ਬੈਡਮਿੰਟਨ: ਟੀਮ ਮੁਕਾਬਲੇ ’ਚ ਭਾਰਤ ਨੂੰ ਚਾਂਦੀ ਦਾ ਤਗ਼ਮਾ

ਬਰਮਿੰਘਮ, 3 ਅਗਸਤ

ਭਾਰਤ ਨੂੰ ਕਿਦਾਂਬੀ ਸ੍ਰੀਕਾਂਤ ਤੇ ਡਬਲਜ਼ ਜੋੜੀਆਂ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਕਾਰਨ ਰਾਸ਼ਟਰਮੰਡਲ ਖੇਡਾਂ ਦੇ ਬੈਡਮਿੰਟਨ ਮਿਕਸਡ ਟੀਮ ਮੁਕਾਬਲੇ ਦੇ ਫਾਈਨਲ ਵਿਚ ਅੱਜ ਇੱਥੇ ਮਲੇਸ਼ੀਆ ਵਿਰੁੱਧ 1-3 ਦੀ ਹਾਰ ਨਾਲ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ। ਇਸ ਮੁਕਾਬਲੇ ਵਿਚ ਭਾਰਤ ਦੇ ਸਿੰਗਲਜ਼ ਖਿਡਾਰੀਆਂ ਤੇ ਮਲੇਸ਼ੀਆ ਦੀਆਂ ਡਬਲਜ਼ ਜੋੜੀਆਂ ਉਤੇ ਨਜ਼ਰਾਂ ਟਿਕੀਆਂ ਹੋਈਆਂ ਸਨ। ਭਾਰਤ ਦੇ ਸਿੰਗਲਜ਼ ਖਿਡਾਰੀ ਹਾਲਾਂਕਿ ਆਪਣੇ ਤੋਂ ਘੱਟ ਦਰਜਾਬੰਦੀ ਵਾਲੇ ਖਿਡਾਰੀਆਂ ਵਿਰੁੱਧ ਉਮੀਦ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੇ। ਇਸ ਕਾਰਨ ਭਾਰਤ ਸੋਨ ਤਗਮੇ ਤੋਂ ਖੁੰਝ ਗਿਆ। 

