ਇਟਲੀ ਭੇਜਣ ਦੇ ਨਾਂ ‘ਤੇ ਕਰੋੜਾਂ ਦੀ ਠੱਗੀ ਮਾਰ ਕੇ ਏਜੰਟ ਹੋਇਆ ਫਰਾਰ

ਫਤਿਹਗੜ੍ਹ ਸਾਹਿਬ – ਫਤਹਿਗੜ੍ਹ ਸਾਹਿਬ ਦੇ ਲਿੰਕਨ ਰੋਡ ‘ਤੇ ਰਹਿਣ ਵਾਲੇ ਇੱਕ ਟਰੈਵਲ ਏਜੰਟ ‘ਤੇ ਇਟਲੀ ਭੇਜਣ ਦੇ ਨਾਂ ‘ਤੇ ਕਰੋੜਾਂ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਹੈ। ਏਜੰਟ ਤੋਂ ਦੁਖੀ ਲੋਕਾਂ ਨੇ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਏਜੰਟ ਦੇ ਘਰ ਦੇ ਬਾਹਰ ਧਰਨਾ ਲਗਾ ਦਿੱਤਾ ਹੈ। ਏਜੰਟ ‘ਤੇ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਕਰੀਬ 25 ਲੋਕਾਂ ਤੋਂ ਕਰੀਬ 3 ਕਰੋੜ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਹੈ। ਦੱਸਿਆ ਜਾ ਰਿਹਾ ਹੈ ਕਿ ਟਰੈਵਲ ਏਜੰਟ ਇਟਲੀ ਭੱਜ ਗਿਆ ਹੈ।

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਪੀੜਤਾਂ ਦੇ ਸਮਰਥਨ ਵਿੱਚ ਆਈ ਹੈ। ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਤਰਲੋਚਨ ਸਿੰਘ ਅਤੇ ਬਲਾਕ ਪ੍ਰਧਾਨ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਪੀੜਤਾਂ ਨੇ ਇਨਸਾਫ਼ ਲਈ ਉਨ੍ਹਾਂ ਕੋਲ ਪਹੁੰਚ ਕੀਤੀ ਸੀ। ਯੂਨੀਅਨ ਪੀੜਤਾਂ ਨੂੰ ਨਾਲ ਲੈ ਕੇ ਏਜੰਟ ਦੇ ਘਰ ਦੇ ਬਾਹਰ ਧਰਨਾ ਦੇਣ ਪਹੁੰਚੀ। ਜੇਕਰ ਏਜੰਟ ਨੇ ਪੈਸੇ ਵਾਪਸ ਨਾ ਕੀਤੇ ਤਾਂ ਇੱਥੇ ਧਰਨਾ ਦਿੱਤਾ ਜਾਵੇਗਾ। ਇਟਲੀ ਭੇਜਣ ਦੇ ਨਾਂ ‘ਤੇ ਠੱਗੀ ਮਾਰਨ ਵਾਲੇ ਲੋਕਾਂ ‘ਚੋਂ ਕਈਆਂ ਨੇ ਆਪਣੇ ਘਰ ਵੇਚ ਦਿੱਤੇ ਅਤੇ ਕਈਆਂ ਨੇ ਕਰਜ਼ਾ ਲੈ ਕੇ ਏਜੰਟ ਨੂੰ ਲੱਖਾਂ ਰੁਪਏ ਦਿੱਤੇ ਹੋਏ ਹਨ। 

ਜਾਣਕਾਰੀ ਮੁਤਾਬਕ ਏਜੰਟ ਨੇ ਹਰ ਵਿਅਕਤੀ ਕੋਲੋਂ ਇਟਲੀ ਭੇਜਣ ਦੇ ਨਾਂ ‘ਤੇ 8 ਲੱਖ ਤੋਂ 13 ਲੱਖ ਰੁਪਏ ਤੱਕ ਲਏ ਗਏ ਸਨ। ਖਮਾਣੋਂ ਦੇ ਰਹਿਣ ਵਾਲੇ ਇਕ ਪੀੜਤ ਨੇ ਦੱਸਿਆ ਕਿ ਉਸ ਨੂੰ ਆਪਣਾ ਘਰ ਵੇਚਣਾ ਪਿਆ। ਹੁਣ ਉਹ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਹੈ। ਏਜੰਟ ਨੇ ਨਾ ਤਾਂ ਉਸ ਦੇ ਲੜਕੇ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਦੱਸਿਆ ਜਾ ਰਿਹਾ ਹੈ ਕਿ ਏਜੰਟ ਜਸਦੇਵ ਸਿੰਘ ਰੰਧਾਵਾ ਇਨ੍ਹੀਂ ਦਿਨੀਂ ਇਟਲੀ ਵਿਚ ਹੈ ਤੇ ਉੱਥੋਂ ਆਪਣਾ ਨੈੱਟਵਰਕ ਚਲਾ ਰਿਹਾ ਹੈ। ਇਕ ਪੀੜਤ ਨੇ ਦੱਸਿਆ ਕਿ ਇਟਲੀ ਵਿਚ ਹੀ ਉਸ ਦੀ ਬੇਟੀ ਤੋਂ ਪੰਜ ਹਜ਼ਾਰ ਯੂਰੋ ਲਏ ਗਏ ਸਨ। ਉੱਥੇ ਹੀ ਇਟਲੀ ‘ਚ ਵੀ ਏਜੰਟ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। 

ਸਥਿਤੀ ਨੂੰ ਦੇਖਦੇ ਹੋਏ ਥਾਣਾ ਫਤਿਹਗੜ੍ਹ ਸਾਹਿਬ ਦੀ ਪੁਲਸ ਮੌਕੇ ‘ਤੇ ਪਹੁੰਚ ਗਈ। ਐੱਸ.ਐੱਚ.ਓ. ਅਰਸ਼ਦੀਪ ਸ਼ਰਮਾ ਨੇ ਧਰਨਾਕਾਰੀਆਂ ਨੂੰ ਏਜੰਟ ਦੇ ਪਰਿਵਾਰ ਨਾਲ ਮੁਲਾਕਾਤ ਕਰਵਾਈ। ਏਜੰਟ ਦੇ ਪਰਿਵਾਰ ਵੱਲੋਂ 21 ਫਰਵਰੀ ਤੱਕ ਦਾ ਸਮਾਂ ਦਿੱਤਾ ਗਿਆ ਸੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜੇਕਰ ਇਸ ਮਸਲੇ ਦਾ ਕੋਈ ਹੱਲ ਨਾ ਨਿਕਲਿਆ ਤਾਂ ਕਿਸਾਨ ਪੱਕਾ ਮੋਰਚਾ ਲਾਉਣਗੇ।

Add a Comment

Your email address will not be published. Required fields are marked *