ਇੰਦਰਾ ਗਾਂਧੀ ਦੀ ਜੈਅੰਤੀ ਮੌਕੇ ਮੋਦੀ ਵੱਲੋਂ ਸ਼ਰਧਾਂਜਲੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ, ਕਾਂਗਰਸ ਪ੍ਰਧਾਨ ਮਲਿਕਾਰੁਜਨ ਖੜਗੇ ਸਣੇ ਕਈ ਨੇਤਾਵਾਂ ਨੇ ਅੱਜ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਨ੍ਹਾਂ ਦੇ 105ਵੇਂ ਜਨਮਦਿਨ ਮੌਕੇ ਸ਼ਕਤੀ ਸਥਲ ਪਹੁੰਚ ਕੇ ਇੰਦਰਾ ਗਾਂਧੀ ਦੇ ਸਮਾਰਕ ’ਤੇ ਸ਼ਰਧਾਂਜਲੀਆਂ ਭੇਟ ਕੀਤੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦਿਆਂ ਕਿਹਾ, ‘‘ ਸਾਬਕਾ ਮਰਹੂਮ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੂੰ ਉਨ੍ਹਾਂ ਦੀ ਜੈਅੰਤੀ ਮੌਕੇ ਸ਼ਰਧਾਂਜਲੀ ਭੇਟ ਕੀਤੀ।’’ 

ਮਲਿਕਾਰਜੁਨ ਖੜਗੇ ਨੇ ਟਵੀਟ ਕਰਦਿਆਂ ਕਿਹਾ, ‘‘ਭਾਰਤ ਦੀ ਲੋਹ ਨਾਰੀ ਮਰਹੂਮ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੂੰ ਉਨ੍ਹਾਂ ਦੀ ਜੈਅੰਤੀ ਮੌਕੇ ਸ਼ਕਤੀ ਸਥਲ ’ਤੇ ਸ਼ਰਧਾਂਜਲੀ ਭੇਟ ਕੀਤੀ। ਇੱਕ ਮਜ਼ਬੂਤ ਅਤੇ ਸੰਯੁਕਤ ਭਾਰਤ ਪ੍ਰਤੀ ਅਦੁੱਤੀ ਭਾਵਨਾ, ਬਹਾਦਰੀ ਅਤੇ ਵਚਨਬੱਧਤਾ ਲਈ ਉਨ੍ਹਾਂ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ।’’ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀ ‘ਭਾਰਤ ਜੋੜੋ ਯਾਤਰਾ’ ਦੌਰਾਨ ਮਹਾਰਾਸ਼ਟਰ ਵਿੱਚ ਇੰਦਰਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ। ਰਾਹੁਲ ਨੇ ਹਿੰਦੀ ਵਿੱਚ ਟਵੀਟ ਕਰਦਿਆਂ ਕਿਹਾ, ‘‘ਆਜ਼ਾਦੀ ਦੇ ਸੰਗਰਾਮ ਦੌਰਾਨ ਪਲੀ, ਭਾਰਤ ਦੇ ਮਹਾਨ ਨੇਤਾਵਾਂ ਤੋਂ ਸਿੱਖਣ ਵਾਲੀ ਅਤੇ ਪਿਤਾ ਦੀ ਲਾਡਲੀ ਸੀ ਉਹ। ਦੇਸ਼ ਲਈ ਦੁਰਗਾ, ਦੁਸ਼ਮਣਾਂ ਲਈ ਕਾਲੀ ਸੀ- ਨਿਡਰ, ਤੇਜੱਸਵੀ, ਪ੍ਰਿਆਦਰਸ਼ਨੀ।’’ 

ਭਾਜਪਾ ਦੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਵੀ ਇੰਦਰਾ ਗਾਂਧੀ ਨਾਲ ਤਸਵੀਰ ਸਾਂਝੀ ਕਰਦਿਆਂ ਆਪਣੀ ਦਾਦੀ ਨੂੰ ਯਾਦ ਕੀਤਾ। ਉਨ੍ਹਾਂ ਇੱਕ ਟਵੀਟ ਕਰਦਿਆਂ ਕਿਹਾ, ‘‘ਸਿਰਫ਼ ਲੀਡਰਸ਼ਿਪ ਹੀ ਨਹੀਂ ਸਗੋਂ ਉਦਾਰਤਾ, ਸਿਰਫ਼ ਸ਼ਕਤੀ ਹੀ ਨਹੀਂ ਸਗੋਂ ਮਮਤਾ, ਦੇਸ਼ ਦੀ ਮਾਂ ਅਤੇ ਮੇਰੀ ਪਿਆਰੀ ਦਾਦੀ ਨੂੰ ਉਨ੍ਹਾਂ ਦੀ ਜੈਅੰਤੀ ’ਤੇ ਸ਼ਰਧਾਂਜਲੀ।’’

ਇਸੇ ਦੌਰਾਨ ਕਾਂਗਰਸ ਨੇ ਇੰਦਰਾ ਗਾਂਧੀ ਦੇ ਜੀਵਨ ਨਾਲ ਸਬੰਧਤ ਇੱਕ ਵੀਡੀਓ ਸਾਂਝੀ ਕਰਦਿਆਂ ਕਿਹਾ, ‘‘ਅੱਜ ਅਸੀਂ ਭਾਰਤ ਦੀ ਲੋਹ ਨਾਰੀ ਮਰਹੂਮ ਇੰਦਰਾ ਗਾਂਧੀ ਜੀ ਨੂੰ ਯਾਦ ਕਰ ਰਹੇ ਹਾਂ। ਉਨ੍ਹਾਂ ਦੀ 1971 ਦੀ ਜੰਗ ਸਮੇਂ ਭੂਮਿਕਾ ਬੇਮਿਸਾਲ ਸੀ। ਉਹ ਸੇਵਾ, ਸਬਰ, ਸੰਜਮ ਅਤੇ ਨਿਰਣਾਇਕ ਅਗਵਾਈ ਦੀ ਪ੍ਰਤੀਕ ਸੀ।’’ ਇਸ ਤੋਂ ਪਹਿਲਾਂ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਸੀਨੀਅਰ ਕਾਂਗਰਸੀ ਆਗੂ ਭੁਪੇਂਦਰ ਹੁੱਡਾ ਨੇ ਵੀ ਸ਼ਕਤੀ ਸਥਲ ’ਤੇ ਇੰਦਰਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ। 

Add a Comment

Your email address will not be published. Required fields are marked *