ਗੱਡੀ ਚਲਾਉਂਦੇ ਸਮੇਂ ਸੀਟ ਬੈਲਟ ਨਾ ਲਾਉਣ ‘ਤੇ ਪੁਲਸ ਨੇ ਗੋਲ਼ੀਆਂ ਮਾਰ ਕੇ ਭੁੰਨ’ਤਾ ਨੌਜਵਾਨ

ਨਿਊਯਾਰਕ – ਅਮਰੀਕਾ ਦੇ ਸ਼ਿਕਾਗੋ ‘ਚ ਪੁਲਸ ਨੇ ਸੀਟ ਬੈਲਟ ਨਾ ਲਾਉਣ ਕਾਰਨ ਇਕ ਵਿਅਕਤੀ ‘ਤੇ ਗੋਲੀਆਂ ਦਾ ਮੀਂਹ ਵਰ੍ਹਾ ਕੇ ਮੌਤ ਦੇ ਘਾਟ ਉਤਾਰ ਦਿੱਤਾ। ਜਿਸ ਕਾਰ ਵਿਚ ਉਹ ਸਫਰ ਕਰ ਰਿਹਾ ਸੀ, ਉਸ ‘ਤੇ 41 ਸਕਿੰਟਾਂ ਵਿਚ 100 ਗੋਲੀਆਂ ਚਲਾਈਆਂ ਗਈਆਂ। ਸਿੱਟੇ ਵਜੋਂ ਰੀਡ ਨਾਂ ਦੇ ਨੌਜਵਾਨ ਦੀ ਮੌਤ ਹੋ ਗਈ ਹੈ।

ਵਾਇਰਲ ਹੋ ਰਹੀ ਵੀਡੀਓ ਦੇ ਅਨੁਸਾਰ, ਸਿਰਫ 41 ਸਕਿੰਟਾਂ ਵਿੱਚ ਉਸ ਦੀ ਕਾਰ ‘ਤੇ 100 ਗੋਲੀਆਂ ਚਲਾਈਆਂ ਗਈਆਂ। ਰੀਡ ਨਾਂ ਦੇ 26 ਸਾਲਾ ਵਿਅਕਤੀ ਦੀ ਪੁਲਸ  ਦੀ ਗੋਲੀਬਾਰੀ ਵਿਚ ਮੌਤ ਹੋ ਗਈ, ਜਦਕਿ ਇੱਕ ਪੁਲਸ  ਮੁਲਾਜ਼ਮ ਵੀ ਜ਼ਖ਼ਮੀ ਹੋ ਗਿਆ। ਇਹ ਘਟਨਾ ਮਾਰਚ ਮਹੀਨੇ ਅਮਰੀਕਾ ਦੇ ਸ਼ਿਕਾਗੋ ‘ਚ ਵਾਪਰੀ ਸੀ ਅਤੇ ਇਸ ਨਾਲ ਜੁੜੀ ਵੀਡੀਓ ਹਾਲ ਹੀ ‘ਚ ਹੁਣ  ਸਾਹਮਣੇ ਆਈ ਹੈ।

ਇਕ ਪੁਲਸ  ਵਾਹਨ ਵਿੱਚ ਪੰਜ ਪੁਲਸ  ਅਧਿਕਾਰੀਆਂ ਨੇ ਡੇਕਸਟਰ ਰੀਡ ਨਾਮੀ ਵਿਅਕਤੀ ਦੁਆਰਾ ਚਲਾਈ ਜਾ ਰਹੀ ਐੱਸ.ਯੂ.ਵੀ. ਨੂੰ ਘੇਰ ਲਿਆ, ਜਿਸ ਨੇ ਸੀਟਬੈਲਟ ਨਹੀਂ ਲਗਾਈ ਹੋਈ ਸੀ। ਫਿਰ ਰੀਡ ਨੇ ਕਾਰ ਦੀ ਖਿੜਕੀ ਵੀ ਨਹੀਂ ਖੋਲ੍ਹੀ। ਹੋਰ ਅਧਿਕਾਰੀ ਆਉਣ ‘ਤੇ ਉਸ ਨੇ ਕਾਰ ਤੋਂ ਬਾਹਰ ਆਉਣ ਤੋਂ ਇਨਕਾਰ ਕਰ ਦਿੱਤਾ। ਦੋਸ਼ ਹੈ ਕਿ ਪੁਲਸ  ਨੇ ਰੀਡ ਦੀ ਗੋਲੀ ਮਾਰ ਕੇ ਉਸ ਮਾਰ ਸੁੱਟਿਆ ਸੀ। 

ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਰੀਡ ਨੇ ਪਹਿਲਾਂ ਪੁਲਸ  ‘ਤੇ ਗੋਲੀ ਚਲਾਈ ਸੀ, ਇਸ ਤੋਂ ਬਾਅਦ ਪੁਲਸ  ਨੇ ਕਾਰਵਾਈ ਕੀਤੀ। ਪੁਲਸ ਨੇ ਦੱਸਿਆ ਕਿ ਸ਼ਿਕਾਗੋ ਦੇ ਹਮਬੋਲਟ ਪਾਰਕ ਇਲਾਕੇ ਵਿੱਚ ਰੀਡ ਦੁਆਰਾ ਗੋਲੀਬਾਰੀ ਵਿੱਚ ਇੱਕ ਪੁਲਸ ਅਧਿਕਾਰੀ ਜ਼ਖਮੀ ਹੋ ਗਿਆ। ਉਸ ਨੇ ਕਿਹਾ ਕਿ ਬਾਕੀ ਚਾਰ ਅਧਿਕਾਰੀਆਂ ਨੇ ਫਿਰ ਰੀਡ ‘ਤੇ ਗੋਲੀਬਾਰੀ ਕੀਤੀ। ਪੁਲਸ  ਸੁਪਰਡੈਂਟ ਲੈਰੀ ਸਨੇਲਿੰਗ ਨੇ ਕਿਹਾ ਕਿ 21 ਮਾਰਚ ਨੂੰ ਪੁਲਸ ਅਤੇ ਰੀਡ ਵਿਚਕਾਰ ਝਗੜਾ ਹੋਇਆ ਸੀ।

ਰੀਡ ਦੇ ਵਕੀਲਾਂ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੀ ਗਈ ਗੋਲੀਬਾਰੀ ਦੀ ਵੀਡੀਓ ਦੇਖ ਕੇ ਰੀਡ ਦੇ ਪਰਿਵਾਰਕ ਮੈਂਬਰਾਂ ਨੇ ਦੁੱਖ ਪ੍ਰਗਟਾਇਆ। ਰੀਡ ਦੇ ਅਟਾਰਨੀ ਐਂਡਰਿਊ ਐਮ. ਸਟ੍ਰੋਥ ਨੇ ਕਿਹਾ ਕਿ ਰੀਡ ਦਾ ਪਰਿਵਾਰ ਵੀਡੀਓ ਦੇਖ ਕੇ “ਤਬਾਹ” ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਰੀਡ ‘ਤੇ ਗੋਲੀ ਚਲਾਉਣ ਵਾਲਿਆਂ ‘ਤੇ ਕਦੇ ਵੀ ਪੁਲਸ ਨੇ ਕਾਰਵਾਈ ਨਹੀਂ ਕੀਤੀ। ਉਮੀਦ ਹੈ ਕਿ ਇਸ ਮਾਮਲੇ ਦੀ ਜਾਂਚ ਜਲਦੀ ਹੋ ਜਾਵੇਗੀ। 

ਵਕੀਲਾਂ ਨੇ ਕਿਹਾ ਕਿ ਰੀਡ ਨੂੰ ਵਾਪਸ ਨਹੀਂ ਲਿਆਂਦਾ ਜਾ ਸਕਦਾ ਅਤੇ ਉਹ ਕਿਸੇ ਹੋਰ ਪਰਿਵਾਰ ਨਾਲ ਅਜਿਹਾ ਹੋਣ ਤੋਂ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਰੀਡ ਦੀ ਭੈਣ ਪੋਰਬਾਸਾ ਬੈਂਕਸ ਨੇ ਭਿੱਜੀਆਂ ਅੱਖਾਂ ਨਾਲ ਪੱਤਰਕਾਰਾਂ ਨੂੰ ਦੱਸਿਆ, “ਮੈਂ ਅਤੇ ਮੇਰਾ ਪਰਿਵਾਰ ਜਿਸ ਦਰਦ ਵਿੱਚੋਂ ਗੁਜ਼ਰ ਰਹੇ ਹਾਂ, ਉਹ ਦੱਸਿਆ ਨਹੀਂ ਜਾ ਸਕਦਾ। ਰੀਡ ਸਾਡੇ ਪਰਿਵਾਰ ਲਈ ਬਹੁਤ ਮਹੱਤਵਪੂਰਨ ਵਿਅਕਤੀ ਸੀ।” 

ਪੁਲਸ ਬੁਲਾਰੇ ਥਾਮਸ ਅਹਰਨ ਨੇ ਕਿਹਾ ਕਿ ਪੁਲਸ ਵਿਭਾਗ ਰੀਡ ਦੀ ਮੌਤ ਦੀ ਜਾਂਚ ਵਿੱਚ ਸਹਿਯੋਗ ਕਰੇਗਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਜਾਂਚ ਵਿੱਚ ਤੱਥ ਸਾਹਮਣੇ ਨਹੀਂ ਆ ਜਾਂਦੇ ਉਦੋਂ ਤੱਕ ਕੋਈ ਫੈਸਲਾ ਨਹੀਂ ਲਿਆ ਜਾ ਸਕਦਾ। ਹਾਲਾਂਕਿ, ਵੀਡੀਓ ਵਿੱਚ ਰੀਡ ਨੂੰ ਪੁਲਸ ‘ਤੇ ਗੋਲੀਬਾਰੀ ਕਰਦੇ ਨਹੀਂ ਦਿਖਾਇਆ ਗਿਆ ਹੈ। ਇਹ ਸਪੱਸ਼ਟ ਸੀ ਕਿ ਪੁਲਸ ਨੇ ਰੀਡ ਦੀ ਗੱਡੀ ਤੋਂ ਬੰਦੂਕ ਬਰਾਮਦ ਕੀਤੀ ਸੀ। ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਰੀਡ ਦੀ ਗੱਡੀ ਨੂੰ ਦਰਜਨਾਂ ਗੋਲੀਆਂ ਲੱਗੀਆਂ।

Add a Comment

Your email address will not be published. Required fields are marked *