ਚੰਡੀਗੜ੍ਹ DGP ਦਫ਼ਤਰ ਪਹੁੰਚੇ ਮੂਸੇਵਾਲਾ ਦਾ ਪਿਤਾ ਬਲਕੌਰ ਸਿੰਘ ਸਿੱਧੂ
ਚੰਡੀਗੜ੍ਹ – ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਅਤੇ ਪ੍ਰਸ਼ੰਸ਼ਕ ਲਗਾਤਾਰ ਇਨਸਾਫ਼ ਦੀ ਮੰਗ ਕਰ ਰਹੇ ਹਨ। ਇਸੇ ਮਾਮਲੇ ‘ਚ ਅੱਜ ਸਿੱਧੂ ਦੇ ਮਾਤਾ-ਪਿਤਾ ਡੀ. ਜੀ. ਪੀ. ਚੰਡੀਗੜ੍ਹ ਵਿਖੇ ਪਹੁੰਚੇ ਸਨ। ਦੱਸ ਦਈਏ ਕਿ ਅਲਟੀਮੇਟਮ ਵਿਚਾਲੇ ਡੀ. ਜੀ. ਪੀ. ਨਾਲ ਬਲਕੌਰ ਸਿੰਘ ਦੀ ਇਹ ਪਹਿਲੀ ਮੁਲਾਕਾਤ ਹੈ।
ਦੱਸਿਆ ਜਾ ਰਿਹਾ ਹੈ ਕਿ ਸਿੱਧੂ ਦੇ ਪਿਤਾ ਬਲਕੌਰ ਸਿੰਘ ਤੇ ਡੀ. ਜੀ. ਪੀ. ਵਿਚਾਲੇ ਕਰੀਬ 30 ਮਿੰਟ ਤੱਕ ਦੀ ਮੁਲਾਕਾਤ ਹੋਈ ਹੈ। ਇਸ ਦੌਰਾਨ ਬਲਕੌਰ ਸਿੰਘ ਨੇ ਪੁੱਤਰ ਦੇ ਇਨਸਾਫ਼ ਨੂੰ ਲੈ ਕੇ ਹੋ ਰਹੀ ਦੇਰੀ ਦਾ ਕਾਰਨ ਪੁੱਛਿਆ। ਇਸ ਤੋਂ ਇਲਾਵਾ ਦੋਵਾਂ ਵਿਚਾਲੇ ਹੋਰ ਵੀ ਕਈ ਵਿਸ਼ਿਆਂ ‘ਤੇ ਚਰਚਾ ਕੀਤੀ ਗਈ, ਜੋ ਸਿੱਧੂ ਦੇ ਕਤਲ ਨਾਲ ਜੁੜੇ ਹਨ।
ਦੱਸਣਯੋਗ ਹੈ ਕਿ ਬਲਕੌਰ ਸਿੰਘ ਲਗਾਤਾਰ ਇਹ ਮੰਗ ਕਰ ਰਹੇ ਹਨ ਕਿ ਉਨ੍ਹਾਂ ਦੇ ਪੁੱਤਰ ਦੇ ਕਤਲ ਦੇ ਮਾਸਟਰਮਾਈਂਡ ਨੂੰ ਜੇਲ੍ਹ ‘ਚ ਡੱਕਿਆ ਜਾਵੇ। ਇਸ ਤੋਂ ਪਹਿਲਾਂ 29 ਅਕਤੂਬਰ ਨੂੰ ਬਲਕੌਰ ਸਿੰਘ ਨੇ ਪੰਜਾਬ ਪੁਲਸ ਨੂੰ ਇਨਸਾਫ਼ ਲਈ 25 ਨਵੰਬਰ ਤੱਕ ਦਾ ਸਮਾਂ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਜੇਕਰ ਉਸ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਆਪਣੀ ਐੱਫ. ਆਈ. ਆਰ. ਵਾਪਸ ਲੈ ਲਵੇਗਾ ਅਤੇ ਉਸ ਤੋਂ ਬਾਅਦ ਉਹ ਦੇਸ਼ ਛੱਡ ਜਾਵੇਗਾ। ਉਨ੍ਹਾਂ ਨੇ ਇਕ ਵਾਰ ਫਿਰ ਸਰਕਾਰ ਦੀ ਕਾਰਜਪ੍ਰਣਾਲੀ ‘ਤੇ ਸਵਾਲ ਖੜ੍ਹੇ ਕੀਤੇ ਹਨ।

