‘ਨਵਜੋਤ ਸਿੰਘ ਸਿੱਧੂ ਨੂੰ ਚੁੱਪ ਕਰਾਓ ਜਾਂ ਬਾਹਰ ਦਾ ਰਾਹ ਦਿਖਾਓ’-ਕਾਂਗਰਸ ਦੇ ਲੀਡਰ

ਚੰਡੀਗੜ੍ਹ – ਪੰਜਾਬ ਕਾਂਗਰਸ ਵਿਚ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਵਿਰੋਧ ਲਗਾਤਾਰ ਵਧਦਾ ਜਾ ਰਿਹਾ ਹੈ। ਅੱਜ ਇੱਥੇ ਪੰਜਾਬ ਕਾਂਗਰਸ ਭਵਨ ਵਿਚ ਬੈਠਕ ਦੌਰਾਨ ਸੂਬੇ ਦੇ ਬਲਾਕ ਪ੍ਰਧਾਨਾਂ ਨੇ ਪਾਰਟੀ ਦੇ ਸੂਬਾ ਇੰਚਾਰਜ ਦੇਵੇਂਦਰ ਯਾਦਵ ਦੇ ਸਾਹਮਣੇ ਇਕ ਸੁਰ ਵਿਚ ਕਿਹਾ ਕਿ ਪਾਰਟੀ ਹਾਈ ਕਮਾਨ ਨਵਜੋਤ ਸਿੰਘ ਸਿੱਧੂ ਬਾਰੇ ਜਲਦੀ ਕੋਈ ਫ਼ੈਸਲਾ ਲਵੇ। ਹਾਈ ਕਮਾਨ ਜਾਂ ਤਾਂ ਸਿੱਧੂ ਨੂੰ ਚੁੱਪ ਕਰਵਾਉਣ ਜਾਂ ਫਿਰ ਉਨ੍ਹਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਉਣ।

ਉਨ੍ਹਾਂ ਦਾ ਕਹਿਣਾ ਸੀ ਕਿ ਸਿੱੱਧੂ ਵੱਲੋਂ ਸੂਬਾ ਇਕਾਈ ਤੋਂ ਵੱਖ ਪ੍ਰੋਰਗਾਮ ਕਰਨ ਨਾਲ ਪਾਰਟੀ ਵਰਕਰਾਂ ਵਿਚ ਗਲਤ ਸੰਕੇਤ ਜਾ ਰਿਹਾ ਹੈ। ਧਿਆਨਯੋਗ ਹੈ ਕਿ ਮੰਗਲਵਾਰ ਨੂੰ ਵੀ ਸੂਬੇ ਦੇ ਸੀਨੀਅਰ ਨੇਤਾਵਾ ਨੇ ਦੇਵੇਂਦਰ ਯਾਦਵ ਦੇ ਸਾਹਮਣੇ ਨਵਜੋਤ ਸਿੰਘ ਸਿੱਧੂ ਸਬੰਧੀ ਭੜਾਸ ਕੱਢੀ ਸੀ। ਸੂਤਰਾਂ ਮੁਤਾਬਿਕ ਬਲਾਕ ਪ੍ਰਧਾਨਾਂ ਦਾ ਕਹਿਣਾ ਸੀ ਕਿ ਉਹ ਆਪਣੇ ਇਲਾਕੇ ਵਿਚ 1-1 ਵੋਟ ਰੋਜ਼ਾਨਾ ਜੋੜਦੇ ਹਨ ਤੇ ਇਸ ਦੇ ਲਈ ਸਖ਼ਤ ਮਿਹਨਤ ਵੀ ਕਰਦੇ ਹਨ ਪਰ ਚੋਣ ਸਮੇਂ ਕੀਤੀ ਗਈ ਗਲਤ ਬਿਆਨਬਾਜ਼ੀ ਇਕ ਝਟਕੇ ਵਿਚ 8-10 ਹਜ਼ਾਰ ਵੋਟਾਂ ਤੋੜ ਦਿੰਦੀ ਹੈ। ਸਿੱਧੂ ਦੀਆਂ ਰੈਲੀਆਂ ਵਿਚ ਚਾਹੇ 8 ਹਜ਼ਾਰ ਲੋਕ ਆਉਂਦੇ ਹੋਣ ਪਰ ਪਾਰਟੀ ਦੇ ਬਾਕੀ ਵਰਕਰਾਂ ’ਤੇ ਇਸ ਦਾ ਉਲਟ ਅਸਰ ਹੋ ਰਿਹਾ ਹੈ।

ਬੈਠਕ ਵਿਚ ਬਲਾਕ ਪ੍ਰਧਾਨਾਂ ਨੇ ਸੂਬਾ ਇੰਚਾਰਜ ਨੂੰ ਕਿਹਾ ਕਿ ਆਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਨਾਲ ਪੰਜਾਬ ਵਿਚ ਕੋਈ ਗਠਜੋੜ ਨਾ ਕੀਤਾ ਜਾਵੇ। ਪਾਰਟੀ ਵਰਕਰ ਤਕੜੇ ਹੋ ਕੇ ਸਾਰੀਆਂ ਸੀਟਾਂ ਜਿਤਾਉਣ ਵਿਚ ਸਮਰਥ ਹਨ। ਗਠਜੋੜ ਨਾਲ ਪਾਰਟੀ ਵਰਕਰਾਂ ਦਾ ਮਨੋਬਲ ਡਿੱਗ ਸਕਦਾ ਹੈ। ਦੇਵੇਂਦਰ ਯਾਦਵ ਨੇ ਸੂਬੇ ਵਿਚ ਬਣੇ ਮੰਡਲਾਂ ਬਾਰੇ ਰਿਪੋਰਟ ਲਈ। ਹੁਣ ਤੱਕ ਬਲਾਕ ਪ੍ਰਧਾਨ ਆਪਣੇ ਬਲਾਕ ਵਿਚ ਕਰੀਬ 70 ਫ਼ੀਸਦੀ ਤੱਕ ਮੰਡਲ ਬਣਾ ਚੁੱਕੇ ਹਨ, ਜਦਕਿ 30 ਫ਼ੀਸਦੀ ਮੰਡਲ ਬਣਨੇ ਬਾਕੀ ਹਨ। ਯਾਦਵ ਨੇ ਜਲਦੀ ਤੋਂ ਜਲਦੀ ਇਹ ਮੰਡਲ ਬਣਾਉਣ ਦੇ ਸਖ਼ਤੀ ਨਾਲ ਨਿਰਦੇਸ਼ ਦਿੱਤੇ।

Add a Comment

Your email address will not be published. Required fields are marked *