ਲੱਖਾਂ ਡਾਲਰ ਲਾ ਕੇ ਆਸਟ੍ਰੇਲੀਆ ਭੇਜੀ ਪਤਨੀ ਨੇ ਦਿਖਾਏ ਰੰਗ

ਮਾਛੀਵਾੜਾ ਸਾਹਿਬ : 1.07 ਲੱਖ ਡਾਲਰ ਖਰਚ ਕੇ ਆਸਟ੍ਰੇਲੀਆ ਭੇਜੀ ਪਤਨੀ ਆਪਣੇ ਪਤੀ ਨੂੰ ਪੀ.ਆਰ. ਕਰਵਾਉਣ ਤੋਂ ਮੁੱਕਰਨ ਦੇ ਕਥਿਤ ਦੋਸ਼ ਹੇਠ ਪਤਨੀ ਭਵਨੀਤ ਕੌਰ, ਸਹੁਰਾ ਗੁਰਮੀਤ ਸਿੰਘ ਅਤੇ ਸੱਸ ਧਰਮਵੀਰ ਕੌਰ ਵਾਸੀ ਖੰਨਾ ਖ਼ਿਲਾਫ਼ ਪੁਲਸ ਨੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਮਾਛੀਵਾੜਾ ਵਾਸੀ ਸੋਮ ਨਾਥ ਨੇ ਪੁਲਸ ਦੇ ਉੱਚ ਅਧਿਕਾਰੀਆਂ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਲੜਕਾ ਅਕਾਸ਼ ਕੰਪਿਊਟਰ ਰਿਪੇਅਰ ਦੀ ਦੁਕਾਨ ਕਰਦਾ ਸੀ, ਜਿਸ ਦੇ ਸਾਹਮਣੇ ਹੀ ਗੁਰਮੀਤ ਸਿੰਘ ਦਾ ਘਰ ਹੈ। 2017 ‘ਚ ਉਹ ਆਪਣੇ ਲੜਕੇ ਅਕਾਸ਼ ਲਈ ਲੜਕੀ ਦੀ ਭਾਲ ਕਰ ਰਿਹਾ ਸੀ ਕਿ ਗੁਰਮੀਤ ਸਿੰਘ ਨੇ ਮੈਨੂੰ ਮਿਲ ਕੇ ਕਿਹਾ ਕਿ ਉਸ ਦੀ ਲੜਕੀ ਭਵਨੀਤ ਕੌਰ +2 ਪਾਸ ਹੈ, ਜੋ ਆਈਲੈੱਟਸ ਕਰਕੇ ਵਿਦੇਸ਼ ਜਾਣਾ ਚਾਹੁੰਦੀ ਹੈ ਤੇ ਮੇਰੇ ਲੜਕੇ ਨੂੰ ਵੀ ਆਸਟ੍ਰੇਲੀਆ ਲਿਜਾ ਕੇ ਪੀ.ਆਰ. ਕਰਵਾ ਦੇਵੇਗੀ।

ਗੁਰਮੀਤ ਸਿੰਘ ਤੇ ਉਸ ਦੀ ਪਤਨੀ ਧਰਮਵੀਰ ਕੌਰ ਨੇ ਮੈਨੂੰ ਵਿਸ਼ਵਾਸ ਦਿਵਾਇਆ ਕਿ ਜੇਕਰ ਉਹ ਉਨ੍ਹਾਂ ਦੀ ਲੜਕੀ ਨੂੰ ਆਈਲੈੱਟਸ ਕਰਵਾ ਕੇ ਸਾਰਾ ਖਰਚ ਕਰ ਵਿਦੇਸ਼ ਭੇਜ ਦੇਵੇ ਤਾਂ ਉਹ ਬਾਅਦ ਵਿੱਚ ਅਕਾਸ਼ ਨੂੰ ਵੀ ਉੱਥੇ ਬੁਲਾ ਕੇ ਪੀ.ਆਰ. ਕਰਵਾ ਦੇਵੇਗੀ। 20-2-2017 ਨੂੰ ਦੋਵੇਂ ਪਰਿਵਾਰਕ ਮੈਂਬਰਾਂ ਵੱਲੋਂ ਅਕਾਸ਼ ਤੇ ਭਵਨੀਤ ਕੌਰ ਦਾ ਵਿਆਹ ਕਰ ਦਿੱਤਾ ਗਿਆ, ਜਿਸ ਦਾ ਸਾਰਾ ਖਰਚ ਵੀ ਲੜਕਾ ਪਰਿਵਾਰ ਨੇ ਅਦਾ ਕੀਤਾ। ਬਿਆਨਕਰਤਾ ਸੋਮ ਨਾਥ ਅਨੁਸਾਰ ਉਨ੍ਹਾਂ ਦੀ ਨੂੰਹ ਭਵਨੀਤ ਕੌਰ ਨੇ 3 ਵਾਰ ਆਈਲੈੱਟਸ ਕੀਤੀ ਅਤੇ ਫਿਰ ਕਾਲਜ ਫ਼ੀਸ, ਟਿਕਟ ਤੇ ਸ਼ਾਪਿੰਗ ਲਈ ਲੱਖਾਂ ਰੁਪਏ ਖਰਚ ਕੀਤਾ, ਜਿਸ ਤੋਂ ਬਾਅਦ ਉਹ ਆਸਟ੍ਰੇਲੀਆ ਚਲੀ ਗਈ। ਵਿਦੇਸ਼ ਜਾਣ ਵਾਲੇ ਦਿਨ ਵੀ ਉਨ੍ਹਾਂ ਦੀ ਨੂੰਹ ਦੇ ਮਾਪਿਆਂ ਵੱਲੋਂ 15 ਹਜ਼ਾਰ ਡਾਲਰ ਖਰਚੇ ਲਈ ਮੰਗੇ ਕਿ ਉੱਥੇ ਜਾ ਕੇ ਇਸ ਨੂੰ ਜ਼ਰੂਰਤ ਪੈ ਸਕਦੀ ਹੈ, ਜੋ ਮੈਂ ਦੇ ਦਿੱਤੇ। ਮੇਰੇ ਪੁੱਤਰ ਦੇ ਸਹੁਰਾ ਪਰਿਵਾਰ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਜੇਕਰ ਉਨ੍ਹਾਂ ਦੀ ਧੀ ਅਕਾਸ਼ ਨੂੰ ਆਸਟ੍ਰੇਲੀਆ ਜਾ ਕੇ ਪੀ.ਆਰ. ਨਾ ਕਰਵਾ ਸਕੀ ਤਾਂ ਉਹ ਸਾਰੇ ਪੈਸੇ ਵਾਪਸ ਕਰ ਦੇਣਗੇ।

