ਉਡਾਣ ਦੌਰਾਨ ਹਵਾ ‘ਚ ਖੁੱਲ੍ਹਿਆ ਜਹਾਜ਼ ਦਾ ਦਰਵਾਜ਼ਾ,ਐਮਰਜੈਂਸੀ ਹੋਈ ਲੈਂਡਿੰਗ

ਨਵੀਂ ਦਿੱਲੀ : ਉਡਾਣ ਦੌਰਾਨ ਵਾਪਰੀ ਹੈਰਾਨੀਜਨਕ ਘਟਨਾ ਤੋਂ ਬਾਅਦ ਅਲਾਸਕਾ ਏਅਰਲਾਈਨਜ਼ ਦੇ ਬੋਇੰਗ 737 ਮੈਕਸ 9 ਦੀ ਐਮਰਜੈਂਸੀ ਲੈਂਡਿੰਗ ਕੀਤੀ ਗਈ। ਦਰਅਸਲ, ਟੇਕਆਫ ਦੇ ਕੁਝ ਹੀ ਮਿੰਟਾਂ ਬਾਅਦ ਬੋਇੰਗ 737-9 ਮੈਕਸ ਜਹਾਜ਼ ਦਾ ਇੱਕ ਦਰਵਾਜ਼ਾ ਹਵਾ ਵਿੱਚ ਖੁੱਲ੍ਹ ਗਿਆ, ਜਿਸ ਕਾਰਨ ਐਮਰਜੈਂਸੀ ਲੈਂਡਿੰਗ ਕਰਨੀ ਪਈ। 

ਦੱਸ ਦੇਈਏ ਕਿ ਇਸ ਘਟਨਾ ਦੀ ਸਾਰੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਜਹਾਜ਼ ‘ਚ ਯਾਤਰਾ ਕਰ ਰਹੇ ਯਾਤਰੀਆਂ ਦੁਆਰਾ ਕੈਪਚਰ ਕੀਤੇ ਗਏ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਵਿਚਕਾਰਲੇ ਕੈਬਿਨ ਦਾ ਦਰਵਾਜ਼ਾ ਅਚਾਨਕ ਖ਼ੁੱਲ੍ਹ ਕੇ ਜਹਾਜ਼ ਤੋਂ ਪੂਰੀ ਤਰ੍ਹਾਂ ਵੱਖ ਹੋ ਗਿਆ। ਪਤਾ ਲੱਗਾ ਹੈ ਕਿ ਇਹ ਜਹਾਜ਼ ਪੋਰਟਲੈਂਡ ਤੋਂ ਓਨਟਾਰੀਓ, ਕੈਲੀਫੋਰਨੀਆ ਜਾ ਰਿਹਾ ਸੀ। ਇਹ ਘਟਨਾ ਜਹਾਜ਼ ਦੇ ਉਡਾਣ ਭਰਨ ਤੋਂ ਤੁਰੰਤ ਬਾਅਦ ਵਾਪਰ ਗਈ। ਇਸ ਜਹਾਜ਼ ‘ਚ 171 ਲੋਕ ਅਤੇ ਚਾਲਕ ਦਲ ਦੇ 6 ਮੈਂਬਰ ਸਵਾਰ ਸਨ, ਜੋ ਸੁਰੱਖਿਅਤ ਹਨ। ਅਮਰੀਕੀ ਸੁਰੱਖਿਆ ਬੋਰਡ ਵਲੋਂ ਬੋਇੰਗ 737 ਮੈਕਸ 9 ਦੀ ਐਮਰਜੈਂਸੀ ਲੈਂਡਿੰਗ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਪਤਾ ਲਗਾ ਰਿਹਾ ਹੈ ਕਿ ਹਾਦਸਾ ਕਿਵੇਂ ਵਾਪਰਿਆ। ਦਰਵਾਜ਼ਾ ਵੱਖ ਹੋਣ ਦਾ ਪਤਾ ਲੱਗਣ ਤੋਂ ਬਾਅਦ ਜਹਾਜ਼ ਨੂੰ ਪੋਰਟਲੈਂਡ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸੁਰੱਖਿਅਤ ਉਤਾਰ ਦਿੱਤਾ ਗਿਆ। ਘਟਨਾ ਤੋਂ ਬਾਅਦ ਅਲਾਸਕਾ ਏਅਰਲਾਈਨਜ਼ ਨੇ ਟਵਿੱਟਰ ‘ਤੇ ਲਿਖਿਆ, “ਅਸੀਂ ਘਟਨਾ ਦੀ ਜਾਂਚ ਕਰ ਰਹੇ ਹਾਂ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕੀ ਅਤੇ ਕਿਵੇਂ ਹੋਇਆ।”

Add a Comment

Your email address will not be published. Required fields are marked *