ਪਾਣੀ ਦੇ ਵਾਧੂ ਬਿੱਲਾਂ ਤੋਂ ਨਾਰਾਜ਼ ਕਾਂਗਰਸੀਆਂ ਨੇ ਮੇਅਰ ਦਾ ਘਰ ਘੇਰਿਆ

ਸ਼ਹਿਰ ਵਿੱਚ ਪਾਣੀ ਦੇ ਵਾਧੂ ਬਿੱਲ ਆਉਣ ਤੋਂ ਨਾਰਾਜ਼ ਚੰਡੀਗੜ੍ਹ ਕਾਂਗਰਸ ਨੇ ਮੇਅਰ ਸਰਬਜੀਤ ਕੌਰ ਦੇ ਮਨੀਮਾਜਰਾ ਸਥਿਤ ਘਰ ਦਾ ਘਿਰਾਓ ਕੀਤਾ। ਇਸ ਮੌਕੇ ਕਾਂਗਰਸੀਆਂ ਨੇ ਚੰਡੀਗੜ੍ਹ ਨਗਰ ਨਿਗਮ ਦੀ ਮੇਅਰ ਅਤੇ ਯੂਟੀ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪਾਣੀ ਦੇ ਬਿੱਲਾਂ ਵਿੱਚ ਕੂੜਾ ਚੁੱਕਣ ਦੇ ਵਾਧੂ ਖਰਚੇ ਪਾਏ ਗਏ ਹਨ ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਚੰਡੀਗੜ੍ਹ ਦੇ ਵਾਰਡ ਨੰਬਰ 5 ਤੋਂ ਕਾਂਗਰਸੀ ਕੌਂਸਲਰ ਦਰਸ਼ਨਾ ਦੇਵੀ, ਸਾਬਕਾ ਮੇਅਰ ਗੁਰਚਰਨ ਦਾਸ ਕਾਲਾ ਅਤੇ ਹੋਰਨਾਂ ਕਾਂਗਰਸੀਆਂ ਆਗੂਆਂ ਨੇ ਅੱਜ ਸਵੇਰ ਸਮੇਂ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰਾਂ ਨਾਲ ਮਨੀਮਾਜਰਾ ਵਿੱਚ ਮੇਅਰ ਸਰਬਜੀਤ ਕੌਰ ਦੇ ਘਰ ਤੱਕ ਨਾਅਰੇਬਾਜ਼ੀ ਕਰਦਿਆਂ ਮਾਰਚ ਕੀਤਾ। ਇਸ ਮੌਕੇ ਚੰਡੀਗੜ੍ਹ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਮੇਅਰ ਦੇ ਘਰ ਤੋਂ ਕੁਝ ਦੂਰੀ ’ਤੇ ਹੀ ਰੋਕ ਦਿੱਤਾ। ਕਾਂਗਰਸੀਆਂ ਨੇ ਉਸੇ ਥਾਂ ’ਤੇ ਚੰਡੀਗੜ੍ਹ ਨਗਰ ਨਿਗਮ ਤੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਭਾਜਪਾ ’ਤੇ ਮਨਮਾਨੀਆਂ ਕਰਦਿਆਂ ਲੋਕਾਂ ’ਤੇ ਵਾਧੂ ਬੋਝ ਪਾਉਣ ਦੇ ਦੋਸ਼ ਲਗਾਏ। ਕਾਂਗਰਸ ਦੇ ਸੀਨੀਅਰ ਆਗੂ ਪਵਨ ਕੁਮਾਰ ਬਾਂਸਲ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਚੰਡੀਗੜ੍ਹ ਨਗਰ ਨਿਗਮ ਭਾਜਪਾ ਦੇ ਇਸ਼ਾਰੇ ’ਤੇ ਲੋਕ ਵਿਰੋਧੀ ਫੈਸਲੇ ਲੈ ਰਹੀ ਹੈ। ਉਨ੍ਹਾਂ ਸ਼ਹਿਰ ਵਾਸੀਆਂ ਦੀ ਹਮਾਇਤ ਵਿੱਚ ਸ਼ੁਰੂ ਕੀਤੀ ਲੜਾਈ ਨੂੰ ਅਖੀਰ ਤੱਕ ਲੜਨ ਦਾ ਐਲਾਨ ਕੀਤਾ। ਬਾਂਸਲ ਨੇ ਕਿਹਾ ਕਿ 29 ਨਵੰਬਰ ਨੂੰ ਨਿਗਮ ਦੀ ਜਨਰਲ ਹਾਊਸ ਮੀਟਿੰਗ ਤੱਕ ਲੋਕਾਂ ਦੇ ਪਾਣੀ ਦੇ ਬਿੱਲਾਂ ਦਾ ਭੁਗਤਾਨ ਰੋਕਣ ਦੀ ਅਪੀਲ ਕੀਤੀ ਤਾਂ ਜੋ ਨਿਗਮ ਹਾਊਸ ਦੀ ਮੀਟਿੰਗ ਵਿੱਚ ਫ਼ੈਸਲੇ ਤੋਂ ਬਾਅਦ ਲੋਕਾਂ ਦੇ ਬਿੱਲਾਂ ਵਿੱਚ ਕਟੌਤੀ ਕੀਤੀ ਜਾ ਸਕੇ। ਕਾਂਗਰਸ ਦੇ ਯੂਟੀ ਪ੍ਰਧਾਨ ਐੱਚਐੱਸ ਲੱਕੀ ਨੇ ਕਿਹਾ ਕਿ ਜੇ ਨਗਰ ਨਿਗਮ ਨੇ ਪਾਣੀ ਦੇ ਬਿੱਲਾਂ ਵਿੱਚ ਕਟੌਤੀ ਦਾ ਫ਼ੈਸਲਾ ਨਾ ਲਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਕਾਂਗਰਸੀ ਆਗੂ ਸੁਰਜੀਤ ਸਿੰਘ ਢਿੱਲੋਂ, ਸੰਜੀਵ ਗਾਬਾ, ਸੰਜੈ ਭਜਨੀ ਸਣੇ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਹਾਜ਼ਰ ਰਹੇ।

