ਕਿਸਾਨ ਅੰਦੋਲਨ 2.0: ਅੱਜ ਟਰੈਕਟਰ ਮਾਰਚ ਕੱਢਣਗੇ ਕਿਸਾਨ

ਨਵੀਂ ਦਿੱਲੀ- ਕਿਸਾਨ ਅੰਦੋਲਨ 2.0 ਦਾ ਅੱਜ 14ਵਾਂ ਦਿਨ ਹੈ। ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਅਜੇ ਵੀ ਸ਼ੰਭੂ ਬਾਰਡਰ ‘ਤੇ ਡਟੇ ਹੋਏ ਹਨ। ਕਿਸਾਨ ਦਿੱਲੀ ਜਾਣ ਦੀ ਜ਼ਿੱਦ ‘ਤੇ ਅੜੇ ਹੋਏ ਹਨ। ਕਿਸਾਨਾਂ ਆਗੂਆਂ ਦਾ ਕਹਿਣਾ ਹੈ ਕਿ ਉਹ ਇਸ ਵਾਰ ਆਪਣੀ ਮੰਗ ਪੂਰੀ ਕਰਵਾਏ ਬਿਨਾਂ ਪਿੱਛੇ ਨਹੀਂ ਹੱਟਣ ਵਾਲੇ ਹਨ। MSP ਸਮੇਤ ਹੋਰ ਮੰਗਾਂ ਨੂੰ ਲੈ ਕੇ ਕਿਸਾਨ 26 ਫਰਵਰੀ ਯਾਨੀ ਕਿ ਅੱਜ ਟਰੈਕਟਰ ਮਾਰਚ ਕੱਢਣ ਵਾਲੇ ਹਨ। ਭਾਰਤੀ ਕਿਸਾਨ ਯੂਨੀਅਨ ਅਤੇ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਵਿਚ ਕਿਸਾਨ ਯਮੁਨਾ ਐਕਸਪ੍ਰੈੱਸਵੇਅ ਦੇ ਰਸਤਿਓਂ ਦਿੱਲੀ ਵੱਲ ਟਰੈਕਟਰ ਮਾਰਚ ਕੱਢਣਗੇ। 

ਟਰੈਕਟਰ ਮਾਰਚ ਦੇ ਸਹਾਰੇ ਕਿਸਾਨ ਜਥੇਬੰਦੀਆਂ ਆਪਣੀ ਤਾਕਤ ਵਿਖਾਉਣਗੀਆਂ। ਦੱਸ ਦੇਈਏ ਕਿ ਇਸ ਅੰਦੋਲਨ ਵਿਚ ਕਈ ਕਿਸਾਨਾਂ ਅਤੇ ਸੁਰੱਖਿਆ ਫੋਰਸ ਦੇ ਜਵਾਨਾਂ ਦੀ ਮੌਤ ਹੋ ਚੁੱਕੀ ਹੈ। ਕਿਸਾਨਾਂ ਨੇ 29 ਫਰਵਰੀ ਤੱਕ ਦਿੱਲੀ ਕੂਚ ਰੋਕ ਦਿੱਤਾ ਹੈ। ਓਧਰ ਕਿਸਾਨਾਂ ਨੂੰ ਦਿੱਲੀ ਆਉਣ ਤੋਂ ਰੋਕਣ ਲਈ ਪੁਲਸ ਅਤੇ ਅਰਧ ਸੈਨਿਕ ਬਲਾਂ ਨੇ ਸਰਹੱਦਾਂ ਨੂੰ ਸੀਲ ਕਰ ਦਿੱਤਾ ਹੈ। ਹਰਿਆਣਾ ਅਤੇ ਪੰਜਾਬ ਦੀਆਂ ਸਰਹੱਦਾਂ ‘ਤੇ ਦੋ ਹਫ਼ਤਿਆਂ ਤੋਂ ਸੁਰੱਖਿਆ ਬਲਾਂ ਅਤੇ ਕਿਸਾਨਾਂ ਵਿਚਾਲੇ ਝੜਪਾਂ ਜਾਰੀ ਹਨ। ਕਿਸਾਨ ਆਗੂਆਂ ਅਤੇ ਸਰਕਾਰ ਦਰਮਿਆਨ 4 ਦੌਰ ਦੀ ਗੱਲਬਾਤ ਹੋ ਚੁੱਕੀ ਹੈ ਪਰ ਕੋਈ ਹੱਲ ਨਹੀਂ ਨਿਕਲਿਆ। 

ਕਿਸਾਨ ਜੱਥੇਬੰਦੀਆਂ ਦੇ ਇਕ ਆਗੂ ਨੇ ਦੱਸਿਆ ਕਿ ਦਿੱਲੀ-ਦੇਹਰਾਦੂਨ ਨੈਸ਼ਨਲ ਹਾਈਵੇਅ ਦੀ ਲੈਫਟ ਹੈਂਡ ਦੀ ਇਕ ਲੇਨ ਵਿਚ ਟਰੈਕਟਰ ਖੜ੍ਹੇ ਕੀਤੇ ਜਾਣਗੇ। ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਦਿੱਲੀ-ਦੇਹਰਾਦੂਨ ਨੈਸ਼ਨਲ ਹਾਈਵੇਅ ‘ਤੇ ਕਿਸਾਨਾਂ ਦਾ ਕਬਜ਼ਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਨਾਲ ਵਾਅਦਾ ਖਿਲਾਫੀ ਕੀਤੀ ਹੈ। ਹੁਣ ਕਿਸਾਨ ਵੀ ਆਰ-ਪਾਰ ਦੀ ਲੜਾਈ ਲੜੇਗਾ। ਭਾਰਤੀ ਕਿਸਾਨ ਯੂਨੀਅਨ ਨੇ ਦਾਅਵਾ ਕੀਤਾ ਹੈ ਕਿ ਇਹ ਟਰੈਕਟਰ ਮਾਰਚ ਸ਼ਾਂਤਮਈ ਢੰਗ ਨਾਲ ਕੱਢਿਆ ਜਾਵੇਗਾ। ਸਾਡੇ ਟਰੈਕਟਰ ਮਾਰਚ ਨਾਲ ਆਵਾਜਾਈ ਪ੍ਰਭਾਵਿਤ ਨਹੀਂ ਹੋਵੇਗੀ।

Add a Comment

Your email address will not be published. Required fields are marked *