ਲਤੀਫ਼ਪੁਰਾ: ਮੁੜ ਵਸੇਬਾ ਮੋਰਚੇ ਵੱਲੋਂ ਪ੍ਰਸ਼ਾਸਨ ਨਾਲ ਮੀਟਿੰਗ ’ਚੋਂ ਵਾਕਆਊਟ

ਆਦਮਪੁਰ ਦੋਆਬਾ , 31 ਦਸੰਬਰ-: ਲਤੀਫਪੁਰਾ ਮਸਲੇ ਦੇ ਨਿਬੇੜੇ ਲਈ ਪੰਜਾਬ ਸਰਕਾਰ ਤਰਫੋਂ ਅੱਜ ਵਿਧਾਇਕ ਬਲਕਾਰ ਸਿੰਘ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਰੱਖੀ ਮੀਟਿੰਗ ’ਚੋਂ ਲਤੀਫਪੁਰਾ ਮੁੜ ਵਸੇਬਾ ਸਾਂਝਾ ਮੋਰਚੇ ਨੇ ਵਾਕਆਊਟ ਕਰ ਦਿੱਤਾ।  

ਜਾਣਕਾਰੀ ਮੁਤਾਬਿਕ ਮੀਟਿੰਗ ਵਿੱਚ ਕਾਫੀ ਉਡੀਕ ਕਰਵਾਉਣ ਉਪਰੰਤ ਜਦੋਂ ਸਰਕਾਰ ਤੇ ਪ੍ਰਸ਼ਾਸਨ ਦਾ ਕੋਈ ਨੁਮਾਇੰਦਾ ਹਾਜ਼ਰ ਨਾ ਹੋਇਆ ਤਾਂ ਮੋਰਚੇ ’ਚ ਸ਼ਾਮਲ ਜਥੇਬੰਦੀਆਂ ਦੇ ਆਗੂਆਂ ਤੇ ਪੀੜਤ ਪਰਿਵਾਰਾਂ ਨੇ ਮੀਟਿੰਗ ’ਚੋਂ ਵਾਕਆਊਟ ਕਰ ਦਿੱਤਾ। ਆਗੂਆਂ ਨੇ ਐਲਾਨ ਕੀਤਾ ਕਿ ਲੋਕਾਂ ਨੂੰ ਉਜਾੜਨ ਅਤੇ ਸਰਕਾਰ ਦੀ ਬੇਰੁਖੀ ਖ਼ਿਲਾਫ਼ ਭਲਕੇ ਪਹਿਲੀ ਜਨਵਰੀ ਨੂੰ ਪੀਏਪੀ ਚੌਕ ’ਤੇ ਦੁਪਹਿਰ 12 ਵਜੇ ਤੋਂ ਲੈ ਕੇ 2 ਵਜੇ ਤੱਕ ਕੌਮੀ ਮਾਰਗ ਜਾਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਜਾੜੇ ਵਾਲੀ ਜਗ੍ਹਾ ’ਤੇ ਹੀ ਪੀੜਤ ਲੋਕਾਂ ਦਾ ਮੁੜ ਵਸੇਬਾ ਕਰਨ, ਉਨ੍ਹਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਅਤੇ ਮਾੜਾ ਵਿਹਾਰ ਕਰਨ ਵਾਲੇ ਡੀਸੀਪੀ ਖ਼ਿਲਾਫ਼ ਕਾਰਵਾਈ ਕਰਨ ਵਰਗੀਆਂ ਮੰਗਾਂ ਦੇ ਨਿਪਟਾਰੇ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਜ਼ਿਕਰਯੋਗ ਹੈ ਕਿ ਰੋਜ਼ਾਨਾ ਵਾਂਗ ਅੱਜ ਲੋਕ ਮੋਰਚੇ ’ਤੇ ਹੱਡ ਚੀਰਵੀਂ ਠੰਢ ਵਿੱਚ ਡਟੇ ਰਹੇ ਅਤੇ ਸ਼ਾਮ ਵੇਲੇ ਸੂਬਾ ਸਰਕਾਰ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ ਗਈ। ਸੰਘਰਸ਼ੀ ਲੋਕਾਂ ਨੇ ਕਿਹਾ ਕਿ ਮਾਨ ਸਰਕਾਰ ਲਤੀਫਪੁਰਾ ਦੇ ਮਸਲੇ ਦੇ ਨਿਪਟਾਰੇ ਲਈ  ਗੰਭੀਰ ਨਹੀਂ ਹੈ।  ਇਸ ਮੌਕੇ ਮੋਰਚੇ ਦੇ ਆਗੂ  ਕਸ਼ਮੀਰ ਸਿੰਘ, ਸੁਖਜੀਤ ਸਿੰਘ ਡਰੋਲੀ, ਸੰਤੋਖ ਸਿੰਘ ਸੰਧੂ, ਪਰਮਜੀਤ ਸਿੰਘ ਜੱਬੋਵਾਲ, ਹੰਸ ਰਾਜ ਪੱਬਵਾਂ, ਬਲਵਿੰਦਰ ਸਿੰਘ ਮੱਲੀ ਨੰਗਲ, ਮਹਿੰਦਰ ਸਿੰਘ ਬਾਜਵਾ ਤੇ ਹਰਜਿੰਦਰ ਕੌਰ ਆਦਿ ਹਾਜ਼ਰ ਸਨ। 

Add a Comment

Your email address will not be published. Required fields are marked *