ਮੇਅਰ ਵੱਲੋਂ ਨਿਗਮ ਦੀ ਹਾਊਸ ਮੀਟਿੰਗ ਵਿੱਚ ਮੁੱਦਾ ਰੱਖਣ ਦਾ ਭਰੋਸਾ

ਚੰਡੀਗੜ੍ਹ ਨਗਰ ਨਿਗਮ ਦੀ ਮੇਅਰ ਸਰਬਜੀਤ ਕੌਰ ਨੇ ਘਰ ਤੋਂ ਬਾਹਰ ਆ ਕੇ ਪ੍ਰਦਰਸ਼ਨਕਾਰੀਆਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਮੇਅਰ ਨੇ ਪ੍ਰਦਰਸ਼ਨਕਾਰੀਆਂ ਨੂੰ ਨਗਰ ਨਿਗਮ ਦੇ 29 ਨਵੰਬਰ ਨੂੰ ਹੋਣ ਵਾਲੀ ਜਨਰਲ ਹਾਊਸ ਦੀ ਮੀਟਿੰਗ ਵਿੱਚ ਪਾਣੀ ਦੇ ਬਿੱਲਾਂ ਵਿੱਚੋਂ ਕੂੜਾ ਚੁੱਕਣ ਦੇ ਖਰਚਿਆਂ ਬਾਰੇ ਗੱਲਬਾਤ ਕਰਨ ਦਾ ਭਰੋਸਾ ਦਿਵਾਇਆ। ਉਨ੍ਹਾਂ ਕਿਹਾ ਕਿ ਜਨਰਲ ਹਾਊਸ ਦੀ ਮੀਟਿੰਗ ਵਿੱਚ ਉਕਤ ਮਸਲੇ ਦਾ ਹੱਲ ਕੱਢਿਆ ਜਾਵੇਗਾ।

Add a Comment

Your email address will not be published. Required fields are marked *