ਕਾਰਾਂ ਦੀ ਰੇਸ ਲਗਾ ਰਹੇ ਅਮੀਰਜ਼ਾਦਿਆਂ ਦੀ ਖੇਡ ਨੇ ਲਈ ਬੇਕਸੂਰ ਦੀ ਜਾਨ

ਲੁਧਿਆਣਾ – ਸੋਮਵਾਰ ਨੂੰ ਦੇਰ ਰਾਤ ਕੀਜ਼ ਹੋਟਲ ਦੇ ਪਿੱਛੇ ਥਰੀਕੇ-ਸੂਆ ਰੋਡ ’ਤੇ ਦੋ ਕਾਰਾਂ ਵਰਨਾ ਅਤੇ ਬਲੇਨੋ ਦੇ ਚਾਲਕਾਂ ਵੱਲੋਂ ਲਗਾਈ ਜਾ ਰਹੀ ਰੇਸ ਦੌਰਾਨ ਬੇਕਾਬੂ ਹੋਈ ਇਕ ਕਾਰ ਨੇ 5 ਵਿਅਕਤੀਆਂ ਨੂੰ ਆਪਣੀ ਲਪੇਟ ’ਚ ਲੈ ਲਿਆ, ਜਿਸ ਕਾਰਨ ਇਕ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਬਾਕੀ ਚਾਰਾਂ ਨੂੰ ਜ਼ਖ਼ਮੀ ਹਾਲਤ ’ਚ ਹਸਪਤਾਲ ਦਾਖਲ ਕਰਵਾਇਆ ਗਿਆ।

ਜਾਣਕਾਰੀ ਅਨੁਸਾਰ 5 ਵਿਅਕਤੀ ਸੜਕ ਕੰਢੇ ਇਕ ਖੋਖੇ ਦੇ ਬਾਹਰ ਅੱਗ ਸੇਕ ਰਹੇ ਸਨ ਕਿ ਹਾਦਸੇ ਦਾ ਸ਼ਿਕਾਰ ਹੋ ਗਏ। ਪਤਾ ਲੱਗਦੇ ਸਾਰ ਹੀ ਇਲਾਕੇ ਦੇ ਲੋਕ ਉੱਥੇ ਇਕੱਠੇ ਹੋ ਗਏ। ਵਰਨਾ ਕਾਰ ਸਵਾਰ ਮੌਕੇ ਤੋਂ ਫਰਾਰ ਹੋ ਗਿਆ, ਜਦਕਿ ਬਲੇਨੋ ਕਾਰ ’ਚ ਸਵਾਰ ਲੜਕਾ ਅਤੇ ਲੜਕੀ ਹਾਦਸੇ ਤੋਂ ਬਾਅਦ ਕਾਰ ’ਚੋਂ ਨਿਕਲ ਕੇ ਭੱਜ ਨਿਕਲੇ। ਮੌਕੇ ’ਤੇ ਮੌਜੂਦ ਲੋਕਾਂ ਦਾ ਦੋਸ਼ ਸੀ ਕਿ ਕੋਲ ਹੀ ਨਾਕਾ ਲਗਾ ਕੇ ਖੜ੍ਹੀ ਪੁਲਸ ਨੂੰ ਇਸ ਦੀ ਸੂਚਨਾ ਵੀ ਦਿੱਤੀ ਪਰ ਫਿਰ ਵੀ ਭੱਜ ਰਹੇ ਲੜਕੇ ਅਤੇ ਲੜਕੀ ਨੂੰ ਨਹੀਂ ਫੜਿਆ ਗਿਆ, ਜਿਸ ਕਾਰਨ ਇਲਾਕੇ ਦੇ ਲੋਕਾਂ ਨੇ ਰਸਤਾ ਜਾਮ ਕਰ ਕੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਮੌਕੇ ’ਤੇ ਪੁੱਜੇ ਪੁਲਸ ਅਧਿਕਾਰੀਆਂ ਨੇ ਭਰੋਸਾ ਦੇ ਕੇ ਧਰਨਾ ਖ਼ਤਮ ਕਰਵਾਇਆ।

ਪੁਲਸ ਨੇ ਕਾਰਵਾਈ ਕਰਦਿਆਂ ਅਣਪਛਾਤੇ ਕਾਰ ਚਾਲਕ ਖਿਲਾਫ ਪਰਚਾ ਦਰਜ ਕੀਤਾ ਹੈ ਅਤੇ ਨੁਕਸਾਨੀ ਕਾਰ ਨੂੰ ਕਬਜ਼ੇ ’ਚ ਲੈ ਲਿਆ ਹੈ। ਮਰਨ ਵਾਲੇ ਵਿਅਕਤੀ ਦੀ ਪਛਾਣ ਮੁਹੰਮਦ ਮੁਸੀਨ, ਜਦਕਿ ਜ਼ਖਮੀਆਂ ਦੀ ਪਛਾਣ ਦੀਪਕ, ਅਭਿਲਾਸ਼, ਸੁਮਿਤ ਅਤੇ ਰਾਜੂ ਵਜੋਂ ਹੋਈ ਹੈ। ਦੀਪਕ ਅਜੇ ਹਸਪਤਾਲ ’ਚ ਦਾਖਲ ਹੈ, ਜਦਕਿ ਬਾਕੀਆਂ ਨੂੰ ਇਲਾਜ ਦੌਰਾਨ ਛੁੱਟੀ ਦੇ ਦਿੱਤੀ ਗਈ ਹੈ।

