੰਘਰਸ਼ ਦੇ ਸਬੰਧ ਵਿਚ ਹਾਊਸ ਆਫ ਕਾਮਨਜ਼ ਵਿਚ ਉਨ੍ਹਾਂ ਦੇ ਵੋਟ ਪਾਉਣ ਦੇ ਇਰਾਦਿਆਂ ਸਬੰਧੀ ਸੁਰੱਖਿਆ ਖ਼ਤਰਿਆਂ ਦਾ ਸਾਹਮਣਾ ਕਰਨ ਦੀਆਂ ਖ਼ਬਰਾਂ ਵਿਚਕਾਰ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਰਾਜਨੀਤੀ ਵਿਚ ਵਧ ਰਹੇ ‘ਜ਼ਹਿਰੀਲੇ’ ਸੱਭਿਆਚਾਰ ਖ਼ਿਲਾਫ਼ ਚਿਤਾਵਨੀ ਦਿੱਤੀ ਹੈ। 43 ਸਾਲਾ ਬ੍ਰਿਟਿਸ਼ ਭਾਰਤੀ ਨੇਤਾ ਸੁਨਕ ਨੇ ਸ਼ਨੀਵਾਰ ਨੂੰ ਇੱਕ ਬਿਆਨ ਜਾਰੀ ਕਰ ਉਨ੍ਹਾਂ ਕੱਟੜਪੰਥੀਆਂ ਦੀ ਨਿੰਦਾ ਕੀਤੀ ਜਿਨ੍ਹਾਂ ਨੇ ਅੱਤਵਾਦ ਦੀ ਵਡਿਆਈ ਕਰਨ ਲਈ ਦੇਸ਼ ਦੇ ਸੜਕੀ ਪ੍ਰਦਰਸ਼ਨਾਂ ਨੂੰ “ਹਾਈਜੈਕ” ਕੀਤਾ। ਇਹ ਬਿਆਨ ਉਦੋਂ ਜਾਰੀ ਕੀਤਾ ਗਿਆ ਹੈ, ਜਦੋਂ ‘ਦਿ ਸੰਡੇ ਟਾਈਮਜ਼’ ਅਖ਼ਬਾਰ ਦੀ ਇਕ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਕਿ 3 ਅਣਪਛਾਤੀ ਮਹਿਲਾ ਸੰਸਦ ਮੈਂਬਰਾਂ ਨੂੰ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਦੇ ਮੱਦੇਨਜ਼ਰ ਵਾਧੂ ਸੁਰੱਖਿਆ ਪ੍ਰਦਾਨ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ।

ਸੁਨਕ ਨੇ ਆਪਣੇ ਬਿਆਨ ਵਿੱਚ ਕਿਹਾ, “7 ਅਕਤੂਬਰ 2023 ਨੂੰ ਹਮਾਸ ਦੇ ਹਮਲਿਆਂ ਤੋਂ ਬਾਅਦ ਪੱਖਪਾਤ ਅਤੇ ਯਹੂਦੀ ਵਿਰੋਧੀ ਭਾਵਨਾ ਦਾ ਵਿਆਪਕ ਪ੍ਰਕੋਪ ਅਸਵੀਕਾਰਨਯੋਗ ਹੈ। ਸਿੱਧੇ ਸ਼ਬਦਾਂ ਵਿਚ ਕਹੀਏ ਤਾਂ ਯਹੂਦੀ ਵਿਰੋਧੀ ਭਾਵਨਾ ਹੀ ਨਸਲਵਾਦ ਹੈ।” ਉਨ੍ਹਾਂ ਨੇ ਹਾਲ ਵਿਚ ਵੈਸਟਮਿੰਸਟਰ ਮਹਿਲ ‘ਤੇ ਇਕ ਹਮਲਾਵਰ ‘ਪ੍ਰੋਜੈਕਸ਼ਨ’ (ਚਿੱਤਰਕਾਰੀ) ਦੇ ਸੰਦਰਭ ਵਿੱਚ ਕਿਹਾ ਕਿ ਅੱਤਵਾਦ ਨੂੰ ਉਤਸ਼ਾਹਿਤ ਕਰਨ ਅਤੇ ਉਸ ਦੀ ਵਡਿਆਈ ਕਰਨ ਲਈ ਕੱਟੜਪੰਥੀਆਂ ਵੱਲੋਂ ਜਾਇਜ਼ ਵਿਰੋਧ ਪ੍ਰਦਰਸ਼ਨਾਂ ਨੂੰ ‘ਹਾਈਜੈਕ’ ਕੀਤਾ ਗਿਆ, ਚੁਣੇ ਹੋਏ ਨੁਮਾਇੰਦਿਆਂ ਨੂੰ ਜ਼ਬਾਨੀ ਡਰਾਇਆ-ਧਮਕਾਇਆ ਗਿਆ ਹੈ ਅਤੇ ਸਰੀਰਕ ਤੌਰ ‘ਤੇ, ਹਿੰਸਕ ਤੌਰ ‘ਤੇ ਨਿਸ਼ਾਨਾ ਬਣਾਇਆ ਗਿਆ ਹੈ ਅਤੇ ਸਾਡੀ ਆਪਣੀ ਸੰਸਦ ਦੀ ਇਮਾਰਤ ‘ਤੇ ਯਹੂਦੀ ਵਿਰੋਧੀ ਪੇਂਟਿੰਗ ਕੀਤੀ ਗਈ ਹੈ।

