PM ਮੋਦੀ ਤੇ ਸਿੰਧੀਆ ਵਿਚਾਲੇ ਚੱਲੀ ਲੰਬੀ ਗੁਫ਼ਤਗੂ, ਹੋ ਸਕਦਾ ਹੈ ‘ਖੇਲਾ’

ਨਵੀਂ ਦਿੱਲੀ : ਮੱਧ ਪ੍ਰਦੇਸ਼ ਵਿਚ ਇਸ ਸਾਲ ਦੇ ਅਖੀਰ ਵਿਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਰਕਾਰ ਤੇ ਸੰਗਠਨ ਵਿਚ ਬਦਲਾਅ ਦੀਆਂ ਕਿਆਸਰਾਈਆਂ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਹਿਲੇ ਚੋਣ ਪ੍ਰੋਗਰਾਮ ਮਗਰੋਂ ਕੇਂਦਰੀ ਮੰਤਰੀ ਜਿਓਤੀਰਾਦਿੱਤਿਆ ਸਿੰਧੀਆ ਦੇ ਨਾਲ ਨੇੜਤਾ ਦੇ ਪ੍ਰਦਰਸ਼ਨ ਨਾਲ ਸੂਬੇ ਦੇ ਤਮਾਮ ਭਾਜਪਾ ਆਗੂਆਂ ਦੇ ਪਸੀਨੇ ਛੁੱਟ ਗਏ ਹਨ। ਭੋਪਾਲ ਵਿਚ ਮੰਗਲਵਾਰ ਨੂੰ ਵੰਦੇ ਭਾਰਤ ਐਕਸਪ੍ਰੈੱਸ ਟਰੇਨਾਂ ਦੇ ਉਦਘਾਟਨ ਤੇ ਭਾਜਪਾ ਬੂਥ ਵਰਕਰਾਂ ਦੇ ਨਾਲ ਤਕਰੀਬਨ 3 ਘੰਟੇ ਦੇ ਪ੍ਰੋਗਰਾਮ ਮਗਰੋਂ ਪ੍ਰਧਾਨ ਮੰਤਰੀ ਮੋਦੀ ਦਾ ਸਿੰਧੀਆ ਦੇ ਨਾਲ ਗੁਫ਼ਤਗੂ ਕਰਨਾ ਤੇ ਫ਼ਿਰ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਵਿਮਾਨ ਰਾਹੀਂ ਦਿੱਲੀ ਪਰਤਨਾ, ਮੱਧ ਪ੍ਰਦੇਸ਼ ਭਾਜਪਾ ਦੇ ਉਨ੍ਹਾਂ ਆਗੂਆਂ ਲਈ ਸੁਨੇਹਾ ਦੇ ਗਿਆ ਜੋ ਦਿਨ ਰਾਤ ਸਿੰਧੀਆ ਨੂੰ ਨਜ਼ਰਅੰਦਾਜ਼ ਕਰਨ ਤੇ ਉਨ੍ਹਾਂ ਦੇ ਨਾਂ ਨੂੰ ਵਿਵਾਦਤ ਕਰਨ ਦੀਆਂ ਚਾਲਾਂ ਚੱਲਣ ‘ਚ ਲੱਗੇ ਹਨ।

