ਪੰਜਾਬ ’ਚ ‘ਖਾਲਿਸਤਾਨ’ ਦੀ ਮੰਗ ਕਰਨ ਵਾਲੇ 0.001 ਫ਼ੀਸਦੀ ਲੋਕ ਵੀ ਨਹੀਂ: ਧਾਲੀਵਾਲ

ਵਾਸ਼ਿੰਗਟਨ – ਐੱਨ. ਆਰ. ਆਈ. ਸਿੱਖ ਕਾਰੋਬਾਰੀ ਦਰਸ਼ਨ ਸਿੰਘ ਧਾਲੀਵਾਲ ਨੇ ਖਾਲਿਸਤਾਨ ਦੀ ਮੰਗ ਕਰਨ ਵਾਲਿਆਂ ਨੂੰ ਸਖਤ ਸ਼ਬਦਾਂ ਵਿਚ ਲਤਾੜਿਆ ਹੈ। ਧਾਲੀਵਾਲ ਨੇ ਕਿਹਾ ਕਿ ਪੰਜਾਬ ਵਿਚ ਕੋਈ ਵੀ ਖਾਲਿਸਤਾਨ ਦੀ ਮੰਗ ਨਹੀਂ ਕਰ ਰਿਹਾ ਹੈ, ਪੰਜਾਬ ਵਿਚ 0.001 ਫੀਸਦੀ ਲੋਕ ਵੀ ਅਜਿਹੇ ਨਹੀਂ ਹਨ, ਜੋ ਇਹ ਮੰਗ ਕਰ ਰਹੇ ਹਨ ਅਤੇ ਬਾਹਰ ਲਗਭਗ 100 ਲੋਕ ਹੋ ਸਕਦੇ ਹਨ, ਜਿਨ੍ਹਾਂ ਦਾ ਆਪਣਾ ਨਿੱਜੀ ਏਜੰਡਾ ਹੈ ਅਤੇ ਉਹ ਹੀ ਖਾਲਿਸਤਾਨ ਬਾਰੇ ਗੱਲ ਕਰ ਰਹੇ ਹਨ।

ਧਾਲੀਵਾਲ ਨੇ ਕਿਹਾ ਕਿ ਜਦੋਂ ਕਾਂਗਰਸ ਸੱਤਾ ਵਿਚ ਸੀ ਤਾਂ ਉਹ ਇਸ ਖਿਲਾਫ ਸਨ, ਜਦੋਂ ਮੋਦੀ ਸੱਤਾ ਵਿਚ ਹਨ ਤਾਂ ਉਹ ਉਸ ਖਿਲਾਫ ਹਨ, ਜਦੋਂ ਅਕਾਲੀਆਂ ਕੋਲ ਪੰਜਾਬ ਸੀ ਤਾਂ ਉਹ ਇਸ ਖਿਲਾਫ ਸਨ ਅਤੇ ਜਦੋਂ ‘ਆਪ’ ਉਥੇ ਹੈ ਤਾਂ ਉਹ ਇਸ ਖਿਲਾਫ ਹਨ। ਧਾਲੀਵਾਲ ਨੇ ਖਾਲਿਸਤਾਨ ਦੀ ਮੰਗ ਉਠਾਉਣ ਵਾਲਿਆਂ ਕੋਲੋਂ ਪੁੱਛਿਆ-‘‘ਸਭ ਤੋਂ ਵੱਡੀ ਗੱਲ ਜੋ ਉਨ੍ਹਾਂ ਨੂੰ ਦੱਸਣੀ ਚਾਹੀਦੀ ਹੈ ਕਿ ਉਹ ਖਾਲਿਸਤਾਨ ਕਿਥੇ ਚਾਹੁੰਦੇ ਹਨ? ਕੀ ਇਹ ਭਾਰਤ ਵਿਚ ਕਿਸੇ ਸਥਾਨ ’ਤੇ ਹੋਵੇਗਾ ਜਾਂ ਇਹ ਭਾਰਤ ਤੋਂ ਬਾਹਰ ਕਿਸੇ ਸਥਾਨ ’ਤੇ ਹੋਵੇਗਾ ਜਿਥੇ ਉਹ ਸੋਚਦੇ ਹਨ ਕਿ ਖਾਲਿਸਤਾਨ ਹੈ? ਕੀ ਉਹ ਖਾਲਿਸਤਾਨ ਦਾ ਸਪੱਸ਼ਟ ਸਰੂਪ ਦੱਸ ਸਕਦੇ ਹਨ? ਕੀ ਉਹ ਇਸ ਦੀ ਵਿਆਖਿਆ ਕਰ ਸਕਦੇ ਹਨ?’’

ਹਾਲ ਹੀ ਵਿਚ ਵ੍ਹਾਈਟ ਹਾਊਸ ਵਿਚ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਵਲੋਂ ਆਯੋਜਿਤ ਸਰਕਾਰੀ ਡਿਨਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨ ਵਾਲੇ ਧਾਲੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਨੂੰ ਵਿਸ਼ਵ ਦੇ ਨਕਸ਼ੇ ’ਤੇ ਸਥਾਪਤ ਕੀਤਾ ਹੈ ਅਤੇ ਸਿੱਖ ਭਾਈਚਾਰੇ ਲਈ ਮਹਾਨ ਕੰਮ ਕਰ ਰਹੇ ਹਨ। ਪਿਛਲੇ 5 ਦਹਾਕਿਆਂ ਤੋਂ ਅਮਰੀਕਾ ਵਿਚ ਰਹਿ ਰਹੇ 72 ਸਾਲਾ ਧਾਲੀਵਾਲ ਨੇ ਕਿਹਾ ਕਿ ਪੱਛਮ ਵਿਚ ਲੋਕ ਭਾਰਤ ਬਾਰੇ ਸ਼ਾਇਦ ਹੀ ਜਾਣਦੇ ਹੋਣ ਪਰ ਚੀਜ਼ਾਂ ਬਦਲ ਗਈਆਂ ਹਨ। ਉਨ੍ਹਾਂ ਕਿਹਾ ਕਿ ਵਪਾਰੀਆਂ ਨੇ ਭਾਰਤ ਵੱਲ ਦੇਖਣਾ ਸ਼ੁਰੂ ਕਰ ਦਿੱਤਾ ਹੈ ਅਤੇ ਮੈਨੂੰ ਨਹੀਂ ਲੱਗਦਾ ਕਿ ਅਸੀਂ ਇਸ ਤੋਂ ਵੱਧ ਕੁਝ ਮੰਗ ਸਕਦੇ ਹਾਂ। ਐੱਨ. ਆਰ. ਆਈ. ਸਿੱਖ ਧਾਲੀਵਾਲ, ਜੋ ਪਰਉਪਕਾਰੀ ਦੇ ਕਈ ਪ੍ਰੋਗਰਾਮ ਚਲਾਉਂਦੇ ਹਨ, ਨੇ ਕਿਹਾ ਕਿ ਉਨ੍ਹਾਂ ਨੂੰ ਪੀ. ਐੱਮ. ਮੋਦੀ ਨੇ ਭਾਰਤ ਆਉਣ ਦਾ ਸੱਦਾ ਦਿੱਤਾ ਹੈ। ਇਹ ਅਦਭੁੱਤ ਹੈ ਅਤੇ ਮੈਂ ਛੇਤੀ ਹੀ ਭਾਰਤ ਜਾਵਾਂਗਾ, ਅਸੀਂ ਕੁਝ ਹੋਰ ਸਮਾਂ ਇਕੱਠੇ ਬਿਤਾਵਾਂਗੇ।

Add a Comment

Your email address will not be published. Required fields are marked *