ਰਾਸ਼ਟਰਮੰਡਲ ਖੇਡਾਂ ਤੋਂ ਬਾਅਦ ਬਰਮਿੰਘਮ ‘ਚ ਲਾਪਤਾ ਹੋਏ 2 ਪਾਕਿਸਤਾਨੀ ਮੁੱਕੇਬਾਜ਼

ਕਰਾਚੀ – ਰਾਸ਼ਟਰਮੰਡਲ ਖੇਡਾਂ ਦੀ ਸਮਾਪਤੀ ਤੋਂ ਬਾਅਦ ਬਰਮਿੰਘਮ ਵਿੱਚ 2 ਪਾਕਿਸਤਾਨੀ ਮੁੱਕੇਬਾਜ਼ ਲਾਪਤਾ ਹੋ ਗਏ ਹਨ। ਰਾਸ਼ਟਰੀ ਮਹਾਸੰਘ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪਾਕਿਸਤਾਨ ਮੁੱਕੇਬਾਜ਼ੀ ਫੈਡਰੇਸ਼ਨ (ਪੀ.ਬੀ.ਐੱਫ.) ਦੇ ਸਕੱਤਰ ਨਾਸੀਰ ਤਾਂਗ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਕਿ ਮੁੱਕੇਬਾਜ਼ ਸੁਲੇਮਾਨ ਬਲੋਚ ਅਤੇ ਨਜ਼ੀਰੁੱਲਾ ਟੀਮ ਦੇ ਇਸਲਾਮਾਬਾਦ ਲਈ ਰਵਾਨਾ ਹੋਣ ਤੋਂ ਕੁਝ ਘੰਟੇ ਪਹਿਲਾਂ ਲਾਪਤਾ ਹੋ ਗਏ। ਬਰਮਿੰਘਮ ਰਾਸ਼ਟਰਮੰਡਲ ਖੇਡਾਂ ਸੋਮਵਾਰ ਨੂੰ ਸਮਾਪਤ ਹੋ ਗਈਆਂ।

ਤਾਂਗ ਨੇ ਕਿਹਾ, “ਉਨ੍ਹਾਂ ਦੇ ਪਾਸਪੋਰਟ ਸਮੇਤ ਯਾਤਰਾ ਦਸਤਾਵੇਜ਼ ਅਜੇ ਵੀ ਫੈਡਰੇਸ਼ਨ ਦੇ ਉਨ੍ਹਾਂ ਅਧਿਕਾਰੀਆਂ ਕੋਲ ਹਨ ਜੋ ਮੁੱਕੇਬਾਜ਼ੀ ਟੀਮ ਦੇ ਨਾਲ ਖੇਡਾਂ ਵਿੱਚ ਗਏ ਸਨ।” ਉਨ੍ਹਾਂ ਕਿਹਾ ਕਿ ਟੀਮ ਪ੍ਰਬੰਧਨ ਨੇ ਯੂਕੇ ਵਿੱਚ ਪਾਕਿਸਤਾਨ ਹਾਈ ਕਮਿਸ਼ਨ ਅਤੇ ਲੰਡਨ ਵਿੱਚ ਸਬੰਧਤ ਅਧਿਕਾਰੀਆਂ ਨੂੰ ਸੁਲੇਮਾਨ ਅਤੇ ਨਜ਼ੀਰੁੱਲਾ ਦੇ ਲਾਪਤਾ ਹੋਣ ਬਾਰੇ ਸੂਚਿਤ ਕਰ ਦਿੱਤਾ ਹੈ। ਤਾਂਗ ਨੇ ਕਿਹਾ ਕਿ ਲਾਪਤਾ ਮੁੱਕੇਬਾਜ਼ਾਂ ਦੇ ਦਸਤਾਵੇਜ਼ ਪਾਕਿਸਤਾਨ ਤੋਂ ਆਉਣ ਵਾਲੇ ਸਾਰੇ ਖਿਡਾਰੀਆਂ ਲਈ ਸਟੈਂਡਰਡ ਆਪਰੇਟਿੰਗ ਪ੍ਰਕਿਰਿਆ (ਐੱਸ.ਓ.ਪੀ) ਦੇ ਅਨੁਸਾਰ ਰੱਖੇ ਗਏ ਸਨ। ਪਾਕਿਸਤਾਨ ਓਲੰਪਿਕ ਸੰਘ (ਪੀ.ਓ.ਏ.) ਨੇ ਲਾਪਤਾ ਮੁੱਕੇਬਾਜ਼ਾਂ ਦੇ ਮਾਮਲੇ ਦੀ ਜਾਂਚ ਲਈ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ।

ਪਾਕਿਸਤਾਨ ਰਾਸ਼ਟਰਮੰਡਲ ਖੇਡਾਂ ਦੇ ਮੁੱਕੇਬਾਜ਼ੀ ਮੁਕਾਬਲੇ ‘ਚ ਕੋਈ ਤਮਗਾ ਨਹੀਂ ਜਿੱਤ ਸਕਿਆ। ਦੇਸ਼ ਨੇ ਵੇਟਲਿਫਟਿੰਗ ਅਤੇ ਜੈਵਲਿਨ ਥਰੋਅ ਵਿੱਚ 2 ਸੋਨ ਤਮਗਿਆਂ ਸਮੇਤ  ਇਨ੍ਹਾਂ ਖੇਡਾਂ ਵਿੱਚ 8 ਤਮਗੇ ਜਿੱਤੇ। ਮੁੱਕੇਬਾਜ਼ਾਂ ਦੇ ਲਾਪਤਾ ਹੋਣ ਦੀ ਘਟਨਾ ਰਾਸ਼ਟਰੀ ਤੈਰਾਕ ਫੈਜ਼ਾਨ ਅਕਬਰ ਦੇ ਹੰਗਰੀ ਵਿੱਚ ਫਿਨਾ ਵਿਸ਼ਵ ਚੈਂਪੀਅਨਸ਼ਿਪ ਤੋਂ ਗਾਇਬ ਹੋਣ ਦੇ 2 ਮਹੀਨੇ ਬਾਅਦ ਆਈ ਹੈ। ਹਾਲਾਂਕਿ, ਅਕਬਰ ਨੇ ਚੈਂਪੀਅਨਸ਼ਿਪ ਵਿੱਚ ਮੁਕਾਬਲਾ ਤੱਕ ਪੇਸ਼ ਨਹੀਂ ਕੀਤਾ ਅਤੇ ਬੁਡਾਪੇਸਟ ਪਹੁੰਚਣ ਤੋਂ ਕੁਝ ਘੰਟਿਆਂ ਬਾਅਦ ਆਪਣੇ ਪਾਸਪੋਰਟ ਅਤੇ ਹੋਰ ਦਸਤਾਵੇਜ਼ਾਂ ਨਾਲ ਗਾਇਬ ਹੋ ਗਿਆ। ਜੂਨ ਤੋਂ ਬਾਅਦ ਉਸ ਦਾ ਕੋਈ ਸੁਰਾਗ ਨਹੀਂ ਲੱਗਾ ਹੈ।

Add a Comment

Your email address will not be published. Required fields are marked *