ਨਕਸਲੀ ਹਮਲੇ ‘ਚ ਸ਼ਹੀਦ ITBP ਜਵਾਨ ਦਾ ਸਾਂਬਾ ‘ਚ ਕੀਤਾ ਗਿਆ ਸਸਕਾਰ

ਸਾਂਬਾ/ਜੰਮੂ – ਛੱਤੀਸਗੜ੍ਹ ਵਿਚ ਨਕਸਲੀ ਹਮਲੇ ਵਿਚ ਸ਼ਹੀਦ ਹੋਏ ਇੰਡੋ-ਤਿੱਬਤੀਅਨ ਬਾਰਡਰ ਪੁਲਸ ਫੋਰਸ (ਆਈ.ਟੀ.ਬੀ.ਪੀ.) ਦੇ ਇਕ ਜਵਾਨ ਦਾ ਐਤਵਾਰ ਨੂੰ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦੇ ਸਾਂਬਾ ਜ਼ਿਲ੍ਹੇ ਵਿਚ ਉਸ ਦੇ ਜੱਦੀ ਪਿੰਡ ਵਿਚ ਪੂਰੇ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਹੈੱਡ ਕਾਂਸਟੇਬਲ ਜੋਗਿੰਦਰ ਕੁਮਾਰ (45) ਦੀ ਮ੍ਰਿਤਕ ਦੇਹ ਨੂੰ ਸ਼ਨੀਵਾਰ ਦੇਰ ਰਾਤ ਰਾਮਗੜ੍ਹ ਸੈਕਟਰ ਦੇ ਪਿੰਡ ਅਬਤਾਲ ਕਟਾਲਨ ਲਿਆਂਦਾ ਗਿਆ। ਛੱਤੀਸਗੜ੍ਹ ‘ਚ ਵਿਧਾਨ ਸਭਾ ਚੋਣਾਂ ਦੇ ਦੂਜੇ ਗੇੜ ਦੀ ਵੋਟਿੰਗ ਪੂਰੀ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਹੈੱਡ ਕਾਂਸਟੇਬਲ ਜੋਗਿੰਦਰ ਕੁਮਾਰ ਗਰੀਬਾਬੰਦ ​​ਜ਼ਿਲ੍ਹੇ ਦੇ ਗੋਬਰਾ ਪਿੰਡ ਨੇੜੇ ਇਕ ਧਮਾਕੇ ‘ਚ ਸ਼ਹੀਦ ਹੋ ਗਿਆ। ਜਿਸ ਸਮੇਂ ਇਹ ਧਮਾਕਾ ਹੋਇਆ, ਉਸ ਸਮੇਂ ਸੁਰੱਖਿਆ ਕਰਮਚਾਰੀ ਪੋਲਿੰਗ ਕਰਮੀਆਂ ਦੇ ਇਕ ਸਮੂਹ ਨਾਲ ਵਾਪਸ ਪਰਤ ਰਹੇ ਸਨ। ਸਾਂਬਾ ਦੇ ਡਿਪਟੀ ਕਮਿਸ਼ਨਰ ਅਭਿਸ਼ੇਕ ਸ਼ਰਮਾ ਅਤੇ ਸੀਨੀਅਰ ਪੁਲਸ ਕਪਤਾਨ ਬੇਨਮ ਤੋਸ਼ ਅਤੇ ਹੋਰ ਅਧਿਕਾਰੀਆਂ ਸਮੇਤ ਲਗਭਗ ਸਾਰੀਆਂ ਪਾਰਟੀਆਂ ਦੇ ਆਗੂਆਂ ਨੇ ਵੀ ਸ਼ਹੀਦ ਸੈਨਿਕ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਜਵਾਨ ਦੀ ਅੰਤਿਮ ਵਿਦਾਈ ਮੌਕੇ ਸੈਂਕੜੇ ਲੋਕਾਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ‘ਚੋਂ ਕੁਝ ਨੇ ਰਾਸ਼ਟਰੀ ਝੰਡਾ ਫੜਿਆ ਹੋਇਆ ਸੀ ਜਦਕਿ ਕੁਝ ਨੇ ਦੇਸ਼ ਭਗਤੀ ਦੇ ਨਾਅਰੇ ਲਾਏ।

