ਭਾਰਤ ਦੇ 3 ਦਿਨਾਂ ਦੌਰੇ ‘ਤੇ ਮੁੰਬਈ ਪਹੁੰਚੇ UN ਦੇ ਸਕੱਤਰ ਜਨਰਲ, 26/11 ਹਮਲੇ ਦੇ ਪੀੜਤਾਂ ਨੂੰ ਦੇਣਗੇ ਸ਼ਰਧਾਂਜਲੀ

ਮੁੰਬਈ – ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਤਾਰੇਸ ਆਪਣੇ ਤਿੰਨ ਦਿਨਾਂ ਭਾਰਤ ਦੌਰੇ ‘ਤੇ ਬੁੱਧਵਾਰ ਨੂੰ ਭਾਰਤ ਪਹੁੰਚੇ। ਆਪਣੇ ਦੌਰੇ ਦੇ ਪਹਿਲੇ ਦਿਨ ਉਹ ਮੁੰਬਈ ਦੇ ਤਾਜ ਮਹਿਲ ਪੈਲੇਸ ਹੋਟਲ ‘ਚ 26/11 ਅੱਤਵਾਦੀ ਹਮਲੇ ‘ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦੇਣਗੇ। ਗੁਤਾਰੇਸ ਬੁੱਧਵਾਰ ਅੱਧੀ ਰਾਤ ਤੋਂ ਬਾਅਦ ਲੰਡਨ ਤੋਂ ਇਕ ਵਪਾਰਕ ਉਡਾਣ ਰਾਹੀਂ ਮੁੰਬਈ ਪਹੁੰਚੇ। ਉਨ੍ਹਾਂ ਦੇ ਪਹੁੰਚਣ ‘ਤੇ ਮਹਾਰਾਸ਼ਟਰ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਬਾਅਦ ਵਿੱਚ ਉਹ ਦੱਖਣੀ ਮੁੰਬਈ ਦੇ ਤਾਜ ਮਹਿਲ ਪੈਲੇਸ ਹੋਟਲ ਵਿੱਚ ਗਏ, ਜਿੱਥੇ ਉਹ 26/11 ਦੇ ਅੱਤਵਾਦੀ ਹਮਲਿਆਂ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਟ ਕਰਣਗੇ।

ਤਾਜ ਮਹਿਲ ਪੈਲੇਸ ਹੋਟਲ ਉਨ੍ਹਾਂ ਥਾਵਾਂ ਵਿੱਚੋਂ ਇੱਕ ਸੀ, ਜਿਸ ਨੂੰ 26 ਨਵੰਬਰ 2008 ਨੂੰ ਹੋਏ ਭਿਆਨਕ ਅੱਤਵਾਦੀ ਹਮਲਿਆਂ ਦੌਰਾਨ ਨਿਸ਼ਾਨਾ ਬਣਾਇਆ ਗਿਆ ਸੀ। ਗੁਤਾਰੇਸ ਅੱਜ ਗੁਜਰਾਤ ਲਈ ਰਵਾਨਾ ਹੋਣ ਤੋਂ ਪਹਿਲਾਂ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (IIT), ਮੁੰਬਈ ਵਿੱਚ “India@75: UN-India Partnership: Strengthening South-South Cooperation” ਵਿਸ਼ੇ ਉੱਤੇ ਇੱਕ ਜਨਤਕ ਭਾਸ਼ਣ ਦੇਣਗੇ।

ਜਨਵਰੀ ‘ਚ ਆਪਣਾ ਦੂਜਾ ਕਾਰਜਕਾਲ ਸ਼ੁਰੂ ਕਰਨ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਭਾਰਤ ਯਾਤਰਾ ਹੈ। ਉਹ ਇਸ ਤੋਂ ਪਹਿਲਾਂ ਆਪਣੇ ਪਿਛਲੇ ਕਾਰਜਕਾਲ ਦੌਰਾਨ ਅਕਤੂਬਰ 2018 ਵਿੱਚ ਦੇਸ਼ ਦਾ ਦੌਰਾ ਕਰ ਚੁੱਕੇ ਹਨ। ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ 20 ਅਕਤੂਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਕੇਵੜੀਆ ਵਿਚ ‘ਮਿਸ਼ਨ ਲਾਈਫ’ (ਵਾਤਾਵਰਣ ਅਨੁਸਾਰ ਜੀਵਨ ਸ਼ੈਲੀ) ਨਾਲ ਸਬੰਧਤ ਇੱਕ ਸਮਾਗਮ ਵਿੱਚ ਸ਼ਿਰਕਤ ਕਰਨਗੇ।

Add a Comment

Your email address will not be published. Required fields are marked *