ਇੰਟੀਮੇਟ ਤਸਵੀਰਾਂ ਵਾਇਰਲ ਹੋਣ ਤੇ ਵਿਆਹ ਟੁੱਟਣ ਦਾ ਸੀ ਡਰ, ਦੋਸਤ ਨੇ ਦੱਸਿਆ ਕਿਹੋ-ਜਿਹਾ ਸੀ ਵੈਸ਼ਾਲੀ ਦਾ ਹਾਲ

ਮੁੰਬਈ – ਅਦਾਕਾਰਾ ਵੈਸ਼ਾਲੀ ਠੱਕਰ ਦੀ ਮੌਤ ਨੇ ਟੀ. ਵੀ. ਇੰਡਸਟਰੀ ਨੂੰ ਹਿਲਾ ਕੇ ਰੱਖ ਦਿੱਤਾ ਹੈ। ਵੈਸ਼ਾਲੀ ਦੇ ਕਰੀਬੀ ਲੋਕ ਅਜੇ ਵੀ ਉਸ ਦੀ ਮੌਤ ਕਾਰਨ ਸਦਮੇ ’ਚ ਹਨ ਤੇ ਨਮ ਅੱਖਾਂ ਨਾਲ ਉਸ ਨੂੰ ਯਾਦ ਕਰ ਰਹੇ ਹਨ। ਹੁਣ ਵੈਸ਼ਾਲੀ ਦੇ ਕਰੀਬੀ ਦੋਸਤ ਨਿਸ਼ਾਂਤ ਮਲਕਾਨੀ ਨੇ ਅਦਾਕਾਰਾ ਬਾਰੇ ਕੁਝ ਅਣਸੁਣੀਆਂ ਗੱਲਾਂ ਸਾਂਝੀਆਂ ਕੀਤੀਆਂ ਹਨ।

ਇਕ ਇੰਟਰਵਿਊ ਦੌਰਾਨ ਨਿਸ਼ਾਂਤ ਨੇ ਦੱਸਿਆ ਕਿ ਵੈਸ਼ਾਲੀ ਕਾਫੀ ਸਮੇਂ ਤੋਂ ਡਿਪ੍ਰੈਸ਼ਨ ’ਚ ਸੀ ਤੇ ਉਹ ਸਾਇਕੈਟ੍ਰਿਸਟ ਕੋਲੋਂ ਮੈਡੀਕਲ ਹੈਲਪ ਲੈ ਰਹੀ ਸੀ। ਨਿਸ਼ਾਂਤ ਨੇ ਦੱਸਿਆ, ‘‘ਰਾਹੁਲ ਵੈਸ਼ਾਲੀ ਨੂੰ ਮੂਵ ਆਨ ਨਹੀਂ ਕਰਨ ਦੇ ਰਿਹਾ ਸੀ। ਉਹ ਡਿਪ੍ਰੈਸ਼ਨ ’ਚ ਸੀ। ਉਸ ਨੇ ਸਾਇਕੈਟ੍ਰਿਸਟ ਦੀ ਮਦਦ ਵੀ ਲਈ। ਮੈਨੂੰ ਹੁਣ ਉਸ ਦੀ ਪ੍ਰੇਸ਼ਾਨੀ ਦੀ ਡੂੰਘਾਈ ਸਮਝ ਆ ਰਹੀ ਹੈ, ਜਦੋਂ ਮੈਨੂੰ ਪਤਾ ਲੱਗਾ ਕਿ ਰਾਹੁਲ ਵੈਸ਼ਾਲੀ ਦੇ ਹੋਣ ਵਾਲੇ ਪਤੀ ਨੂੰ ਉਸ ਦੀਆਂ ਇੰਟੀਮੇਟ ਤਸਵੀਰਾਂ ਦਿਖਾਉਣਾ ਚਾਹੁੰਦਾ ਸੀ। ਤੁਸੀਂ ਜੇਕਰ ਕਿਸੇ ਰਿਸ਼ਤੇ ’ਚ ਹੁੰਦੇ ਹੋ ਤਾਂ ਇੰਟੀਮੇਸੀ ਹੋਣਾ ਆਮ ਗੱਲ ਹੈ। ਇਸ ਦਾ ਇਹ ਮਤਲਬ ਨਹੀਂ ਹੈ ਕਿ ਜੇਕਰ ਤੁਹਾਡਾ ਬ੍ਰੇਕਅੱਪ ਹੋ ਜਾਵੇ ਤਾਂ ਤੁਸੀਂ ਇੰਟੀਮੇਟ ਤਸਵੀਰਾਂ ਨੂੰ ਲੈ ਕੇ ਕਿਸੇ ਨੂੰ ਧਮਕਾਉਣ ਲੱਗੋਗੇ।’’

