ਸੰਸਦ ਸੁਰੱਖਿਆ ਕੋਤਾਹੀ ਨੂੰ ਲੈ ਕੇ ਗ੍ਰਹਿ ਮੰਤਰਾਲੇ ਵੱਲੋਂ ਕਮੇਟੀ ਦਾ ਗਠਨ

ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰਾਲੇ ਨੇ ਲੋਕ ਸਭਾ ਸਕੱਤਰੇਤ ਦੀ ਬੇਨਤੀ ‘ਤੇ ਬੁੱਧਵਾਰ ਨੂੰ ਸੰਸਦ ਦੀ ਸੁਰੱਖਿਆ ‘ਚ ਕੋਤਾਹੀ ਦੀ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਕੇਂਦਰੀ ਰਿਜ਼ਰਵ ਪੁਲਸ ਬਲ (ਸੀ.ਆਰ.ਪੀ.ਐੱਫ.) ਦੇ ਡਾਇਰੈਕਟਰ ਜਨਰਲ ਅਨੀਸ਼ ਦਿਆਲ ਸਿੰਘ ਦੀ ਅਗਵਾਈ ਵਾਲੀ ਕਮੇਟੀ ਇਸ ਘਟਨਾ ਦੀ ਜਾਂਚ ਕਰੇਗੀ। ਉਨ੍ਹਾਂ ਕਿਹਾ ਕਿ ਕਮੇਟੀ ਵਿਚ ਹੋਰ ਸੁਰੱਖਿਆ ਏਜੰਸੀਆਂ ਦੇ ਮੈਂਬਰ ਅਤੇ ਮਾਹਿਰ ਵੀ ਸ਼ਾਮਲ ਹੋਣਗੇ।

ਕਮੇਟੀ ਸੰਸਦ ਦੀ ਸੁਰੱਖਿਆ ਵਿਚ ਕੋਤਾਹੀ ਦੇ ਕਾਰਨਾਂ ਦਾ ਪਤਾ ਲਗਾ ਕੇ ਕਾਰਵਾਈ ਦੀ ਸਿਫਾਰਸ਼ ਕਰੇਗੀ। ਬੁਲਾਰੇ ਨੇ ਕਿਹਾ ਕਿ ਲੋਕ ਸਭਾ ਸਕੱਤਰੇਤ ਦੀ ਬੇਨਤੀ ‘ਤੇ, ਗ੍ਰਹਿ ਮੰਤਰਾਲੇ ਨੇ ਸੰਸਦ ਦੀ ਸੁਰੱਖਿਆ ਵਿਚ ਕੋਤਾਹੀ ਦੀ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਸੀ.ਆਰ.ਪੀ.ਐੱਫ. ਦੇ ਡਾਇਰੈਕਟਰ ਜਨਰਲ ਅਨੀਸ਼ ਦਿਆਲ ਸਿੰਘ ਦੀ ਅਗਵਾਈ ਵਿਚ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਵਿਚ ਹੋਰ ਸੁਰੱਖਿਆ ਏਜੰਸੀਆਂ ਦੇ ਮੈਂਬਰ ਅਤੇ ਮਾਹਿਰ ਸ਼ਾਮਲ ਹਨ।

ਉਨ੍ਹਾਂ ਕਿਹਾ ਕਿ ਕਮੇਟੀ ਸੁਰੱਖਿਆ ਉਲੰਘਣ ਦੇ ਕਾਰਨਾਂ ਦੀ ਜਾਂਚ ਕਰੇਗੀ, ਖਾਮੀਆਂ ਦੀ ਪਛਾਣ ਕਰਕੇ ਅਗਲੇਰੀ ਕਾਰਵਾਈ ਦੀ ਸਿਫ਼ਾਰਸ਼ ਕਰੇਗੀ। ਬੁਲਾਰੇ ਨੇ ਕਿਹਾ, ”ਕਮੇਟੀ ਛੇਤੀ ਤੋਂ ਛੇਤੀ ਸਿਫਾਰਿਸ਼ਾਂ ਸਮੇਤ ਆਪਣੀ ਰਿਪੋਰਟ ਸੌਂਪੇਗੀ, ਜਿਸ ‘ਚ ਸੰਸਦ ਦੀ ਸੁਰੱਖਿਆ ਨੂੰ ਬਿਹਤਰ ਬਣਾਉਣ ਦੇ ਸੁਝਾਅ ਵੀ ਸ਼ਾਮਲ ਹੋਣਗੇ।” ਬੁੱਧਵਾਰ ਨੂੰ ਲੋਕ ਸਭਾ ਦੀ ਕਾਰਵਾਈ ਦੌਰਾਨ ਦੋ ਲੋਕ ਅਚਾਨਕ ਦਰਸ਼ਕ ਗੈਲਰੀ ਤੋਂ ਸਦਨ ਦੇ ਅੰਦਰ ਕੁੱਦ ਗਏ ਅਤੇ ‘ਕੈਨ’ ਰਾਹੀਂ ਧੂਆਂ ਫੈਲਾਇਆ। ਇਸ ਤੋਂ ਤੁਰੰਤ ਬਾਅਦ ਦੋਵਾਂ ਨੂੰ ਫੜ ਲਿਆ ਗਿਆ। ਇਸ ਦੌਰਾਨ ਪੁਲਸ ਨੇ ਅਮੋਲ ਅਤੇ ਨੀਲਮ ਨੂੰ ਸੰਸਦ ਭਵਨ ਦੇ ਬਾਹਰ ਧਰਨੇ ਦੌਰਾਨ ਕੈਨ ਦੀ ਵਰਤੋਂ ਕਰਕੇ ਪੀਲਾ ਅਤੇ ਲਾਲ ਧੂੰਆਂ ਫੈਲਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਸੀ। ਮਾਮਲੇ ਵਿਚ 5 ਲੋਕਾਂ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ।

Add a Comment

Your email address will not be published. Required fields are marked *