ਸ਼ਭਕਰਨ ਦੀ ਮ੍ਰਿਤਕ ਦੇਹ ਦੀ ਰਾਖੀ ਲਈ ਲਾਇਆ ਸਖ਼ਤ ਪਹਿਰਾ

ਪਟਿਆਲਾ- ਖਨੌਰੀ ਬਾਰਡਰ ‘ਤੇ 21 ਫਰਵਰੀ ਨੂੰ ਹਰਿਆਣਾ ਪੁਲਸ ਵੱਲੋਂ ਕਿਸਾਨਾਂ ਖ਼ਿਲਾਫ਼ ਕੀਤੀ ਗਈ ਗੋਲ਼ੀਬਾਰੀ ਦੌਰਾਨ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਹੋ ਗਈ। ਕਿਸਾਨ ਜਥੇਬੰਦੀਆਂ ਇਸ ਗੱਲ ’ਤੇ ਅੜੀਆਂ ਹੋਈਆਂ ਹਨ ਕਿ ਸ਼ੁਭਕਰਨ ਨੂੰ ਮਾਰਨ ਵਾਲੇ ਹਰਿਆਣਾ ਪੁਲਸ ਦੇ ਦੋਸ਼ੀਆਂ ’ਤੇ 302 ਦਾ ਕੇਸ ਦਰਜ ਕੀਤਾ ਜਾਵੇ। ਓਧਰ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਕਿਸਾਨ ਸ਼ੁਭਕਰਨ ਦੀ ਮ੍ਰਿਤਕ ਦੇਹ ਪਈ ਹੈ, ਜਿਸ ਨੂੰ ਲੈ ਕੇ ਮਾਹੌਲ ਗਰਮਾਇਆ ਹੋਇਆ ਹੈ। 

ਕਿਸਾਨਾਂ ਵਲੋਂ ਸ਼ੁਭਕਰਨ ਦੀ ਮ੍ਰਿਤਕ ਦੇਹ ਦੀ ਰਾਖੀ ਲਈ ਰਾਜਿੰਦਰਾ ਹਸਪਤਾਲ ਦੇ ਬਾਹਰ ਪਹਿਰਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਇੱਥੋ ਹਿੱਲਾਂਗੇ ਨਹੀਂ, ਸਾਨੂੰ ਡਰ ਹੈ ਕਿ ਸਰਕਾਰ ਦਬਾਅ ਪਾ ਕੇ ਕਿਤੇ ਕਿਸਾਨ ਦਾ ਪੋਸਟਮਾਰਟਮ ਨਾ ਕਰਵਾ ਦੇਵੇ। ਕਿਸਾਨ ਹਸਪਤਾਲ ਦੇ ਬਾਹਰ ਟਰਾਲੀਆਂ ਵਿਚ ਪਹੁੰਚੇ ਹਨ।  ਇਸ ਵੇਲੇ ਰਾਜਿੰਦਰਾ ਹਸਪਤਾਲ ’ਚ 100 ਦੇ ਕਰੀਬ ਕਿਸਾਨ ਮੌਜੂਦ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਹਸਪਤਾਲ ਦੇ ਬਾਹਰ 4 ਤੋਂ 5 ਕਿਸਾਨ ਰਹਿਣਗੇ, ਬਾਕੀ ਕਿਸਾਨ ਟਰਾਲੀਆਂ ‘ਚ ਬੈਠਣਗੇ। ਪੁਲਸ ਵੱਲੋਂ ਵੀ ਹਸਪਤਾਲ ਦੇ ਬਾਹਰ ਸਖਤ ਸੁਰੱਖਿਆ ਕੀਤੀ ਜਾ ਰਹੀ ਹੈ।

ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਨੂੰ ਇਨਸਾਫ਼ ਨਹੀਂ ਮਿਲਦਾ, ਉਦੋਂ ਤੱਕ ਅਸੀਂ ਇੱਥੋਂ ਨਹੀਂ ਜਾਵਾਂਗੇ। ਜਦੋਂ ਤੱਕ ਹਰਿਆਣਾ ਪੁਲਸ ‘ਤੇ ਪਰਚਾ ਨਹੀਂ ਹੋ ਜਾਂਦਾ, ਅਸੀਂ ਇੱਥੇ ਹੀ ਡਟੇ ਰਹਾਂਗੇ। ਸਰਕਾਰ ਸਾਡੇ ਨਾਲ ਬਹੁਤ ਧੱਕਾ ਕਰ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਖਨੌਰੀ ਬਾਰਡਰ ‘ਤੇ ਸ਼ਾਂਤੀਪੂਰਨ ਬੈਠੇ ਸੀ। ਇਸ ਦੌਰਾਨ ਪੁਲਸ ਵਲੋਂ ਹੰਝੂ ਗੈਸ ਦੇ ਗੋਲੇ ਦਾਗੇ ਗਏ, ਸਾਡੇ 25-30 ਟਰੈਕਟਰ ਭੰਨੇ। ਕਈ ਗੋਲੀਆਂ ਵਰ੍ਹਾਈਆਂ ਗਈਆਂ। ਇਕ ਗੋਲੀ ਸਾਡੇ ਬੱਚੇ (ਸ਼ੁਭਕਰਨ) ਦੇ ਸਿਰ ‘ਚ ਮਾਰੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਕਿਸਾਨਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਚਿਰ ਤੱਕ ਸਾਨੂੰ ਇਨਸਾਫ਼ ਨਹੀਂ ਮਿਲਦਾ, ਅਸੀਂ ਇੱਥੇ ਡਟ ਕੇ ਬੈਠੇ ਰਹਾਂਗੇ। ਸ਼ੁਭਕਰਨ ਦੀ ਮ੍ਰਿਤਕ ਦੇਹ ਪਈ ਹੋਣ ਕਰ ਕੇ ਸਾਨੂੰ ਇੱਥੇ ਆਉਣਾ ਪਿਆ ਹੈ, ਸਾਨੂੰ ਸਰਕਾਰ ਦੀਆਂ ਬੇਨਤੀਆਂ ‘ਤੇ ਕੋਈ ਭਰੋਸਾ ਨਹੀਂ ਰਿਹਾ। ਸਾਨੂੰ ਸਾਡੇ ਜਥੇਬੰਦੀ ਦਾ ਹੁਕਮ ਹੋਇਆ, ਇਸ ਕਾਰਨ ਸਾਨੂੰ ਇੱਥੇ ਬੈਠਣਾ ਪੈ ਰਿਹਾ ਹੈ। ਸਾਡੇ ਬੱਚੇ ਦੀ ਮ੍ਰਿਤਕ ਦੇਹ ਇੱਥੇ ਪਈ ਹੈ। ਅਸੀਂ ਸਾਫ਼ ਕਰ ਦੇਣਾ ਚਾਹੁੰਦੇ ਹਾਂ ਕਿ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ, ਅਸੀਂ ਇੱਥੇ ਬੈਠੇ ਰਹਾਂਗੇ।

Add a Comment

Your email address will not be published. Required fields are marked *