ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ PM ਮੋਦੀ ਨੇ ਰੱਖਿਆ 11 ਦਿਨ ਦਾ ਵਰਤ

ਨਵੀਂ ਦਿੱਲੀ- ਅਯੁੱਧਿਆ ‘ਚ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 11 ਦਿਨਾਂ ਤੱਕ ਵਿਸ਼ੇਸ਼ ਅਨੁਸ਼ਠਾਨ (ਵਰਤ) ਰੱਖਣ ਦਾ ਫ਼ੈਸਲਾ ਕੀਤਾ ਹੈ। ਇਸ ਵਰਤ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਨੇ ‘ਐਕਸ’ ‘ਤੇ ਟਵੀਟ ਕੀਤਾ ਕਿ ਅਯੁੱਧਿਆ ‘ਚ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ‘ਚ ਸਿਰਫ 11 ਦਿਨ ਹੀ ਬਚੇ ਹਨ। ਮੇਰੀ ਖ਼ੁਸ਼ਕਿਸਮਤੀ ਹੈ ਕਿ ਮੈਂ ਵੀ ਇਸ ਪੁੰਨ ਦੇ ਮੌਕੇ ਦਾ ਗਵਾਹ ਬਣਾਂਗਾ। ਪ੍ਰਭੂ ਨੇ ਮੈਨੂੰ ਪ੍ਰਾਣ ਪ੍ਰਤਿਸ਼ਠਾ ਦੌਰਾਨ ਭਾਰਤ ਵਾਸੀਆਂ ਦੀ ਨੁਮਾਇੰਦਗੀ ਕਰਨ ਦਾ ਜ਼ਰੀਆ ਬਣਾਇਆ। ਮੈਂ ਅੱਜ ਤੋਂ 11 ਦਿਨ ਦਾ ਵਿਸ਼ੇਸ਼ ਵਰਤ ਸ਼ੁਰੂ ਕਰ ਰਿਹਾ ਹਾਂ। ਮੈਂ ਸਾਰੇ ਲੋਕਾਂ ਤੋਂ ਆਸ਼ੀਰਵਾਦ ਮੰਗਦਾ ਹਾਂ। ਆਪਣੀਆਂ ਭਾਵਨਾਵਾਂ ਨੂੰ ਸ਼ਬਦਾਂ ਵਿਚ ਕਹਿ ਸਕਣਾ ਬਹੁਤ ਮੁਸ਼ਕਲ ਹੈ ਪਰ ਮੈਂ ਆਪਣੇ ਵਲੋਂ ਇਕ ਕੋਸ਼ਿਸ਼ ਕੀਤੀ ਹੈ।

ਵਰਤ ਦੌਰਾਨ ਪ੍ਰਧਾਨ ਮੰਤਰੀ ਮੋਦੀ ਜੇਕਰ ਸੰਭਵ ਹੋ ਸਕੇ ਤਾਂ ਫਰਸ਼ ‘ਤੇ ਸੌਂਣਾ, ਛੇਤੀ ਉਠ ਕੇ ਭਗਵਾਨ ਦੀ ਪ੍ਰਾਰਥਨਾ ਕਰਨਾ, ਜਾਪ ਅਤੇ ਧਿਆਨ ਕਰਨਾ, ਸ਼ਾਂਤ ਰਹਿਣਾ, ਦਿਨ ਦੇ ਕੁਝ ਸਮੇਂ ਮੌਨ ਰਹਿਣਾ, ਘੱਟ ਅਤੇ ਸਾਦਾ ਭੋਜਨ ਕਰਨਾ, ਧਾਰਮਿਕ ਗ੍ਰੰਥ ਪੜ੍ਹਨਾ, ਸਾਫ-ਸਫ਼ਾਈ ਰੱਖਣਾ ਅਤੇ ਆਪਣਾ ਕੰਮ ਖ਼ੁਦ ਕਰਨਾ ਸ਼ਾਮਲ ਹੈ। ਪ੍ਰਧਾਨ ਮੰਤਰੀ ਮੋਦੀ 22 ਜਨਵਰੀ ਨੂ ਅਯੁੱਧਿਆ ‘ਚ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਤੋਂ ਪਹਿਲਾਂ 11 ਦਿਨਾਂ ਵਿਚ ਇਨ੍ਹਾਂ ‘ਚੋਂ ਕਈ ਚੀਜ਼ਾਂ ਦੀ ਪਾਲਣਾ ਕਰ ਸਕਦੇ ਹਨ। ਉਹ ਭਗਵਾਨ ਰਾਮ ਨਾਲ ਜੁੜੀਆਂ ਵੱਖ-ਵੱਖ ਥਾਵਾਂ ‘ਤੇ ਜਾ ਵੀ ਸਕਦੇ ਹਨ। ਇਹ ਵੀ ਅਨੁਸ਼ਠਾਨ ਯਾਨੀ ਕਿ ਵਰਤ ਦਾ ਇਕ ਹਿੱਸਾ ਹੈ। 

ਸੂਤਰਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਧਿਆਨ ਅਤੇ ਪ੍ਰਾਰਥਨਾ ਦੇ ਨਾਲ-ਨਾਲ ਆਪਣੀ ਰੋਜ਼ਾਨਾ ਰੁਟੀਨ ਦੇ ਹਿੱਸੇ ਵਜੋਂ ਪਹਿਲਾਂ ਹੀ ਸੀਮਤ ਸ਼ਾਕਾਹਾਰੀ ਭੋਜਨ ਖਾਂਦੇ ਹਨ। ਉਹ 11 ਦਿਨਾਂ ਤੱਕ ਚੱਲਣ ਵਾਲੇ ਵਰਤ ਦੇ ਹਿੱਸੇ ਵਜੋਂ ਇਸਦਾ ਹੋਰ ਵੀ ਸਖਤੀ ਨਾਲ ਪਾਲਣ ਕਰਨਗੇ। ਪ੍ਰਧਾਨ ਮੰਤਰੀ ਦਿਨ ਵਿਚ ਕੁਝ ਸਮੇਂ ਲਈ ਮੌਨ ਵੀ ਰਹਿ ਸਕਦੇ ਹਨ। ਸੁੰਦਰਕਾਂਡ ਦਾ ਪਾਠ ਦੇ ਨਾਲ-ਨਾਲ ਭਗਵਾਨ ਰਾਮ ਦਾ ਜਾਪ ਵੀ ਕਰ ਸਕਦੇ ਹਨ।

Add a Comment

Your email address will not be published. Required fields are marked *