ਮੌਕੇ ’ਤੇ ਮੌਜੂਦ ਸ਼ੁਭਮ ਅਤੇ ਰਾਜੇਸ਼ ਨੇ ਦੱਸਿਆ ਕਿ ਉਹ ਸਾਹਮਣੇ ਦੁਕਾਨ ’ਚ ਮੌਜੂਦ ਸਨ ਤਾਂ ਦੇਖਿਆ ਕਿ ਇਕਦਮ ਤੇਜ਼ੀ ਨਾਲ ਪਹਿਲਾਂ ਵਰਨਾ ਕਾਰ ਨਿਕਲੀ, ਫਿਰ ਦੂਜੀ ਕਾਰ ਆਈ ਪਰ ਦੇਖਦੇ ਹੀ ਦੇਖਦੇ ਦੂਜੀ ਕਾਰ ਸੜਕ ਕੰਢੇ ਸਥਿਤ ਖੋਖੇ ’ਚ ਜਾ ਵੜੀ। ਉੱਥੇ 5 ਵਿਅਕਤੀ ਅੱਗ ਸੇਕ ਰਹੇ ਸਨ। ਬੇਕਾਬੂ ਹੋਈ ਕਾਰ ਇਕ ਵਿਅਕਤੀ ਨੂੰ ਘੜੀਸਦੇ ਹੋਏ ਅੱਗੇ ਲੈ ਗਈ ਅਤੇ ਕੰਧ ਨਾਲ ਜਾ ਟਕਰਾਈ। ਕਾਰ ’ਚ ਲੱਗੇ ਏਅਰਬੈਗ ਵੀ ਖੁੱਲ੍ਹ ਗਏ। ਇਕ ਵਿਅਕਤੀ ਨੂੰ ਬੜੀ ਮੁਸ਼ਕਲ ਨਾਲ ਕਾਰ ਦੇ ਥੱਲਿਓਂ ਕੱਢਿਆ ਗਿਆ।

ਕਾਫੀ ਸਮੇਂ ਤੱਕ ਐਂਬੂਲੈਂਸ ਨੂੰ ਫੋਨ ਕਰਦੇ ਰਹੇ ਪਰ ਕੋਈ ਮੌਕੇ ’ਤੇ ਨਹੀਂ ਆਇਆ ਤਾਂ ਉਨ੍ਹਾਂ ਨੂੰ ਪ੍ਰਾਈਵੇਟ ਗੱਡੀਆਂ ਰਾਹੀਂ ਹਸਪਤਾਲ ਲਿਜਾਇਆ ਗਿਆ। ਲੋਕਾਂ ’ਚ ਰੋਸ ਸੀ ਕਿ ਪੁਲਸ ਕੋਈ ਕਾਰਵਾਈ ਨਹੀਂ ਕਰ ਰਹੀ। ਜਾਂਚ ਅਧਿਕਾਰੀ ਨੇ ਦੱਸਿਆ ਕਿ ਹਾਲ ਦੀ ਘੜੀ ਅਣਪਛਾਤੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਅਤੇ ਕਾਰ ਮਾਲਕ ਦੀ ਭਾਲ ਕਰ ਕੇ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਪਹਿਲਾਂ ਵੀ ਕਾਰਾਂ ਦੀ ਰੇਸ ਦੌਰਾਨ ਕਈ ਨੌਜਵਾਨ ਆਪਣੀ ਜਾਨ ਗੁਆ ਚੁੱਕੇ ਹਨ। ਕੁਝ ਦੇਰ ਪੁਲਸ ਦੀ ਸਖ਼ਤੀ ਕਾਰਨ ਅਮੀਰਜ਼ਾਦਿਆਂ ਦੀ ਇਹ ਖੇਡ ਬੰਦ ਰਹੀ ਪਰ ਹੁਣ ਫਿਰ ਸ਼ੁਰੂ ਹੋ ਗਈ ਹੈ। ਜ਼ਿਆਦਾਤਰ ਨਹਿਰ ਦੇ ਨਾਲ-ਨਾਲ, ਦੀਪਕ ਹਸਪਤਾਲ ਰੋਡ, ਹੋਟਲ ਕੀਜ਼ ਵਾਲੀ ਸੜਕ ’ਤੇ ਹੀ ਕਾਰਾਂ ਦੀਆਂ ਰੇਸਾਂ ਚਲਦੀਆਂ ਹਨ, ਜਿਸ ਕਾਰਨ ਕਈ ਵਾਰ ਬੇਕਸੂਰਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪੈਂਦਾ ਹੈ।

Add a Comment

Your email address will not be published. Required fields are marked *