ਸੰਸਥਾ ਆਰਚੀ ਨੇ ਧਰਨੇ ‘ਤੇ ਬੈਠੇ ਪੰਜਾਬੀ ਕਾਮਿਆਂ ਦੇ ਹੱਕ ‘ਚ ਮਨਾਇਆ ‘ਕਾਰਨੇਵਾਲੇ’

ਰੋਮ : ਪ੍ਰੋਸੂਸ ਮੀਟ ਦੀ ਫੈਕਟਰੀ ਵੇਸਕੋਵਾਤੋ, ਕਰੇਮੋਨਾ ਵਿਖੇ ਪਿਛਲੇ 117 ਦਿਨਾਂ ਤੋਂ ਧਰਨੇ ‘ਤੇ ਬੈਠੇ ਕੰਮ ਤੋਂ ਕੱਢੇ ਹੋਏ 60 ਪੰਜਾਬੀ ਕਾਮਿਆਂ ਦੀ ਆਵਾਜ਼ ਇਟਲੀ ਦੀ ਪਾਰਲੀਮੈਂਟ ਤੱਕ ਗੂੰਜ ਚੁੱਕੀ ਹੈ। ਪੰਜਾਬੀ ਅਤੇ ਭਾਰਤੀ ਭਾਈਚਾਰੇ ਦੇ ਨਾਲ-ਨਾਲ ਹੁਣ ਇਟਾਲੀਅਨ ਭਾਈਚਾਰਾ ਵੀ ਇਨ੍ਹਾਂ ਕਾਮਿਆਂ ਦੇ ਹੱਕ ਵਿੱਚ ਨਿਤਰ ਰਿਹਾ ਹੈ। ਇਟਾਲੀਅਨ ਸੰਸਥਾ ਆਰਚੀ ਵੱਲੋਂ 11 ਫਰਵਰੀ ਦਿਨ ਐਤਵਾਰ ਨੂੰ ਇਨ੍ਹਾਂ ਕਾਮਿਆਂ ਦੇ ਹੱਕ ਵਿੱਚ ਇੱਕ ਪ੍ਰੋਗਰਾਮ ਕੀਤਾ ਗਿਆ। ਜਿਸ ਵਿੱਚ ਹਰ ਸਾਲ ਕੱਢੇ ਜਾਂਦੇ ਕਾਰਨੇਵਾਲੇ ਦਾ ਰੂਟ ਬਦਲ ਕੇ ਇਸ ਵਾਰ ਵੀਆ ਮਾਲਟਾ ਤੋਂ ਹੜਤਾਲ ‘ਤੇ ਬੈਠੇ ਕਾਮਿਆਂ ਦੀ ਫੈਕਟਰੀ ਤੱਕ ਮਾਰਚ ਕੀਤਾ ਗਿਆ। 

ਬੱਚਿਆਂ ਤੋਂ ਇਲਾਵਾ ਇਟਾਲੀਅਨ ਭਾਈਚਾਰੇ ਨੇ ਵੀ ਇਨ੍ਹਾਂ ਕਾਮਿਆਂ ਦੇ ਹੱਕ ਵਿੱਚ ਏਕਤਾ ਦਾ ਸਬੂਤ ਦਿੰਦੇ ਹੋਏ ਭਾਰੀ ਗਿਣਤੀ ‘ਚ ਸ਼ਿਰਕਤ ਕੀਤੀ। ਬੱਚਿਆਂ ਨੇ ਫੈਕਟਰੀ ਦੇ ਸਾਹਮਣੇ ਪਹੁੰਚ ਕੇ ਕਾਰਨੇਵਾਲੇ ਮਨਾਇਆ ਗੀਤ ਗਾਏ ਅਤੇ ਸੰਸਥਾ ਵੱਲੋਂ ਸਾਰਿਆਂ ਲਈ ਖਾਣਾ ਤਿਆਰ ਕਰਕੇ ਵੀ ਵੰਡਿਆ ਗਿਆ। ਧਰਨੇ ‘ਤੇ ਬੈਠੇ ਵੀਰਾਂ ਵੱਲੋਂ ਪ੍ਰੈਸ ਕਲੱਬ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਹ ਦਿਨ ਉਨ੍ਹਾਂ ਲਈ ਬਹੁਤ ਹੀ ਵੱਡਾ ਦਿਨ ਹੈ। ਜਦੋਂ ਭਾਰਤੀ ਭਾਈਚਾਰੇ ਦੇ ਨਾਲ-ਨਾਲ ਇਟਾਲੀਅਨ ਭਾਈਚਾਰਾ ਵੀ ਉਨ੍ਹਾਂ ਦੇ ਹੱਕ ਵਿੱਚ ਨਿੱਤਰ ਆਇਆ ਹੈ ਅਤੇ ਉਨ੍ਹਾਂ ਨੇ ਇਸ ਤਿਉਹਾਰ ਨੂੰ ਸ਼ਹਿਰ ਦੇ ਸੈਂਟਰ ਵਿੱਚ ਮਨਾਉਣ ਦੀ ਬਜਾਏ ਧਰਨੇ ‘ਤੇ ਬੈਠੇ ਕਾਮਿਆਂ ਦੇ ਹੱਕ ਵਿੱਚ ਮਨਾ ਕੇ ਉਨ੍ਹਾਂ ਨੂੰ ਬਹੁਤ ਮਾਣ ਬਖਸ਼ਿਆ ਹੈ ਅਤੇ ਏਕਤਾ ਦਾ ਸਬੂਤ ਦਿੱਤਾ ਹੈ।

ਅੱਗੇ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਦੱਸਿਆ ਕਿ ਪਾਰਲੀਮੈਂਟ ਦੀ ਟੀਮ ਵੱਲੋਂ ਜਲਦੀ ਹੀ ਪਰੇਫੈਤੋ ਨਾਲ ਵੀ ਗੱਲ ਕੀਤੀ ਜਾਵੇਗੀ। ਉਨ੍ਹਾਂ ਵੱਲੋਂ 28 ਫਰਵਰੀ ਨੂੰ ਵੀ ਇੱਕ ਇਕੱਠ ਕੀਤਾ ਜਾਵੇਗਾ। ਜਿਸ ਵਿੱਚ ਇਟਲੀ ਦੀ ਮਸ਼ਹੂਰ ਹਸਤੀ ਜੈ਼ਰੋਕਲਕਾਰੇ ਵੱਲੋਂ ਵੀ ਹਾਜ਼ਰੀ ਭਰੀ ਜਾਵੇਗੀ। ਕਾਮਿਆਂ ਵੱਲੋਂ ਕਾਰਨੇਵਾਲੇ ਇਕੱਠ ਵਿੱਚ ਪਹੁੰਚਣ ‘ਤੇ ਸਾਰਿਆਂ ਦਾ ਦਿਲੋਂ ਧੰਨਵਾਦ ਕੀਤਾ ਗਿਆ। ਜੋ ਇਸ ਔਖੇ ਸਮੇਂ ਵਿੱਚ ਉਨ੍ਹਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਨ।

Add a Comment

Your email address will not be published. Required fields are marked *