ਆਈ.ਟੀ.ਬੀ.ਪੀ. ਦੀ ਟੁਕੜੀ ਵੱਲੋਂ ਦਿੱਤੀ ਗਈ ਗਾਰਡ ਸਲਾਮੀ ਦੌਰਾਨ ਕੁਮਾਰ ਦੇ 9 ਸਾਲਾ ਪੁੱਤਰ ਨੇ ਉਨ੍ਹਾਂ ਨੂੰ ਅਗਨੀ ਦਿੱਤੀ। ਇਸ ਤੋਂ ਪਹਿਲਾਂ ਪਿੰਡ ਦੇ ਨੌਜਵਾਨਾਂ ਨੇ ਕੁਮਾਰ ਨੂੰ ਸ਼ਰਧਾਂਜਲੀ ਦੇਣ ਲਈ 10 ਕਿਲੋਮੀਟਰ ਤੋਂ ਵੱਧ ਲੰਮੀ ਮੋਟਰਸਾਈਕਲ ਰੈਲੀ ਪਿੰਡ ਅਬਤਾਲ ਕਟਾਲਨ ਤੋਂ ਸਾਂਬਾ ਸ਼ਹਿਰ ਤੱਕ ਕੱਢੀ। ਕੁਮਾਰ ਦੇ ਪਿਤਾ ਅਤੇ ਵੱਡਾ ਭਰਾ ਫੌਜ ਤੋਂ ਸੇਵਾਮੁਕਤ ਹਨ, ਜਦੋਂ ਕਿ ਉਨ੍ਹਾਂ ਦੇ ਦੋ ਹੋਰ ਛੋਟੇ ਭਰਾ ਆਈ.ਟੀ.ਬੀ.ਪੀ. ਅਤੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ.ਆਈ.ਐੱਸ.ਐੱਫ.) ਵਿਚ ਸੇਵਾ ਕਰ ਰਹੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ,“ਅਸੀਂ ਚੋਣ ਡਿਊਟੀ ਦੌਰਾਨ ਆਪਣੀ ਜਾਨ ਕੁਰਬਾਨ ਕਰਨ ਵਾਲੇ ਕੁਮਾਰ ਨੂੰ ਅੰਤਿਮ ਵਿਦਾਈ ਦੇਣ ਲਈ ਉਸ ਦੇ ਪਿੰਡ ਵਿਚ ਇਕੱਠੇ ਹੋਏ ਹਾਂ। ਅਸੀਂ ਉਸ ਦੇ ਪਰਿਵਾਰ ਨਾਲ ਖੜ੍ਹੇ ਹਾਂ ਅਤੇ ਇਹ ਯਕੀਨੀ ਬਣਾਵਾਂਗੇ ਕਿ ਜ਼ਿਲ੍ਹਾ ਪ੍ਰਸ਼ਾਸਨ ਹਰ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਏ।” ਆਈ.ਟੀ.ਬੀ.ਪੀ. ਦੀ 47ਵੀਂ ਬਟਾਲੀਅਨ ਦੇ ਕਮਾਂਡੈਂਟ ਰਾਕੇਸ਼ ਕੁਮਾਰ ਨੇ ਕਿਹਾ ਕਿ ਜੋਗਿੰਦਰ ਕੁਮਾਰ ਬਲ ਦਾ ਸਮਰਪਿਤ ਮੈਂਬਰ ਸੀ। ਅਧਿਕਾਰੀ ਨੇ ਕੁਮਾਰ ਦੇ ਸਸਕਾਰ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ,”ਸਾਡੀ ਬਟਾਲੀਅਨ ਅਸਲ ਵਿਚ ਅਰੁਣਾਚਲ ਪ੍ਰਦੇਸ਼ ਵਿਚ ਸਥਿਤ ਹੈ ਅਤੇ ਚੋਣ ਡਿਊਟੀ ਲਈ ਛੱਤੀਸਗੜ੍ਹ ਗਈ ਸੀ।” ਕਮਾਂਡੈਂਟ ਨੇ ਕਿਹਾ ਕਿ ਹਮਲੇ ਦੀ ਜਾਂਚ ਜਾਰੀ ਹੈ ਅਤੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।

Add a Comment

Your email address will not be published. Required fields are marked *