ਕੈਨੇਡਾ ‘ਚ ਹਰਦੀਪ ਨਿੱਝਰ ਦੇ ਸਾਥੀ ਸਿਮਰਨਜੀਤ ਸਿੰਘ ਦੇ ਘਰ ‘ਤੇ ਚੱਲੀਆਂ ਗੋਲੀਆਂ

ਸਰੀ – ਬ੍ਰਿਟਿਸ਼ ਕੋਲੰਬੀਆ ਦੇ ਸਰੀ ਕਸਬੇ ਵਿੱਚ 18 ਜੂਨ ਨੂੰ ਮਾਰੇ ਗਏ ਖਾਲਿਸਤਾਨੀ ਸਮਰਥਕ ਹਰਦੀਪ ਸਿੰਘ ਨਿੱਝਰ ਦੇ ਇੱਕ ਸਾਥੀ ਦੇ ਘਰ ‘ਤੇ ਗੋਲੀਆਂ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ। ਕੈਨੇਡੀਅਨ ਪੁਲਸ ਦਾ ਕਹਿਣਾ ਹੈ ਕਿ ਉਹ ਸਾਊਥ ਸਰੀ ਇਲਾਕੇ ਦੇ ਇੱਕ ਘਰ ਵਿੱਚ ਰਾਤ ਦੇ ਸਮੇਂ ਹੋਈ ਗੋਲੀਬਾਰੀ ਦੀ ਜਾਂਚ ਕਰ ਰਹੀ ਹੈ, ਜਿਸ ਬਾਰੇ ਸਥਾਨਕ ਭਾਈਚਾਰੇ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਇੱਕ ਪ੍ਰਮੁੱਖ ਸਿੱਖ ਕਾਰਕੁਨ ਦਾ ਘਰ ਹੈ।

ਕੈਨੇਡੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ (ਸੀਬੀਸੀ) ਮੁਤਾਬਕ ਸਰੀ ਰਾਇਲ ਕੈਨੇਡੀਅਨ ਮਾਊਂਟਿਡ ਪੁਲਸ ਨੇ ਕਿਹਾ ਕਿ ਉਨ੍ਹਾਂ ਨੂੰ ਵੀਰਵਾਰ ਦੇਰ ਰਾਤ 1:20 ਵਜੇ 154ਵੀਂ ਸਟਰੀਟ ਦੇ 2800 ਬਲਾਕ ਦੇ ਨੇੜੇ ਇੱਕ ਘਰ ਵਿੱਚ ਗੋਲੀਆਂ ਚੱਲਣ ਦੀ ਰਿਪੋਰਟ ਮਿਲੀ ਸੀ। ਬੀ.ਸੀ. ਗੁਰਦੁਆਰਾ ਕੌਂਸਲ ਦੇ ਬੁਲਾਰੇ ਮੁਤਾਬਕ ਇਹ ਘਰ ਸਿਮਰਨਜੀਤ ਸਿੰਘ ਦਾ ਹੈ, ਜੋ ਮਾਰੇ ਗਏ ਖਾਲਿਸਤਾਨ ਸਮਰਥਕ ਕਾਰਕੁਨ ਹਰਦੀਪ ਸਿੰਘ ਨਿੱਝਰ ਦਾ ਦੋਸਤ ਸੀ। ਖਾਲਿਸਤਾਨੀ ਵੱਖਵਾਦੀ ਨਿੱਝਰ ਦੀ ਜੂਨ ਵਿੱਚ ਸਰੀ ਵਿੱਚ ਹੱਤਿਆ ਕਰ ਦਿੱਤੀ ਗਈ ਸੀ, ਜਿਸ ਨਾਲ ਭਾਰਤ ਅਤੇ ਕੈਨੇਡਾ ਵਿਚਾਲੇ ਕੂਟਨੀਤਕ ਵਿਵਾਦ ਪੈਦਾ ਹੋ ਗਿਆ ਸੀ।

ਕਾਰਪੋਰਲ ਸਰਬਜੀਤ ਸੰਘਾ ਨੇ ਦੱਸਿਆ ਕਿ ਅਧਿਕਾਰੀਆਂ ਨੇ ਇਲਾਕੇ ਦੇ ਸਥਾਨਕ ਲੋਕਾਂ ਨਾਲ ਗੱਲ ਕੀਤੀ ਅਤੇ ਘਟਨਾ ਬਾਰੇ ਹੋਰ ਜਾਣਕਾਰੀ ਹਾਸਲ ਕਰਨ ਲਈ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਚਸ਼ਮਦੀਦਾਂ ਮੁਤਾਬਕ ਘਰ ਦੇ ਨਾਲ-ਨਾਲ ਘਰ ਵਿਚ ਖੜ੍ਹੀ ਕਾਰ ਨੂੰ ਵੀ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਸੰਘਾ ਨੇ ਕਿਹਾ, “ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਜੋ ਅਜੇ ਸ਼ੁਰੂਆਤੀ ਪੜਾਅ ਵਿਚ ਹੈ, ਇਸ ਲਈ ਗੋਲੀਬਾਰੀ ਦੇ ਪਿੱਛੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।” ਆਰ.ਸੀ.ਐੱਮ.ਪੀ. ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਵੀਰਵਾਰ ਰਾਤ ਨੂੰ ਘਰ ਵਿੱਚ ਕਿੰਨੀਆਂ ਗੋਲੀਆਂ ਚਲਾਈਆਂ ਗਈਆਂ।

Add a Comment

Your email address will not be published. Required fields are marked *