ਉਨ੍ਹਾਂ ਨੇ ਪਿਛਲੇ ਹਫਤੇ ਗਾਜ਼ਾ ‘ਚ ਜੰਗਬੰਦੀ ‘ਤੇ ਸੰਸਦ ਦੀ ਵੋਟਿੰਗ ਦੌਰਾਨ ਹਫੜਾ-ਦਫੜੀ ਵਾਲੇ ਦ੍ਰਿਸ਼ਾਂ ਦੇ ਸੰਦਰਭ ‘ਚ ਕਿਹਾ, ‘ਅਤੇ ਇਸ ਹਫ਼ਤੇ ਸੰਸਦ ਵਿੱਚ ਇੱਕ ਬਹੁਤ ਖ਼ਤਰਨਾਕ ਸੰਕੇਤ ਦਿੱਤਾ ਗਿਆ ਕਿ ਇਸ ਤਰ੍ਹਾਂ ਦੀ ਧਮਕੀ ਕੰਮ ਕਰਦੀ ਹੈ। ਇਹ ਸਾਡੇ ਸਮਾਜ ਅਤੇ ਸਾਡੀ ਰਾਜਨੀਤੀ ਲਈ ਜ਼ਹਿਰੀਲੀ ਹੈ ਅਤੇ ਇਹ ਉਨ੍ਹਾਂ ਆਜ਼ਾਦੀਆਂ ਅਤੇ ਕਦਰਾਂ-ਕੀਮਤਾਂ ਦਾ ਅਪਮਾਨ ਹੈ ਜਿਨ੍ਹਾਂ ਨੂੰ ਅਸੀਂ ਇੱਥੇ ਬ੍ਰਿਟੇਨ ਵਿੱਚ ਪਿਆਰ ਕਰਦੇ ਹਾਂ।” ਉਨ੍ਹਾਂ ਨੇ ਖਾਸ ਤੌਰ ‘ਤੇ ਕੁਝ ਵੀ ਜ਼ਿਕਰ ਨਹੀਂ ਕੀਤਾ ਪਰ ਉਨ੍ਹਾਂ ਇਹ ਟਿੱਪਣੀ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਵੱਲੋਂ ਪਾਰਟੀ ਦੇ ਸੰਸਦ ਮੈਂਬਰ ਲੀ ਐਂਡਰਸਨ ਨੂੰ ਮੁਅੱਤਲ ਕਰਨ ਤੋਂ ਤੁਰੰਤ ਬਾਅਦ ਆਈ ਹੈ। ਐਂਡਰਸਨ ਨੇ ਇਕ ਇੰਟਰਵਿਊ ‘ਚ ਦਾਅਵਾ ਕੀਤਾ ਕਿ ਪਾਕਿਸਤਾਨੀ ਮੂਲ ਦੇ ਲੰਡਨ ਦੇ ਮੇਅਰ ਸਾਦਿਕ ਖਾਨ ‘ਇਸਲਾਮਿਕ ਲੋਕਾਂ’ ਦੇ ਕੰਟਰੋਲ ‘ਚ ਸਨ। ਵਿਰੋਧੀ ਧਿਰ ਨੇ ਇਨ੍ਹਾਂ ਟਿੱਪਣੀਆਂ ‘ਤੇ ਕਾਰਵਾਈ ਦੀ ਮੰਗ ਕੀਤੀ ਸੀ। ਲੇਬਰ ਪਾਰਟੀ ਦੇ ਨੇਤਾ ਕੀਰ ਸਟਾਰਮਰ ਨੇ ਟਿੱਪਣੀਆਂ ਨੂੰ “ਨਸਲਵਾਦੀ ਅਤੇ ਇਸਲਾਮੋਫੋਬਿਕ” ਦੱਸਿਆ ਹੈ।

Add a Comment

Your email address will not be published. Required fields are marked *