ਪਾਕਿਸਤਾਨ ‘ਚ ਨਰਸ ‘ਤੇ ਐਸਿਡ ਅਟੈਕ, ਹਾਲਤ ਗੰਭੀਰ

ਲਾਹੌਰ – ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਮੰਗਲਵਾਰ ਨੂੰ ਇਕ 21 ਸਾਲਾ ਨਰਸ ‘ਤੇ ਐਸਿਡ ਅਟੈਕ ਕੀਤਾ ਗਿਆ, ਜਿਸ ਕਾਰਨ ਉਸ ਦਾ ਚਿਹਰਾ, ਗਰਦਨ ਅਤੇ ਛਾਤੀ ਗੰਭੀਰ ਰੂਪ ਨਾਲ ਝੁਲਸ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਹ ਘਟਨਾ ਲਾਹੌਰ ਤੋਂ ਕਰੀਬ 280 ਕਿਲੋਮੀਟਰ ਦੂਰ ਚਕਵਾਲ ਜ਼ਿਲ੍ਹੇ ਵਿੱਚ ਵਾਪਰੀ।

ਪੰਜਾਬ ਪੁਲਸ ਅਨੁਸਾਰ ਇੱਕ ਨਿੱਜੀ ਹਸਪਤਾਲ ਦੀ ਨਰਸ ਸਨਾ ਸੱਜਾਦ ਸ਼ਾਹੀਨਾਬਾਦ ਵਿੱਚ ਆਪਣੇ ਕੰਮ ਵਾਲੀ ਥਾਂ ‘ਤੇ ਜਾ ਰਹੀ ਸੀ, ਜਿੱਥੇ ਦੋ ਮੋਟਰਸਾਈਕਲ ਸਵਾਰਾਂ ਨੇ ਉਸ ਨੂੰ ਰੋਕ ਲਿਆ ਅਤੇ ਉਸ ‘ਤੇ ਐਸਿਡ ਸੁੱਟ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ। ਉਸ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪੁਲਸ ਨੇ ਦੱਸਿਆ ਕਿ ਉਨ੍ਹਾਂ ਨੇ “ਘਟਨਾ ਦੀ ਸੀ.ਸੀ.ਟੀ.ਵੀ ਫੁਟੇਜ ਹਾਸਲ ਕਰ ਲਈ ਹੈ ਅਤੇ ਦੋਸ਼ੀਆਂ ਨੂੰ ਫੜਨ ਲਈ ਇੱਕ ਟੀਮ ਨੂੰ ਕੰਮ ਸੌਂਪਿਆ ਹੈ”।

ਇਸ ਮਹੀਨੇ ਦੇ ਸ਼ੁਰੂ ਵਿੱਚ ਲਾਹੌਰ ਵਿੱਚ ਇੱਕ 20 ਸਾਲਾ ਕੁੜੀ ਦਾ ਚਿਹਰਾ ਅਤੇ ਗਰਦਨ ਗੰਭੀਰ ਰੂਪ ਵਿੱਚ ਝੁਲਸ ਗਏ ਸਨ, ਜਦੋਂ ਉਸ ਤੋਂ ਵੱਖ ਹੋਏ ਪ੍ਰੇਮੀ ਨੇ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਮਗਰੋਂ ਉਸ ਨੇ ਉਸ ‘ਤੇ ਤੇਜ਼ਾਬ ਸੁੱਟ ਦਿੱਤਾ ਸੀ। ਪਾਕਿਸਤਾਨ ਵਿੱਚ ਖ਼ਾਸ ਕਰਕੇ ਪੰਜਾਬ ਸੂਬੇ ਵਿੱਚ ਐਸਿਡ ਅਟੈਕ ਦੀਆਂ ਰਿਪੋਰਟਾਂ ਦੀਆਂ ਘਟਨਾਵਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਐਸਿਡ ਸਰਵਾਈਵਰਜ਼ ਫਾਊਂਡੇਸ਼ਨ (ਏ.ਐਸ.ਐਫ) ਅਨੁਸਾਰ 17 ਤੋਂ 30 ਸਾਲ ਦੀ ਉਮਰ ਦੀਆਂ ਔਰਤਾਂ ਨੂੰ ਅਜਿਹੇ ਹਮਲਿਆਂ ਦਾ ਸਭ ਤੋਂ ਵੱਧ ਖ਼ਤਰਾ ਹੁੰਦਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਐਸਿਡ ਹਿੰਸਾ ਇੱਕ ਲਿੰਗ-ਅਧਾਰਤ ਹਿੰਸਾ ਹੈ ਜਿਸ ਵਿੱਚ ਜ਼ਿਆਦਾਤਰ ਪੀੜਤ ਅਤੇ ਬਚਣ ਵਾਲੀਆਂ ਔਰਤਾਂ ਅਤੇ ਕੁੜੀਆਂ ਹਨ।

Add a Comment

Your email address will not be published. Required fields are marked *