ਨਿਸ਼ਾਂਤ ਨੇ ਇਹ ਵੀ ਦੱਸਿਆ ਕਿ ਉਸ ਨੇ ਵੈਸ਼ਾਲੀ ਦੇ ਆਤਮ ਹੱਤਿਆ ਕਰਨ ਤੋਂ 4 ਦਿਨ ਪਹਿਲਾਂ ਉਸ ਨਾਲ ਗੱਲਬਾਤ ਕੀਤੀ ਸੀ। ਨਿਸ਼ਾਂਤ ਨੇ ਕਿਹਾ, ‘‘ਮੈਂ ਉਸ ਨੂੰ ਟੀਜ਼ ਕਰਦਾ ਰਹਿੰਦਾ ਸੀ ਕਿ ਉਸ ਨੇ ਆਪਣਾ ਭਾਰ ਘੱਟ ਕਰ ਲਿਆ ਹੈ ਤੇ ਉਹ ਕਹਿੰਦੀ ਸੀ ਕਿ ਉਹ ਰਿਕਵਰ ਕਰ ਲਵੇਗੀ। ਵੈਸ਼ਾਲੀ ਨੇ ਇਹ ਵੀ ਕਿਹਾ ਸੀ ਕਿ ਉਹ ਵਿਆਹ ਤੋਂ ਪਹਿਲਾਂ ਮੁੰਬਈ ਆਵੇਗੀ।’’

ਨਿਸ਼ਾਂਤ ਨੇ ਅੱਗੇ ਦੱਸਿਆ, ‘‘ਜਦੋਂ ਦੋਵਾਂ ਨੇ ਡੇਟ ਕਰਨਾ ਸ਼ੁਰੂ ਕੀਤਾ ਸੀ, ਉਦੋਂ ਰਾਹੁਲ ਮੈਰਿਡ ਨਹੀਂ ਸੀ। ਉਨ੍ਹਾਂ ਦੇ ਰਿਸ਼ਤੇ ਨੂੰ ਲੈ ਕੇ ਪਰਿਵਾਰ ਸਹਿਮਤ ਨਹੀਂ ਸਨ, ਜਿਸ ਕਾਰਨ ਦੋਵਾਂ ਦਾ ਵਿਆਹ ਨਹੀਂ ਹੋਇਆ ਪਰ ਦਿਸ਼ਾ ਨਾਲ ਵਿਆਹ ਤੋਂ ਬਾਅਦ ਰਾਹੁਲ ਵੈਸ਼ਾਲੀ ਨੂੰ ਇਮੋਸ਼ਨਲੀ ਬਲੈਕਮੇਲ ਕਰਨ ਲੱਗਾ ਤੇ ਉਹ ਉਸ ਨੂੰ ਮੂਵ ਆਨ ਨਹੀਂ ਕਰਨ ਦਿੰਦਾ ਸੀ। ਵੈਸ਼ਾਲੀ ਇਕ ਅਜਿਹੇ ਇਨਸਾਨ ਨਾਲ ਸੈਟਲ ਹੋਣਾ ਚਾਹੁੰਦੀ ਸੀ, ਜੋ ਉਸ ਦੀ ਬਹੁਤ ਪ੍ਰਵਾਹ ਕਰੇ ਤੇ ਉਹ ਆਪਣੇ ਵਿਆਹ ਨੂੰ ਲੈ ਕੇ ਕਾਫੀ ਖ਼ੁਸ਼ ਸੀ।’’

ਦੱਸ ਦੇਈਏ ਕਿ ਰਾਹੁਲ ਦੀਆਂ ਧਮਕੀਆਂ ਤੋਂ ਤੰਗ ਆ ਕੇ ਵੈਸ਼ਾਲੀ ਠੱਕਰ ਨੇ ਆਪਣੇ ਇੰਦੌਰ ਦੇ ਘਰ ’ਚ ਫਾਹਾ ਲਾ ਕੇ ਆਤਮ ਹੱਤਿਆ ਕਰ ਲਈ। ਵੈਸ਼ਾਲੀ ਨੇ ਆਪਣੇ ਸੁਸਾਇਡ ਨੋਟ ’ਚ ਆਪਣੇ ਸਾਬਕਾ ਬੁਆਏਫਰੈਂਡ ਰਾਹੁਲ ਨੂੰ ਉਸ ਦੀ ਮੌਤ ਦਾ ਜ਼ਿੰਮੇਵਾਰ ਦੱਸਿਆ। ਵੈਸ਼ਾਲੀ ਦਾ ਪਰਿਵਾਰ ਹੁਣ ਸਿਰਫ ਆਪਣੀ ਧੀ ਲਈ ਇਨਸਾਫ ਚਾਹੁੰਦਾ ਹੈ।

Add a Comment

Your email address will not be published. Required fields are marked *