ਡੌਂਕੀ ਲਾ ਕੇ ਅਮਰੀਕਾ ਜਾ ਰਹੇ ਨੌਜਵਾਨ ਨਾਲ ਵਾਪਰਿਆ ਭਾਣਾ

ਗੁਰਦਾਸਪੁਰ : ਨੌਜਵਾਨ ਨੂੰ ਅਮਰੀਕਾ ਭੇਜਣ ਦੇ ਨਾਂ ’ਤੇ 45 ਲੱਖ ਰੁਪਏ ਲੈਣ ਅਤੇ ਪਨਾਮਾ ਦੇ ਜੰਗਲਾਂ ’ਚ ਲਾਪਤਾ ਹੋਣ ਸਬੰਧੀ ਨੌਜਵਾਨ ਦੇ ਤਾਏ ਦੀ ਸ਼ਿਕਾਇਤ ’ਤੇ ਥਾਣਾ ਡਵੀਜ਼ਨ ਨੰਬਰ-2 ਪਠਾਨਕੋਟ ਪੁਲਸ ਨੇ ਏਜੰਟ ਪਤੀ-ਪਤਨੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਨੌਜਵਾਨ ਗੁਰਦਾਸਪੁਰ ਦੇ ਪਿੰਡ ਪੰਧੇਰ ਦਾ ਰਹਿਣ ਵਾਲਾ ਸੀ, ਜਿਸ ਨੇ ਡੌਂਕੀ ਲਾ ਕੇ ਅਮਰੀਕਾ ਜਾਣਾ ਸੀ ਅਤੇ ਪਮਾਨਾ ਦੇ ਜੰਗਲਾਂ ‘ਚ ਲਾਪਤਾ ਹੋ ਗਿਆ ਹੈ, ਜਿਸ ਦੀ ਸੂਚਨਾ ਮਿਲਣ ‘ਤੇ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ।

ਇਸ ਸਬੰਧੀ ਸ਼ਿਕਾਇਤਕਰਤਾ ਜੋਗਿੰਦਰ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ ਪਠਾਨਕੋਟ ਨੇ ਜ਼ਿਲ੍ਹਾ ਪੁਲਸ ਮੁਖੀ ਪਠਾਨਕੋਟ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਮਾਲ ਵਿਭਾਗ ’ਚੋਂ ਕਾਨੂੰਗੋ ਵਜੋਂ ਸੇਵਾਮੁਕਤ ਹੋਇਆ ਹੈ ਅਤੇ ਉਸ ਦਾ ਭਤੀਜਾ ਜਗਮੀਤ ਸਿੰਘ ਬਚਪਨ ਤੋਂ ਸਾਡੇ ਨਾਲ ਰਹਿੰਦਾ ਹੈ, ਜੋ ਅਮਰੀਕਾ ਜਾਣਾ ਚਾਹੁੰਦਾ ਸੀ ਅਤੇ ਸਾਨੂੰ ਕਿਸੇ ਨੇ ਦੱਸਿਆ ਕਿ ਏਜੰਟ ਪਲਵਿੰਦਰ ਸਿੰਘ ਅਤੇ ਉਸਦੀ ਪਤਨੀ ਬਲਵਿੰਦਰ ਕੌਰ ਵਾਸੀ ਪਿੰਡ ਸਿੰਘਪੁਰਾ ਥਾਣਾ ਕਾਹਨੂੰਵਾਨ ਵਿਦੇਸ਼ ਭੇਜਣ ਦਾ ਕੰਮ ਕਰਦੇ ਹਨ। ਉਸ ਨੇ ਸਾਡੇ ਨਾਲ 45 ਲੱਖ 50 ਹਜ਼ਾਰ ਰੁਪਏ ’ਚ ਜਗਮੀਤ ਸਿੰਘ ਨੂੰ ਅਮਰੀਕਾ ਭੇਜਣ ਦੀ ਗੱਲ ਮੰਨ ਲਈ, ਜੋ ਅਕਤੂਬਰ 2023 ਦੀ ਹੈ।