ਪ੍ਰਧਾਨ ਮੰਤਰੀ ਦਾ ਮੱਧ ਪ੍ਰਦੇਸ਼ ਦੌਰਾ ਖ਼ਤਮ ਹੋਣ ਤੋਂ ਬਾਅਦ ਹੀ ਇਹ ਚਰਚਾ ਸੂਬੇ ਭਰ ‘ਚ ਭਾਜਪਾ ਹੀ ਨਹੀਂ ਕਾਂਗਰਸ ਦੇ ਵੱਡੇ ਨੇਤਾਵਾਂ ‘ਚ ਵੀ ਗਰਮ ਰਹੀ। ਦਰਅਸਲ, ਭੋਪਾਲ ਵਿਚ ਆਪਣੇ ਪ੍ਰੋਗਰਾਮ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਦਿੱਲੀ ਪਰਤਣ ਤੋਂ ਪਹਿਲਾਂ ਕੇਂਦਰੀ ਮੰਤਰੀ ਜਿਓਤੀਰਾਦਿੱਤਿਆ ਸਿੰਧੀਆ ਨਾਲ ਵੱਖ-ਵੱਖ ਮੁੱਦਿਆਂ ‘ਤੇ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ। ਅਚਾਨਕ ਹੋਈ ਗੱਲਬਾਤ ਵਿਚ ਪ੍ਰਧਾਨ ਮੰਤਰੀ ਨੇ ਸਿੰਧੀਆ ਨੂੰ ਆਪਣੇ ਨਾਲ ਦਿੱਲੀ ਵਾਪਸ ਜਾਣ ਲਈ ਕਿਹਾ। ਇਸ ‘ਤੇ ਸਿੰਧੀਆ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਜਹਾਜ਼ ‘ਚ ਸਵਾਰ ਹੋਏ। ਜ਼ਾਹਿਰ ਹੈ ਕਿ ਰਸਤੇ ਵਿਚ ਦੋਵਾਂ ਵਿਚਾਲੇ ਲੰਬੀ ਗੱਲਬਾਤ ਹੋਈ ਹੋਵੇਗੀ। ਮੱਧ ਪ੍ਰਦੇਸ਼ ਦੀਆਂ ਆਗਾਮੀ ਚੋਣਾਂ ਦੇ ਮੱਦੇਨਜ਼ਰ ਸਿੰਧੀਆ ਨੂੰ ਆਪਣੇ ਨਾਲ ਦਿੱਲੀ ਲਿਆਉਣਾ ਭੋਪਾਲ ਨੂੰ ਇਕ ਸਿਆਸੀ ਸੰਕੇਤ ਅਤੇ ਇੱਕ ਸੁਨੇਹਾ ਭੇਜਦਾ ਹੈ ਜੋ ਕਿ ਆਮ ਕਿਆਸਰਾਈਆਂ ਤੋਂ ਵੱਖਰਾ ਹੈ। 

ਸਿਆਸੀ ਪੰਡਤ ਵੀ ਇਹ ਨਜ਼ਾਰਾ ਹੈਰਾਨੀ ਨਾਲ ਵੇਖਦੇ ਰਹਿ ਗਏ। ਦਰਅਸਲ, ਮੱਧ ਪ੍ਰਦੇਸ਼ ਵਿਚ ਇਹ ਕਿਆਸਰਾਈਆਂ ਚੱਲ ਰਹੀਆਂ ਹਨ ਕਿ ਸਿੰਧੀਆ ਪੱਖੀ ਵਿਧਾਇਕਾਂ ਅਤੇ ਮੰਤਰੀਆਂ ਦੀਆਂ ਟਿਕਟਾਂ ਖ਼ਤਰੇ ਵਿਚ ਹਨ ਅਤੇ ਭਾਜਪਾ ਦੇ ਸਮਰਪਿਤ ਵਰਕਰ ਵੀ ਸਿੰਧੀਆ ਨੂੰ ਨਾਪਸੰਦ ਕਰਦੇ ਹਨ। ਪਰ, ਪ੍ਰਧਾਨ ਮੰਤਰੀ ਮੋਦੀ ਵਾਰ-ਵਾਰ ਮੱਧ ਪ੍ਰਦੇਸ਼ ਵੱਲ ਇਸ਼ਾਰਾ ਕਰ ਰਹੇ ਹਨ ਕਿ ਸਿੰਧੀਆ ਉਨ੍ਹਾਂ ਲਈ ਬਹੁਤ ਮਹੱਤਵਪੂਰਨ ਹਨ। ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਸਿੰਧੀਆ ਨੂੰ ਕਈ ਵਾਰ ਜਹਾਜ਼ ‘ਚ ਆਪਣੇ ਨਾਲ ਲੈ ਕੇ ਜਾ ਚੁੱਕੇ ਹਨ। ਇਹ ਵੀ ਸਪੱਸ਼ਟ ਹੋ ਗਿਆ ਹੈ ਕਿ ਭਾਜਪਾ ਦੀ ਕੌਮੀ ਲੀਡਰਸ਼ਿਪ ਅਤੇ ਰਾਸ਼ਟਰੀ ਸਵੈ ਸੇਵਕ ਸੰਘ ਦੀ ਸਿਖਰਲੀ ਲੀਡਰਸ਼ਿਪ ਵੀ ਸਿੰਧੀਆ ਦੇ ਨਾਲ ਬਹੁਤ ਮਜ਼ਬੂਤੀ ਨਾਲ ਖੜ੍ਹੀ ਹੈ।