 ਦੂਜੇ ਪਾਸੇ ਮਲੇਸ਼ੀਆ ਦੀਆਂ ਡਬਲਜ਼ ਜੋੜੀਆਂ ਉਮੀਦ ਉਤੇ ਖਰੀਆਂ ਉਤਰੀਆਂ। ਸਾਤਵਿਕਸਾਈਰਾਜ ਰੰਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਦੁਨੀਆ ਦੀ ਸੱਤਵੇਂ ਨੰਬਰ ਦੀ ਜੋੜੀ ਸਭ ਤੋਂ ਪਹਿਲਾਂ ਕੋਰਟ ਵਿਚ ਉਤਰੀ। ਇਸ ਜੋੜੀ ਨੂੰ ਹਾਲਾਂਕਿ ਦੁਨੀਆ ਦੀ ਛੇਵੇਂ ਨੰਬਰ ਦੀ ਟੇਂਗ ਫੋਂਗ ਆਰੋਨ ਚਿਆ ਤੇ ਵੂਈ ਯਿਕ ਸੋਹ ਦੀ ਜੋੜੀ ਖ਼ਿਲਾਫ਼ 18-21, 15-21 ਨਾਲ ਹਾਰ ਝੱਲਣੀ ਪਈ। ਭਾਰਤ ਨੂੰ ਦੋ ਵਾਰ ਦੀ ਉਲੰਪਿਕ ਤਗਮਾ ਜੇਤੂ ਤੇ ਦੁਨੀਆ ਦੀ ਸੱਤਵੇਂ ਨੰਬਰ ਦੀ ਖਿਡਾਰਨ ਪੀਵੀ ਸਿੰਧੂ ਤੋਂ ਵਾਪਸੀ ਦੀ ਉਮੀਦ ਸੀ। ਸਾਬਕਾ ਵਿਸ਼ਵ ਚੈਂਪੀਅਨ ਸਿੰਧੂ ਨੇ ਭਾਰਤ ਨੂੰ ਬਰਾਬਰੀ ਉਤੇ ਤਾਂ ਲਿਆਂਦਾ ਪਰ ਮਹਿਲਾ ਸਿੰਗਲਜ਼ ਵਿਚ ਉਨ੍ਹਾਂ ਨੂੰ 60ਵੇਂ ਨੰਬਰ ਦੀ ਖਿਡਾਰਨ ਜਿਨ ਵੇਈ ਗੋਹ ਨੂੰ ਹਰਾਉਣ ਲਈ ਕਾਫ਼ੀ ਜੂਝਣਾ ਪਿਆ। ਦੁਨੀਆ ਦੇ 13ਵੇਂ ਨੰਬਰ ਦੇ ਖਿਡਾਰੀ ਸ੍ਰੀਕਾਂਤ ਨੇ ਨਿਰਾਸ਼ ਕੀਤਾ। ਉਨ੍ਹਾਂ ਦੁਨੀਆ ਦੇ 42ਵੇਂ ਨੰਬਰ ਦੇ ਖਿਡਾਰੀ ਐਨਜੀ ਟੀਜੇ ਯੋਂਗ ਵਿਰੁੱਧ ਪਹਿਲਾ ਗੇਮ 19-21 ਨਾਲ ਗੁਆ ਦਿੱਤਾ। ਪਰ ਅਗਲੇ ਗੇਮ ਵਿਚ ਵਾਪਸੀ ਕਰਦਿਆਂ 21-6 ਦੀ ਇਕਪਾਸੜ ਜਿੱਤ ਦਰਜ ਕੀਤੀ। ਸ੍ਰੀਕਾਂਤ ਹਾਲਾਂਕਿ ਤੀਜੇ ਤੇ ਫੈਸਲਾਕੁਨ ਗੇਮ ਵਿਚ ਲੈਅ ਕਾਇਮ ਰੱਖਣ ਵਿਚ ਨਾਕਾਮ ਰਹੀ ਤੇ 16-21 ਨਾਲ ਹਾਰ ਗਏ ਜਿਸ ਨਾਲ ਭਾਤਰ 1-2 ਨਾਲ ਪੱਛੜ ਗਿਆ। ਕੂੰਗ ਲੀ ਪਿਅਰਲੀ ਟੇਨ ਤੇ ਮੁਰਲੀਧਰਨ ਥਿਨਾਹ ਦੀ ਦੁਨੀਆ ਦੀ 11ਵੇਂ ਨੰਬਰ ਦੀ ਜੋੜੀ ਨੇ ਇਸ ਤੋਂ ਬਾਅਦ ਮਹਿਲਾ ਡਬਲਜ਼ ਵਿਚ ਤ੍ਰਿਸ਼ਾ ਜੌਲੀ ਤੇ ਗਾਇਤਰੀ ਗੋਪੀਚੰਦ ਦੀ 38ਵੇਂ ਨੰਬਰ ਦੀ ਜੋੜੀ ਨੂੰ 21-18, 21-17 ਨਾਲ ਹਰਾ ਕੇ ਮਲੇਸ਼ੀਆ ਲਈ ਸੋਨ ਤਗਮਾ ਜਿੱਤਿਆ। ਇਸ ਜਿੱਤ ਨਾਲ ਮਲੇਸ਼ੀਆ ਨੇ ਫਿਰ ਤੋਂ ਖਿਤਾਬ ਹਾਸਲ ਕੀਤਾ ਜੋ ਉਸ ਨੇ ਚਾਰ ਸਾਲ ਪਹਿਲਾਂ ਗੋਲਡ ਕੋਸਟ ਵਿਚ ਭਾਰਤ ਨੂੰ ਗੁਆ ਦਿੱਤਾ ਸੀ। ਭਾਰਤ ਨੂੰ ਖਿਤਾਬ ਬਰਕਰਾਰ ਰੱਖਣ ਲਈ ਸਿੰਗਲਜ਼ ਤੇ ਪੁਰਸ਼ ਡਬਲਜ਼ ਜੋੜੀ ਉਤੇ ਭਰੋਸਾ ਸੀ ਕਿਉਂਕਿ ਮਹਿਲਾ ਡਬਲਜ਼ ਤੇ ਮਿਸ਼ਰਤ ਡਬਲਜ਼ ਵਿਚ ਉਸ ਦਾ ਪੱਖ ਕਮਜ਼ੋਰ ਸੀ। ਜ਼ਿਕਰਯੋਗ ਹੈ ਕਿ ਬੈਡਮਿੰਟਨ ਦੇ ਕੌਮਾਂਤਰੀ ਮੁਕਾਬਲਿਆਂ ਵਿਚ ਭਾਰਤ ਦਾ ਪ੍ਰਦਰਸ਼ਨ ਪਿਛਲੇ ਕੁਝ ਸਮੇਂ ਤੋਂ ਕਾਫ਼ੀ ਸੁਧਰਿਆ ਹੈ। ਭਾਰਤੀ ਖਿਡਾਰੀਆਂ ਨੇ ਵੱਖੋ-ਵੱਖਰੇ ਪੱਧਰ ’ਤੇ ਬੇਮਿਸਾਲ ਪ੍ਰਦਰਸ਼ਨ ਕੀਤਾ ਹੈ।

ਰਾਸ਼ਟਰਪਤੀ ਮੁਰਮੂ ਤੇ ਮੋਦੀ ਵੱਲੋਂ ਟੀਮ ਨੂੰ ਵਧਾਈ  

ਨਵੀਂ ਦਿੱਲੀ:ਰਾਸ਼ਟਰਪਤੀ ਦਰੋਦਪੀ ਮੁਰਮੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਰਮਿੰਘਮ ਵਿਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਵਿਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਭਾਰਤੀ ਬੈਡਮਿੰਟਨ ਟੀਮ ਨੂੰ ਵਧਾਈ ਦਿੱਤੀ ਹੈ। ਮੁਰਮੂ ਨੇ ਕਿਹਾ ਕਿ ਭਾਰਤੀ ਖਿਡਾਰੀਆਂ ਨੇ ਜਿਸ ਕੌਸ਼ਲ, ਟੀਮ ਵਰਕ ਤੇ ਜੁਝਾਰੂਪਣੇ ਦਾ ਪ੍ਰਦਰਸ਼ਨ ਕੀਤਾ, ਉਸ ਦੀ ਸ਼ਲਾਘਾ ਕਰਨੀ ਬਣਦੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਬੈਡਮਿੰਟਨ ਹਰਮਨਪਿਆਰੀਆਂ ਖੇਡਾਂ ਵਿਚੋਂ ਇਕ ਹੈ। ਇਹ ਤਗਮਾ ਇਸ ਖੇਡ ਨੂੰ ਹੋਰ ਹਰਮਨਪਿਆਰੀ ਬਣਾਉਣ ਵਿਚ ਮਦਦ ਕਰੇਗਾ। 

Add a Comment

Your email address will not be published. Required fields are marked *