ਬਿਆਨਕਰਤਾ ਅਨੁਸਾਰ ਵਿਦੇਸ਼ ਜਾਣ ਤੋਂ ਬਾਅਦ ਭਵਨੀਤ ਕੌਰ ਨੇ ਆਪਣੇ ਪਤੀ ਨਾਲ ਗੱਲਬਾਤ ਕਰਨੀ ਵੀ ਘੱਟ ਕਰ ਦਿੱਤੀ ਅਤੇ ਆਸਟ੍ਰੇਲੀਆ ਬੁਲਾਉਣ ਲਈ ਟਾਲ-ਮਟੋਲ ਕਰਦੀ ਰਹੀ। ਸਾਲ-2021 ‘ਚ ਜਦੋਂ ਉਨ੍ਹਾਂ ਦੀ ਨੂੰਹ ਭਵਨੀਤ ਕੌਰ ਦੀ ਪੜ੍ਹਾਈ ਮੁਕੰਮਲ ਹੋ ਗਈ ਤਾਂ ਉਨ੍ਹਾਂ ਆਪਣੇ ਬੇਟੇ ਅਕਾਸ਼ ਨੂੰ ਵਿਦੇਸ਼ ਬੁਲਾਉਣ ਲਈ ਕਿਹਾ ਤਾਂ ਪਹਿਲਾਂ ਇਹ ਟਾਲ-ਮਟੋਲ ਕਰਦੀ ਰਹੀ ਅਤੇ ਫਿਰ ਉਸ ਨੂੰ ਬੜੀ ਮੁਸ਼ਕਿਲ ਨਾਲ ਵਿਦੇਸ਼ ਬੁਲਾਇਆ। ਜਦੋਂ ਉਨ੍ਹਾਂ ਦਾ ਬੇਟਾ ਵਿਦੇਸ਼ ਪਹੁੰਚ ਗਿਆ ਤਾਂ ਉੱਥੇ ਜਾ ਕੇ ਭਵਨੀਤ ਕੌਰ ਨੇ ਆਪਣੇ ਪਤੀ ਦਾ ਮੋਬਾਇਲ ਬਲਾਕ ਕਰਕੇ ਗੱਲਬਾਤ ਕਰਨੀ ਬੰਦ ਕਰ ਦਿੱਤੀ।

ਬਿਆਨਕਰਤਾ ਅਨੁਸਾਰ ਉਸ ਵੱਲੋਂ ਆਪਣੇ ਲੜਕੇ ਨੂੰ ਵਿਦੇਸ਼ ਭੇਜਣ ਲਈ ਵੱਖ-ਵੱਖ ਮਿਤੀਆਂ ਰਾਹੀਂ ਆਪਣੀ ਨੂੰਹ ਅਤੇ ਸਹੁਰਾ ਪਰਿਵਾਰ ਨੂੰ ਕਰੀਬ 1.07 ਲੱਖ ਡਾਲਰ ਅਤੇ 10 ਲੱਖ ਰੁਪਏ ਨਕਦ ਵੀ ਖਰਚਿਆ ਪਰ ਇਹ ਲੱਖਾਂ ਰੁਪਏ ਦੀ ਰਾਸ਼ੀ ਖਰਚਣ ਦੇ ਬਾਵਜੂਦ ਉਸ ਦੀ ਨੂੰਹ ਅਤੇ ਬੇਟੇ ਦੇ ਸਹੁਰਾ ਪਰਿਵਾਰ ਨੇ ਮਿਲ ਕੇ ਧੋਖਾਧੜੀ ਕੀਤੀ, ਜਿਸ ਕਾਰਨ ਉਸ ਦੇ ਪੁੱਤ ਨੂੰ ਆਸਟ੍ਰੇਲੀਆ ਦੀ ਪੀ.ਆਰ. ਨਾ ਮਿਲ ਸਕੀ। ਪੁਲਸ ਦੇ ਉੱਚ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਉਪਰੰਤ ਪਤਨੀ ਭਵਨੀਤ ਕੌਰ, ਸਹੁਰਾ ਗੁਰਮੀਤ ਸਿੰਘ ਤੇ ਸੱਸ ਧਰਮਵੀਰ ਕੌਰ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ। ਇਸ ਸਬੰਧੀ ਅਜੇ ਕੋਈ ਗ੍ਰਿਫ਼ਤਾਰੀ ਨਹੀਂ ਹੋਈ।

Add a Comment

Your email address will not be published. Required fields are marked *