ਫ਼ਿਲਮ ਇੰਡਸਟਰੀ ਤੋਂ ਆਈ ਬੁਰੀ ਖ਼ਬਰ, ਨਹੀਂ ਰਹੇ ‘ਅੰਬਰਸਰੀਆ’ ਫ਼ਿਲਮ ਦੇ ਇਹ ਅਦਾਕਾਰ

ਟੀ. ਵੀ. ਅਤੇ ਫ਼ਿਲਮਾਂ ਰਾਂਹੀ ਤਰਨਤਾਰਨ ਜ਼ਿਲ੍ਹੇ ਦੇ ਪੱਟੀ ਇਲਾਕੇ ਦਾ ਨਾਂ ਰੋਸ਼ਨ ਕਰਨ ਵਾਲੇ ਸੁਰਜੀਤ ਸਿੰਘ ਧਾਮੀ, ਜਿਨ੍ਹਾਂ ਨੇ ਪ੍ਰਸਿੱਧ ਹਿੰਦੀ ਫ਼ਿਲਮ ‘ਮੌਸਮ’ ’ਚ ‘ਦਾਰ ਜੀ’ ਦੀ ਦਮਦਾਰ ਭੂਮਿਕਾ ਨਿਭਾਈ ਸੀ, ਉਨ੍ਹਾਂ ਦਾ ਅੱਜ ਦਿਹਾਂਤ ਹੋ ਗਿਆ ਹੈ। ਸੁਰਜੀਤ ਧਾਮੀ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ। ਅਧਿਆਪਕ ਕਿੱਤੇ ਨਾਲ ਜੁੜੇ ਸੁਰਜੀਤ ਧਾਮੀ ਨੇ ਪੰਜਾਬੀ ਤੇ ਹਿੰਦੀ ਫ਼ਿਲਮਾਂ ਅਤੇ ਡਰਾਮਿਆਂ ’ਚ ਕੰਮ ਕੀਤਾ। ਉਨ੍ਹਾਂ ਨੇ 1976 ਤੋਂ ਡਰਾਮਾ ਟੀਮ ‘ਪੰਚ ਰੰਗ ਮੰਚ’ ਰਾਹੀਂ ਆਪਣੇ ਪਹਿਲੇ ਨਾਟਕ ‘ਫ਼ੈਸਲਾ’ ਵਿਚ ਨੌਕਰ ਮਾਧੋ ਬਾਬਾ ਦੇ ਕਿਰਦਾਰ ਨਾਲ ਪਛਾਣ ਬਣਾਈ। ਫ਼ਿਰ ਕਈ ਹਿੰਦੀ ਤੇ ਪੰਜਾਬੀ ਨਾਟਕ ਸਟੇਜਾਂ ’ਤੇ ਖੇਡ ਕੇ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ। 

ਸਾਲ 1982 ਵਿਚ ਦੂਰਦਰਸ਼ਨ ਜਲੰਧਰ ਦੇ ਟੀ. ਵੀ. ਨਾਟਕ ‘ਚਿੱਟਾ ਲਹੂ’ ਨਾਲ ਅਗਾਜ਼ ਕਰਦਿਆਂ ਸਾਲ 2007 ਤਕ ਬਹੁਤ ਸਾਰੇ ਨਾਟਕਾਂ, ਸੀਰੀਅਲਾਂ ਵਿਚ ਬਤੌਰ ਅਦਾਕਾਰ ਨਾਮਣਾ ਖੱਟਿਆ। ਸਾਲ 2008 ਵਿਚ ਉਨ੍ਹਾਂ ਦਾ ਫ਼ਿਲਮੀ ਸਫ਼ਰ ਸ਼ੁਰੂ ਹੋਇਆ। ਪਹਿਲੀ ਪੰਜਾਬੀ ਫ਼ਿਲਮ ਅੱਖੀਆਂ ਉਡੀਕਦੀਆਂ ਵਿਚ ਛੋਟਾ ਜਿਹਾ ਕਿਰਦਾਰ ਨਿਭਾਇਆ। 

ਸਾਲ 2010 ਵਿਚ ਪੰਕਜ ਕਪੂਰ ਦੀ ਹਿੰਦੀ ਫ਼ਿਲਮ ‘ਮੌਸਮ’ ਮਿਲੀ, ਜਿਸ ਵਿਚ ਉਨ੍ਹਾਂ ਨੇ ‘ਦਾਰ ਜੀ’ ਦੀ ਦਮਦਾਰ ਭੂਮਿਕਾ ਹੀ ਨਹੀਂ ਨਭਾਈ, ਸਗੋਂ ਉਨ੍ਹਾਂ ਦਾ ਫ਼ਿਲਮ ਵਿਚ ਕਿਰਦਾਰ ਵੀ ਕਾਫ਼ੀ ਲੰਮਾ ਸੀ। ‘ਵਿਆਹ 70 ਕਿਲੋਮੀਟੀਰ’ ‘ਆਰ. ਐੱਸ. ਵੀ. ਪੀ. ਰੌਂਦੇ ਸਾਰੇ ਵਿਆਹ ਪਿੱਛੋਂ’, ‘ਅੰਬਰਸਰੀਆ’ ਅਤੇ ਹਰਭਜਨ ਮਾਨ ਦੀ ਪੰਜਾਬੀ ਫ਼ਿਲਮ ‘ਸਾਡੇ ਸੀ. ਐੱਮ. ਸਾਹਿਬ’ ਵਿਚ ਮੁੱਖ ਮੰਤਰੀ ਗੁਰਪਿਆਰ ਸਿੰਘ ਦਾ ਕਿਰਦਾਰ ਨਿਭਾ ਕੇ ਵਾਹ ਵਾਹੀ ਲੁੱਟੀ। ਧਾਮੀ ਨੇ ਅਨੇਕਾਂ ਟੈਲੀ ਫ਼ਿਲਮਾਂ ਅਤੇ ਵੱਡੇ-ਵੱਡੇ ਗਾਇਕਾਂ ਨਾਲ ਕਈ ਐਲਬਮਾਂ ਵਿਚ ਵੀ ਕਿਰਦਾਰ ਅਦਾ ਕੀਤੇ। ਉਨ੍ਹਾਂ ਦੇ ਦਿਹਾਂਤ ਨਾਲ ਰੰਗ ਮੰਚ ਅਤੇ ਸਾਹਿਤ ਜਗਤ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

Add a Comment

Your email address will not be published. Required fields are marked *