ਉਨ੍ਹਾਂ ਨੇ ਦੱਸਿਆ ਕਿ 3 ਦਸੰਬਰ 2023 ਨੂੰ ਪਲਵਿੰਦਰ ਸਿੰਘ ਅਤੇ ਬਲਵਿੰਦਰ ਕੌਰ ਸਾਡੇ ਘਰ ਆਏ ਅਤੇ ਜਗਮੀਤ ਸਿੰਘ ਦਾ ਪਾਸਪੋਰਟ ਲੈ ਕੇ ਉਸ ਨੂੰ ਦਿੱਲੀ ਲੈ ਗਏ। 14 ਦਸੰਬਰ 2023 ਨੂੰ ਜਗਮੀਤ ਸਿੰਘ ਨੇ ਸਾਨੂੰ ਫ਼ੋਨ ’ਤੇ ਸੂਚਿਤ ਕੀਤਾ ਕਿ ਬਲਵਿੰਦਰ ਸਿੰਘ ਨੇ ਉਸਨੂੰ ਕੋਲੰਬੀਆ ਅਤੇ ਪਨਾਮਾ ਰਾਹੀਂ ਅਮਰੀਕਾ ਭੇਜਣਾ ਹੈ। ਸਾਡੇ ਇਨਕਾਰ ਕਰਨ ਦੇ ਬਾਵਜੂਦ ਉਕਤ ਪਤੀ-ਪਤਨੀ ਨੇ ਮੁੰਡੇ ਨੂੰ ਵਿਦੇਸ਼ ਭੇਜ ਦਿੱਤਾ। ਉਪਰੰਤ ਬਲਵਿੰਦਰ ਸਿੰਘ ਅਤੇ ਪਲਵਿੰਦਰ ਸਿੰਘ ਸਾਡੇ ਕੋਲ ਆਏ ਅਤੇ 15 ਲੱਖ ਰੁਪਏ ਨਕਦ ਲੈ ਗਏ।

ਇਸ ਤੋਂ ਬਾਅਦ ਅਸੀਂ 19 ਦਸੰਬਰ ਤੱਕ ਜਗਮੀਤ ਸਿੰਘ ਦੇ ਸੰਪਰਕ ’ਚ ਰਹੇ। ਇਸ ਤੋਂ ਬਾਅਦ ਉਸਦੇ ਮੈਸੇਜ ਆਉਣੇ ਬੰਦ ਹੋ ਗਏ। ਇਸ ਸਬੰਧੀ ਜਦੋਂ ਅਸੀਂ ਬਲਵਿੰਦਰ ਕੌਰ ਦੇ ਪਿੰਡ ਗਏ ਤਾਂ ਉਸ ਦੇ ਘਰ ਨੂੰ ਤਾਲਾ ਲੱਗਿਆ ਹੋਇਆ ਸੀ, ਕੁਝ ਦਿਨਾਂ ਬਾਅਦ ਬਲਵਿੰਦਰ ਕੌਰ ਨੇ ਸਾਨੂੰ ਦੱਸਿਆ ਕਿ ਜਗਮੀਤ ਸਿੰਘ ਪਨਾਮਾ ਦੇ ਜੰਗਲਾਂ ’ਚੋਂ ਲਾਪਤਾ ਹੋ ਗਿਆ ਹੈ, ਜਿਸ ਬਾਰੇ ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਹੈ।

ਇਸ ਸਬੰਧੀ ਪੁਲਸ ਵੱਲੋਂ ਤਫਤੀਸ਼ ਕਰਨ ਉਪਰੰਤ ਪਲਵਿੰਦਰ ਸਿੰਘ ਅਤੇ ਬਲਵਿੰਦਰ ਕੌਰ ਖ਼ਿਲਾਫ਼ ਥਾਣਾ ਡਵੀਜ਼ਨ ਨੰਬਰ-2 ਪਠਾਨਕੋਟ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਮਿਤੀ 07-01-2024 ਨੂੰ ਮੁਕੱਦਮਾ ਦਰਜ ਕਰ ਲਿਆ ਗਿਆ ਸੀ ਪਰ ਮੁਲਜ਼ਮ ਪਤੀ-ਪਤਨੀ ਫ਼ਰਾਰ ਦੱਸੇ ਜਾ ਰਹੇ ਹਨ।

Add a Comment

Your email address will not be published. Required fields are marked *