ਕਿਸਾਨ ਅੱਜ 10 ਵਜੇ ਕਰਨਗੇ ‘ਦਿੱਲੀ ਕੂਚ’, ਕੌਮੀ ਰਾਜਧਾਨੀ ‘ਚ ਇਕ ਮਹੀਨੇ ਲਈ ਧਾਰਾ 144 ਲਾਗੂ

ਨਵੀਂ ਦਿੱਲੀ – ‘ਦਿੱਲੀ ਚਲੋ’ ਮਾਰਚ ਨੂੰ ਰੋਕਣ ਲਈ ਸੋਮਵਾਰ ਰਾਤ ਨੂੰ ਕੇਂਦਰੀ ਮੰਤਰੀਆਂ ਨਾਲ ਕਿਸਾਨ ਆਗੂਆਂ ਦੀ 5 ਘੰਟੇ ਤੋਂ ਵੱਧ ਚੱਲੀ ਮੀਟਿੰਗ ਬੇਸਿੱਟਾ ਰਹੀ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਸਾਨੂੰ ਨਹੀਂ ਲੱਗਦਾ ਕਿ ਸਰਕਾਰ ਸਾਡੀ ਕਿਸੇ ਵੀ ਮੰਗ ਪ੍ਰਤੀ ਗੰਭੀਰ ਹੈ। ਸਾਨੂੰ ਨਹੀਂ ਲੱਗਦਾ ਕਿ ਉਹ ਸਾਡੀਆਂ ਮੰਗਾਂ ਨੂੰ ਪੂਰਾ ਕਰਨਾ ਚਾਹੁੰਦੇ ਹਨ… ਅਸੀਂ ਮੰਗਲਵਾਰ ਸਵੇਰੇ 10 ਵਜੇ ਦਿੱਲੀ ਵੱਲ ਮਾਰਚ ਕਰਾਂਗੇ। ਉਥੇ ਹੀ ਦਿੱਲੀ ਪੁਲਸ ਨੇ ਕਿਸਾਨਾਂ ਦੇ ‘ਦਿੱਲੀ ਕੂਚ’ ਕਾਰਨ ਪੈਦਾ ਹੋਏ ਵਿਆਪਕ ਤਣਾਅ ਅਤੇ ‘ਸਮਾਜਿਕ ਅਸ਼ਾਂਤੀ’ ਨੂੰ ਧਿਆਨ ’ਚ ਰਖਦਿਆਂ ਕੌਮੀ ਰਾਜਧਾਨੀ ’ਚ ਧਾਰਾ 144 ਲਾਗੂ ਕਰ ਦਿੱਤੀ ਹੈ ਅਤੇ ਇਹ ਹੁਕਮ ਇਕ ਮਹੀਨੇ ਤੱਕ ਲਾਗੂ ਰਹੇਗਾ। ਦਿੱਲੀ ਪੁਲਸ ਦੇ ਕਮਿਸ਼ਨਰ ਸੰਜੇ ਅਰੋੜਾ ਵੱਲੋਂ ਸੋਮਵਾਰ ਜਾਰੀ ਹੁਕਮਾਂ ’ਚ ਕਿਸੇ ਵੀ ਤਰ੍ਹਾਂ ਦੀ ਰੈਲੀ ਜਾਂ ਜਲੂਸ ਕੱਢਣ ਅਤੇ ਸੜਕਾਂ ਤੇ ਰਸਤਿਆਂ ਨੂੰ ਰੋਕਣ ’ਤੇ ਪਾਬੰਦੀ ਲਾ ਦਿੱਤੀ ਗਈ ਹੈ।

ਵਾਹਨਾਂ ਨੂੰ ਸ਼ਹਿਰ ਵਿਚ ਦਾਖ਼ਲ ਹੋਣ ਤੋਂ ਰੋਕਣ ਲਈ, ਦਿੱਲੀ ਦੀਆਂ ਸਰਹੱਦਾਂ ‘ਤੇ ਕੰਕਰੀਟ ਅਤੇ ਲੋਹੇ ਦੇ ਬੈਰੀਕੇਡ ਲਗਾ ਕੇ ਕਿਲੇਬੰਦੀ ਕਰ ਦਿੱਤੀ ਗਈ ਹੈ। ਇਨ੍ਹਾਂ ਉਪਾਵਾਂ ਕਾਰਨ ਸੋਮਵਾਰ ਸਵੇਰੇ ਦਿੱਲੀ ਦੇ ਸਰਹੱਦੀ ਖੇਤਰਾਂ ਵਿੱਚ ਆਵਾਜਾਈ ਪ੍ਰਭਾਵਿਤ ਹੋਈ, ਜਿਸ ਨਾਲ ਯਾਤਰੀਆਂ ਨੂੰ ਅਸੁਵਿਧਾ ਹੋਈ। ਹਰਿਆਣਾ ਦੇ ਅਧਿਕਾਰੀਆਂ ਨੇ 13 ਫਰਵਰੀ ਨੂੰ ਕਿਸਾਨਾਂ ਦੇ ਪ੍ਰਸਤਾਵਿਤ ‘ਦਿੱਲੀ ਚਲੋ’ ਮਾਰਚ ਨੂੰ ਰੋਕਣ ਲਈ ਅੰਬਾਲਾ, ਜੀਂਦ, ਫਤਿਹਾਬਾਦ ਅਤੇ ਕੁਰੂਕਸ਼ੇਤਰ ‘ਚ ਕਈ ਥਾਵਾਂ ‘ਤੇ ਪੰਜਾਬ ਨਾਲ ਲੱਗਦੀ ਰਾਜ ਦੀ ਸਰਹੱਦ ‘ਤੇ ਕੰਕਰੀਟ ਦੇ ਬੈਰੀਅਰ, ਲੋਹੇ ਦੀਆਂ ਕਿੱਲਾਂ ਅਤੇ ਕੰਡਿਆਲੀ ਤਾਰ ਲਗਾ ਕੇ ਕਿਲੇਬੰਦੀ ਕਰ ਦਿੱਤੀ ਗਈ ਹੈ। ਹਰਿਆਣਾ ਸਰਕਾਰ ਨੇ ਵੀ ਫ਼ੌਜਦਾਰੀ ਜ਼ਾਬਤਾ (ਸੀ.ਆਰ.ਪੀ.ਸੀ.) ਦੀ ਧਾਰਾ 144 ਤਹਿਤ 15 ਜ਼ਿਲ੍ਹਿਆਂ ਵਿੱਚ ਪਾਬੰਦੀਆਂ ਲਗਾਈਆਂ ਹਨ। ਇਨ੍ਹਾਂ ਜ਼ਿਲ੍ਹਿਆਂ ਵਿੱਚ ਪੰਜ ਜਾਂ ਪੰਜ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ‘ਤੇ ਪਾਬੰਦੀ ਹੈ ਅਤੇ ਕਿਸੇ ਵੀ ਤਰ੍ਹਾਂ ਦਾ ਪ੍ਰਦਰਸ਼ਨ ਕਰਨ ਜਾਂ ਟਰੈਕਟਰ-ਟਰਾਲੀ ਨਾਲ ਮਾਰਚ ਕਰਨ ‘ਤੇ ਪਾਬੰਦੀ ਹੈ।

Add a Comment

Your email address will not be published. Required fields are marked *