ਏਸ਼ੀਅਨ ਚੈਂਪੀਅਨਜ਼ ਟਰਾਫੀ ਲਈ ਭਾਰਤ ਪਹੁੰਚੀ ਮਲੇਸ਼ੀਆ ਟੀਮ

ਚੇਨਈ- ਮਲੇਸ਼ੀਆ ਪੁਰਸ਼ ਹਾਕੀ ਟੀਮ ਇੱਥੇ ਹੋਣ ਵਾਲੀ ਏਸ਼ੀਅਨ ਚੈਂਪੀਅਨਜ਼ ਟਰਾਫੀ 2023 ‘ਚ ਹਿੱਸਾ ਲੈਣ ਲਈ ਸ਼ਨੀਵਾਰ ਨੂੰ ਭਾਰਤ ਪਹੁੰਚੀ। ਇਹ ਟੂਰਨਾਮੈਂਟ 3 ਤੋਂ 12 ਅਗਸਤ ਤੱਕ ਮੇਅਰ ਰਾਧਾਕ੍ਰਿਸ਼ਨਨ ਸਟੇਡੀਅਮ ‘ਚ ਹੋਣਾ ਹੈ। ਮਲੇਸ਼ੀਆ ਪੰਜ ਵਾਰ ਇਸ ਈਵੈਂਟ ‘ਚ ਤੀਜੇ ਸਥਾਨ ‘ਤੇ ਰਿਹਾ ਹੈ ਅਤੇ ਇਸ ਵਾਰ ਖਿਤਾਬ ਜਿੱਤਣ ਲਈ ਸੈਮੀਫਾਈਨਲ ਦੀ ਰੁਕਾਵਟ ਨੂੰ ਪਾਰ ਕਰਨਾ ਚਾਹੇਗਾ। ਪਿਛਲੇ ਸਾਲਾਂ ਤੋਂ ਸ਼ਾਨਦਾਰ ਫਾਰਮ ‘ਚ ਚੱਲ ਰਹੀ ਮਲੇਸ਼ੀਆ ਦੀ ਟੀਮ ਨੇ 2018 ਏਸ਼ੀਆਈ ਖੇਡਾਂ ‘ਚ ਚਾਂਦੀ ਦਾ ਤਮਗਾ ਜਿੱਤਿਆ ਸੀ, ਜਦਕਿ ਪਿਛਲੇ ਸਾਲ ਏਸ਼ੀਆ ਕੱਪ ‘ਚ ਵੀ ਦੂਜੇ ਸਥਾਨ ‘ਤੇ ਰਹੀ ਸੀ।

ਏਸ਼ੀਅਨ ਚੈਂਪੀਅਨਜ਼ ਟਰਾਫੀ ‘ਚ ਮਲੇਸ਼ੀਆ ਦਾ ਮੁਕਾਬਲਾ ਜਾਪਾਨ, ਕੋਰੀਆ, ਪਾਕਿਸਤਾਨ, ਚੀਨ ਅਤੇ ਮੇਜ਼ਬਾਨ ਭਾਰਤ ਨਾਲ ਹੋਵੇਗਾ। ਟੂਰਨਾਮੈਂਟ ਦੇ ਫਾਰਮੈਟ ਦੇ ਅਨੁਸਾਰ, ਸਾਰੀਆਂ ਟੀਮਾਂ ਲੀਗ ਪੜਾਅ ‘ਚ ਇੱਕ ਦੂਜੇ ਨਾਲ ਭਿੜਨਗੀਆਂ ਅਤੇ ਚੋਟੀ ਦੀਆਂ ਚਾਰ ਟੀਮਾਂ ਸੈਮੀਫਾਈਨਲ ‘ਚ ਪਹੁੰਚਣਗੀਆਂ। ਮਲੇਸ਼ੀਆ ਦੀ ਟੀਮ 3 ਅਗਸਤ ਨੂੰ ਪਾਕਿਸਤਾਨ ਖ਼ਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਮਲੇਸ਼ੀਆ ਦੇ ਕਪਤਾਨ ਮਰਹਾਨ ਜਲੀਲ ਨੇ ਭਾਰਤ ਪਹੁੰਚਣ ‘ਤੇ ਕਿਹਾ, ‘ਮੈਂ ਭਾਰਤ ਪਰਤ ਕੇ ਬਹੁਤ ਖੁਸ਼ ਅਤੇ ਰੋਮਾਂਚਿਤ ਹਾਂ। ਏਸ਼ਿਆਈ ਚੈਂਪੀਅਨਜ਼ ਟਰਾਫੀ ਲਈ ਸਾਡੀਆਂ ਤਿਆਰੀਆਂ ਜ਼ੋਰਾਂ ’ਤੇ ਹਨ ਅਤੇ ਅਸੀਂ ਇਸ ਟੂਰਨਾਮੈਂਟ ‘ਚ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਾਂਗੇ। ਮੈਂ ਮੇਅਰ ਰਾਧਾਕ੍ਰਿਸ਼ਨਨ ਸਟੇਡੀਅਮ ਨੂੰ ਪੂਰੀ ਸਮਰੱਥਾ ਨਾਲ ਦੇਖਣ ਦੀ ਉਮੀਦ ਕਰ ਰਿਹਾ ਹਾਂ।

ਮਲੇਸ਼ੀਆ ਦੇ ਕੋਚ ਅਰੁਲ ਐਂਥਨੀ ਨੇ ਕਿਹਾ, ‘ਅਸੀਂ ਖੇਡ ਦਾ ਨਵਾਂ ਢਾਂਚਾ ਤਿਆਰ ਕੀਤਾ ਹੈ ਅਤੇ ਪਿਛਲੇ ਕੁਝ ਮੈਚਾਂ ‘ਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ। ਮਰਹਾਨ ਦੀ ਅਗਵਾਈ ‘ਚ ਖਿਡਾਰੀ ਨਵੀਆਂ ਯੋਜਨਾਵਾਂ ‘ਚ ਚੰਗੀ ਤਰ੍ਹਾਂ ਢੱਲ ਗਏ ਹਨ। ਮੈਂ ਉਨ੍ਹਾਂ ਦੇ ਪ੍ਰਦਰਸ਼ਨ ਤੋਂ ਬਹੁਤ ਖੁਸ਼ ਹਾਂ ਅਤੇ ਏਸ਼ੀਅਨ ਚੈਂਪੀਅਨਸ ਟਰਾਫੀ ‘ਚ ਵੀ ਇਸੇ ਦੀ ਉਮੀਦ ਕਰ ਰਿਹਾ ਹਾਂ।

Add a Comment

Your email address will not be published. Required fields are marked *