ਸੂਤਰਾਂ ਦੀ ਮੰਨੀਏ ਤਾਂ ਸੂਬੇ ਦੀ ਮੌਜੂਦਾ ਲੀਡਰਸ਼ਿਪ ਦਾ ਅਕਸ ਖ਼ਰਾਬ ਹੋਇਆ ਹੈ ਅਤੇ ਕਾਂਗਰਸ, ਖ਼ਾਸਕਰ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਸਿਰਫ਼ ਨਾਰਾਜ਼ ਭਾਜਪਾ ਆਗੂਆਂ ਨਾਲ ਸੰਪਰਕ ਕਰਕੇ ਸਿੰਧੀਆ ਖ਼ਿਲਾਫ਼ ਮਾਹੌਲ ਬਣਾਉਣ ਵਿਚ ਲੱਗੀ ਹੋਈ ਹੈ। ਕਈ ਜ਼ਿਲ੍ਹਿਆਂ ਵਿਚ ਭਾਜਪਾ ਸਰਕਾਰ ਖ਼ਿਲਾਫ਼ ਸਥਾਨਕ ਆਗੂਆਂ ਦੀ ਅਸੰਤੋਖ ਨੂੰ ਸਿੰਧੀਆ ਦੇ ਵਿਰੋਧ ਵਿਚ ਬਦਲਣ ਦੀ ਸਾਜ਼ਿਸ਼ ਰਚਣ ਵਾਲੇ ਭਾਜਪਾ ਦੇ ਵੱਡੇ ਆਗੂ ਵੀ ਦਿਗਵਿਜੇ ਸਿੰਘ ਨਾਲ ਮਿਲੀਭੁਗਤ ਹਨ। ਅਜਿਹੇ ਸਮੇਂ ਵਿਚ ਭਾਜਪਾ ਦੇ ਚੋਟੀ ਦੇ ਨੇਤਾ ਪ੍ਰਧਾਨ ਮੰਤਰੀ ਮੋਦੀ ਦੇ ਸਿੰਧੀਆ ਦੇ ਨਾਲ ਹੋਣ ਦੇ ਸੰਕੇਤ ਨੇ ਇਕ ਵਾਰ ਫਿਰ ਸਪੱਸ਼ਟ ਕਰ ਦਿੱਤਾ ਹੈ ਕਿ ਮੋਦੀ ਸਿੰਧੀਆ ਦੇ ਵਿਰੋਧੀ ਧਿਰ ਦੀਆਂ ਸਾਜ਼ਿਸ਼ਾਂ ਅਤੇ ਧੜੇਬੰਦੀ ਦੀ ਅਸਲੀਅਤ ਨੂੰ ਜਾਣਦੇ ਹਨ ਅਤੇ ਉਨ੍ਹਾਂ ਲਈ ਅਜਿਹੀਆਂ ਸਾਜ਼ਿਸ਼ਾਂ ਦੀ ਕੋਈ ਮਹੱਤਤਾ ਨਹੀਂ ਹੈ। ਇਸ ਲਈ ਹੁਣ ਇਸ ‘ਤੇ ਰੋਕ ਲੱਗ ਜਾਣੀ ਚਾਹੀਦੀ ਹੈ ਅਤੇ ਸਾਰਿਆਂ ਨੂੰ ਇਕਜੁੱਟ ਹੋ ਕੇ ਵਿਧਾਨ ਸਭਾ ਚੋਣਾਂ ਜਿੱਤਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਦੌਰਾਨ ਭਾਰਤੀ ਜਨਤਾ ਪਾਰਟੀ, ਸੰਗਠਨ ਅਤੇ ਸਰਕਾਰ ‘ਚ ਵੱਡੇ ਪੱਧਰ ‘ਤੇ ਫੇਰਬਦਲ ਦੀਆਂ ਚਰਚਾਵਾਂ ਤੇਜ਼ ਹੋ ਗਈਆਂ ਹਨ। ਪਾਰਟੀ ਦੇ ਇਕ ਸੀਨੀਅਰ ਆਗੂ ਦੀ ਮੰਨੀਏ ਤਾਂ ਬਹੁਤ ਜਲਦੀ ਕਈ ਬਦਲਾਅ ਹੋਣ ਦੀ ਪ੍ਰਬਲ ਸੰਭਾਵਨਾ ਹੈ। ਇਸ ਵਿੱਚ ਚੋਣ ਵਾਲੇ ਰਾਜ ਵੀ ਸ਼ਾਮਲ ਹਨ।

Add a Comment

Your email address will not be published. Required fields are marked *