ਦੀਵਾਲੀ ਤੋਂ ਪਹਿਲਾਂ ਕਿਸਾਨਾਂ ਨੂੰ ਮਿਲੇਗਾ ਤੋਹਫਾ, ਫਸਲਾਂ ਦੀ MSP ’ਚ ਹੋ ਸਕਦੈ ਵਾਧਾ

ਨਵੀਂ ਦਿੱਲੀ  – ਲੋਕ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਕਿਸਾਨਾਂ ਨੂੰ ਵੱਡਾ ਤੋਹਫਾ ਦੇ ਸਕਦੀ ਹੈ। ਕਿਹਾ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਹਾੜ੍ਹੀ ਦੀਆਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਵਿਚ ਵਾਧਾ ਕਰ ਸਕਦੀ ਹੈ। ਇਸ ਨਾਲ ਕਰੋੜਾਂ ਕਿਸਾਨਾਂ ਨੂੰ ਫਾਇਦਾ ਹੋਵੇਗਾ।

ਸੂਤਰਾਂ ਮੁਤਾਬਕ ਕੇਂਦਰ ਸਰਕਾਰ ਕਣਕ ਦੀ ਐੱਮ. ਐੱਸ. ਪੀ. ਵਿਚ 150 ਤੋਂ 175 ਰੁਪਏ ਪ੍ਰਤੀ ਕੁਇੰਟਲ ਦੀ ਦਰ ਨਾਲ ਵਾਧਾ ਕਰ ਸਕਦੀ ਹੈ। ਇਸ ਨਾਲ ਖਾਸ ਕਰ ਕੇ ਉੱਤਰ ਪ੍ਰਦੇਸ਼, ਹਰਿਆਣਾ, ਬਿਹਾਰ, ਪੰਜਾਬ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਕਿਸਾਨਾਂ ਨੂੰ ਸਭ ਤੋਂ ਵੱਧ ਫਾਇਦਾ ਹੋਵੇਗਾ। ਇਨ੍ਹਾਂ ਸੂਬਿਆਂ ’ਚ ਸਭ ਤੋਂ ਵੱਧ ਕਣਕ ਦੀ ਖੇਤੀ ਹੁੰਦੀ ਹੈ। ਮੀਡੀਆ ਰਿਪੋਰਟ ਮੁਤਾਬਕ ਕੇਂਦਰ ਸਰਕਾਰ ਅਗਲੇ ਸਾਲ ਲਈ ਕਣਕ ਦੀ ਐੱਮ. ਐੱਸ. ਪੀ. ਵਿਚ 3 ਤੋਂ 10 ਫੀਸਦੀ ਦਰਮਿਆਨ ਵਾਧਾ ਕਰ ਸਕਦੀ ਹੈ। ਜੇ ਕੇਂਦਰ ਸਰਕਾਰ ਅਜਿਹਾ ਕਰਦੀ ਹੈ ਤਾਂ ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ 2300 ਰੁਪਏ ਪ੍ਰਤੀ ਕੁਇੰਟਲ ਤੱਕ ਪੁੱਜ ਸਕਦਾ ਹੈ। ਹਾਲਾਂਕਿ ਮੌਜੂਦਾ ਸਮੇਂ ਵਿਚ ਕਣਕ ਦੀ ਐੱਮ. ਐੱਸ. ਪੀ. 2125 ਰੁਪਏ ਪ੍ਰਤੀ ਕੁਇੰਟਲ ਹੈ। ਇਸ ਤੋਂ ਇਲਾਵਾ ਸਰਕਾਰ ਮਸਰਾਂ ਦੀ ਦਾਲ ਦੀ ਐੱਮ. ਐੱਸ. ਪੀ. ’ਚ ਵੀ 10 ਫੀਸਦੀ ਦਾ ਵਾਧਾ ਕਰ ਸਕਦੀ ਹੈ।

ਉੱਥੇ ਹੀ ਸਰ੍ਹੋਂ ਅਤੇ ਸੂਰਜਮੁਖੀ ਦੀ ਐੱਮ. ਐੱਸ. ਪੀ. ਵਿਚ 5 ਤੋਂ 7 ਫੀਸਦੀ ਦਾ ਵਾਧਾ ਕੀਤਾ ਜਾ ਸਕਦਾ ਹੈ। ਉਮੀਦ ਹੈ ਕਿ ਆਉਣ ਵਾਲੇ ਇਕ ਹਫਤੇ ’ਚ ਕੇਂਦਰ ਸਰਕਾਰ ਹਾੜ੍ਹੀ, ਦਾਲਾਂ ਅਤੇ ਤਿਲਹਨ ਫਸਲਾਂ ਦੀ ਐੱਮ. ਐੱਸ. ਪੀ. ਵਧਾਉਣ ਲਈ ਮਨਜ਼ੂਰੀ ਦੇ ਸਕਦੀ ਹੈ। ਖਾਸ ਗੱਲ ਇਹ ਹੈ ਕਿ ਐੱਮ. ਐੱਸ. ਪੀ. ਵਿਚ ਵਾਧਾ ਕਰਨ ਦਾ ਫੈਸਲਾ ਮਾਰਕੀਟਿੰਗ ਸੀਜ਼ਨ 2024-25 ਲਈ ਲਿਆ ਜਾਵੇਗਾ।

ਖੇਤੀਬਾੜੀ ਲਾਗਤ ਅਤੇ ਮੁੱਲ ਕਮਿਸ਼ਨ ਦੀ ਸਿਫਾਰਿਸ਼ ’ਤੇ ਕੇਂਦਰ ਘੱਟੋ-ਘੱਟ ਸਮਰਥਨ ਮੁੱਲ ਤੈਅ ਕਰਦਾ ਹੈ। ਐੱਮ. ਐੱਸ. ਪੀ. ਵਿਚ 23 ਫਸਲਾਂ ਨੂੰ ਸ਼ਾਮਲ ਕੀਤਾ ਗਿਆ ਹੈ, 7 ਅਨਾਜ, 5 ਦਾਲਾਂ, 7 ਤਿਲਹਨ ਅਤੇ 4 ਨਕਦੀ ਫਸਲਾਂ ਸ਼ਾਮਲ ਹਨ। ਹਾੜ੍ਹੀ ਦੀ ਫਸਲ ਦੀ ਬਿਜਾਈ ਅਕਤੂਬਰ ਤੋਂ ਦਸੰਬਰ ਮਹੀਨੇ ਦਰਮਿਆਨ ਕੀਤੀ ਜਾਂਦੀ ਹੈ। ਉੱਥੇ ਹੀ ਫਰਵਰੀ ਤੋਂ ਮਾਰਚ ਅਤੇ ਅਪ੍ਰੈਲ ਮਹੀਨੇ ਦਰਮਿਆਨ ਇਸ ਦੀ ਕਟਾਈ ਹੁੰਦੀ ਹੈ।

Add a Comment

Your email address will not be published. Required fields are marked *