ਕਾਂਗਰਸ ਹਾਈ ਕਮਾਨ ਨਵਜੋਤ ਸਿੱਧੂ ਨੂੰ ਕਰਨਾਟਕ ਭੇਜਣ ਦੀ ਤਿਆਰੀ ’ਚ

ਚੰਡੀਗੜ੍ਹ, 2 ਅਪਰੈਲ-: ਲੰਘੇ ਦਿਨ ਪਟਿਆਲਾ ਜੇਲ੍ਹ ’ਚੋਂ ਰਿਹਾਅ ਹੋੲੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਨਵੀਂ ਸਿਆਸੀ ਭੂਮਿਕਾ ਬਾਰੇ ਫੈਸਲਾ ਲੈਣ ਨੂੰ ਲੈ ਕੇ ਪਾਰਟੀ ਦੀ ਸੂਬਾਈ ਇਕਾਈ ਭਾਵੇਂ ਕਿਸੇ ਕਾਹਲ ਵਿੱਚ ਨਹੀਂ ਹੈ, ਪਰ ਕਾਂਗਰਸ ਹਾਈ ਕਮਾਨ ਵੱਲੋਂ ਆਪਣੇ ਇਸ ਤੇਜ਼-ਤਰਾਰ ਆਗੂ ਨੂੰ ਕਰਨਾਟਕ ਅਸੈਂਬਲੀ ਚੋਣਾਂ ਵਿੱਚ ਭਾਜਪਾ ਦੇ ਮੱਥੇ ਲਾਉਣ ਦੀਆਂ ਵਿਉਂਤਾਂ ਘੜੀਆਂ ਜਾਣ ਲੱਗੀਆਂ ਹਨ। ਜੇਲ੍ਹ ਵਿੱਚੋਂ ਰਿਹਾਈ ਤੋਂ ਫੌਰੀ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਸਿੱਧੂ ਨੇ ਭਾਜਪਾ ਤੇ ‘ਆਪ’ ਉੱਤੇ ਕਥਿਤ ਦੋਸਤਾਨਾ ਮੈਚ ਜ਼ਰੀਏ ਪੰਜਾਬੀਆਂ ਨੂੰ ਬਦਨਾਮ ਕਰਨ ਤੇ ਸੂਬੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨ ਲਈ ਸਾਜ਼ਿਸ਼ ਘੜਨ ਦਾ ਦੋਸ਼ ਲਾਇਆ ਸੀ। ਸਿੱਧੂ ਅਗਲੇ ਕੁਝ ਦਿਨਾਂ ਵਿੱਚ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨੂੰ ਦਿੱਲੀ ’ਚ ਮਿਲ ਸਕਦੇ ਹਨ ਜਦੋਂਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਉਹ ਸੋਮਵਾਰ ਨੂੰ ਮਿਲਣਗੇ। ਸਿੱਧੂ ਦੀ ਭੂਮਿਕਾ ਬਾਰੇ ਭਲਕੇ ਚਰਚਾ ਹੋਣ ਦੀ ਸੰਭਾਵਨਾ ਹੈ, ਕਿਉਂਕਿ ਪੰਜਾਬ ਨਾਲ ਸਬੰਧਤ ਕਈ ਸੀਨੀਅਰ ਪਾਰਟੀ ਆਗੂ ਸੂਰਤ ਕੋਰਟ ਵਿੱਚ ਰਾਹੁਲ ਗਾਂਧੀ ਦੇ ਨਾਲ ਮੌਜੂਦ ਰਹਿਣਗੇ। ਰਾਹੁਲ ਵੱਲੋਂ ਭਲਕੇ ਸੈਸ਼ਨਜ਼ ਕੋਰਟ ਵਿੱਚ ਦੋ ਸਾਲ ਦੀ ਸਜ਼ਾ ਖਿਲਾਫ ਅਪੀਲ ਦਾਇਰ ਕੀਤੀ ਜਾਣੀ ਹੈ। ਕਾਂਗਰਸ ਪਾਰਟੀ ਨੇ ਇਸ ਸਾਲ ਜਨਵਰੀ ਵਿੱਚ ‘ਭਾਰਤ ਜੋੜੋ ਯਾਤਰਾ’ ਦੇ ਪੰਜਾਬ ਵਿਚਲੇ ਪੜਾਅ ਦੌਰਾਨ ਸਿੱਧੂ ਦੀ ਪਤਨੀ ਡਾ.ਨਵਜੋਤ ਕੌਰ ਸਿੱਧੂ ਨੂੰ ਸੱਦਾ ਭੇਜਿਆ ਸੀ। ਡਾ. ਸਿੱਧੂ ਆਪਣੇ ਪਤੀ ਦੀ ਗੈਰਹਾਜ਼ਰੀ ਵਿੱਚ ਰਾਹੁਲ ਦੇ ਕਦਮ ਨਾਲ ਕਦਮ ਮਿਲਾ ਕੇ ਤੁਰੇ। ਉਧਰ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਤੋਂ ਪਹਿਲਾਂ ਆਪਣੇ ਤੇਜ਼ਤਰਾਰ ਤੇ ਲੋਕਾਂ ’ਚ ਹਰਮਨਪਿਆਰੇ ਆਗੂਆਂ ਨੂੰ ਇਕ ਮੰਚ ’ਤੇ ਲਿਆਉਣ ਲਈ ਕੰਮ ਕਰ ਰਹੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨੇ ਕਿਹਾ ਕਿ ਉਹ ਸਿੱਧੂ ਨੂੰ ਮਿਲਣ ਲਈ ਬੇਤਾਬ ਹਨ। ਵੜਿੰਗ ਨੇ ਕਿਹਾ ਕਿ ਉਨ੍ਹਾਂ ਨੂੰ ਸਿੱਧੂ ਦੇ ਜਨਤਕ ਜੀਵਨ ਵਿੱਚ ਪਰਤਣ ਦੀ ਉਡੀਕ ਹੈ। ਉਨ੍ਹਾਂ ਕਿਹਾ, ‘‘ਸਿੱਧੂ ਹੋਰਨਾਂ ਸੀਨੀਅਰ ਆਗੂਆਂ ਨਾਲ ਸਿਆਸੀ ਮਾਮਲਿਆਂ ਬਾਰੇ ਕਮੇਟੀ ਦਾ ਹਿੱਸਾ ਹੋਣਗੇ।’’ ਉਧਰ ਸਿੱਧੂ ਦੇ ਇਕ ਕਰੀਬੀ ਨੇ ਕਿਹਾ ਕਿ ਸੂਬੇ ਨੂੰ ਮੁੜ ਪੈਰਾਂ ਸਿਰ ਕਰਨ ਦਾ ਅਧੂਰਾ ਏਜੰਡਾ ਉਨ੍ਹਾਂ ਦੀ ਤਰਜੀਹੀ ਸੂਚੀ ਵਿੱਚ ਸ਼ਾਮਲ ਹੈ ਤੇ ਸਿੱਧੂ ਪੰਜਾਬ ਦੀ ਸਿਆਸਤ ’ਚ ਸਰਗਰਮ ਰਹਿਣਗੇ। ਸਿੱਧੂ ਸੋਮਵਾਰ ਨੂੰ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਵੀ ਮਿਲਣਗੇ।

Add a Comment

Your email address will not be published. Required fields are marked *