ਪੰਜਾਬ ਦੀਆਂ ਝਾਕੀਆਂ ਰੱਦ ਹੋਣ ‘ਤੇ AAP ਦਾ ਤਿੱਖਾ ਤੰਜ

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਅਹਿਮ ਪ੍ਰੈੱਸ ਕਾਨਫਰੰਸ ਕਰਦਿਆਂ ਭਾਜਪਾ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਦਿੱਲੀ ਵਿਖੇ 26 ਜਨਵਰੀ ਦੀ ਪਰੇਡ ‘ਚੋਂ ਪੰਜਾਬ ਦੀਆਂ ਝਾਕੀਆਂ ਨੂੰ ਸ਼ਾਮਲ ਨਾ ਕਰਕੇ ਪੰਜਾਬ ਨਾਲ ਵੱਡਾ ਵਿਤਕਰਾ ਕੀਤਾ ਗਿਆ ਹੈ। ਇਹ ਉਮੀਦ ਕੀਤੀ ਜਾ ਰਹੀ ਸੀ ਕਿ ਪੰਜਾਬ ਭਾਜਪਾ ਇਸ ਮੁੱਦੇ ‘ਤੇ ਪੰਜਾਬ ਨਾਲ ਖੜ੍ਹੀ ਦਿਖਾਈ ਦੇਵੇਗੀ ਪਰ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਸੁਨੀਲ ਜਾਖੜ ਨੇ ਇਸ ਮੁੱਦੇ ਬਾਰੇ ਬੀਤੇ ਦਿਨ ਝੂਠ ਬੋਲਿਆ ਹੈ। ਕੰਗ ਨੇ ਕਿਹਾ ਕਿ ਭਾਰਤ ਸਰਕਾਰ ਦੀ ਆਫੀਸ਼ੀਅਲ ਵੈੱਬਸਾਈਟ ‘ਤੇ ਉਨ੍ਹਾਂ ਸਾਰੇ ਸੂਬਿਆਂ ਦੀ ਡਿਟੇਲ ਪਈ ਹੈ, ਜਿਨ੍ਹਾਂ ਨੇ ਝਾਕੀਆਂ ਲਈ ਆਪਣੇ ਕਾਨਸੈਪਟ ਜਮ੍ਹਾਂ ਕਰਵਾਏ ਹਨ। ਇਨ੍ਹਾਂ ‘ਚ ਪੰਜਾਬ ਦੀਆਂ 3 ਝਾਕੀਆਂ ਦੇ ਕਾਨਸੈਪਟ ਵੀ ਹਨ, ਜਿਨ੍ਹਾਂ ਬਾਰੇ ਸੁਨੀਲ ਜਾਖੜ ਨੇ ਝੂਠ ਬੋਲਿਆ ਕਿ ਇਨ੍ਹਾਂ ਝਾਕੀਆਂ ‘ਤੇ ਮੁੱਖ ਮੰਤਰੀ ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਫੋਟੋ ਲਾਈ ਗਈ ਹੈ।

ਇਸ ਨੂੰ ਅਸੀਂ ਸਿਰੇ ਤੋਂ ਨਕਾਰਦੇ ਹਨ। ਇਸ ਦਾ ਸਭ ਤੋਂ ਵੱਡਾ ਸਬੂਤ ਭਾਰਤ ਸਰਕਾਰ ਦੀ ਵੈੱਬਸਾਈਟ ਹੈ। ਇਸ ਮੌਕੇ ਉਨ੍ਹਾਂ ਨੇ ਭਾਰਤ ਸਰਕਾਰ ਦੀ ਵੈੱਬਸਾਈਟ ਵੀ ਖੋਲ੍ਹ ਕੇ ਦਿਖਾਈ, ਜਿਸ ‘ਚ ਸਭ ਤੋਂ ਪਹਿਲੇ ਨੰਬਰ ਦੀ ਝਾਕੀ ‘ਚ ਪੰਜਾਬ ਦਾ ਅਮੀਰ ਵਿਰਸਾ, ਮਾਈ ਭਾਗੋ ਦੀ ਤਸਵੀਰ ਅਤੇ ਇਸੇ ਤਰ੍ਹਾਂ ਦੀਆਂ ਹੋਰ ਝਾਕੀਆਂ ਦਿਖਾਈਆਂ ਗਈਆਂ। ਮਾਲਵਿੰਦਰ ਕੰਗ ਨੇ ਕਿਹਾ ਕਿ ਇਨ੍ਹਾਂ ‘ਚ ਕਿਤੇ ਵੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਤਸਵੀਰ ਨਹੀਂ ਹੈ। ਇਸ ਤੋਂ ਇਹ ਸਪੱਸ਼ਟ ਹੈ ਕਿ ਸੁਨੀਲ ਜਾਖੜ ਨੇ ਬੀਤੇ ਦਿਨ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ। ਉਨ੍ਹਾਂ ਕਿਹਾ ਕਿ ਜਾਂ ਤਾਂ ਭਾਰਤ ਸਰਕਾਰ ਦੀ ਵੈੱਬਸਾਈਟ ਝੂਠ ਬੋਲ ਰਹੀ ਹੈ, ਜਾਂ ਫਿਰ ਸੁਨੀਲ ਜਾਖੜ ਝੂਠ ਬੋਲ ਰਹੇ ਹਨ। ਭਾਜਪਾ ਨਫ਼ਰਤ ਦੀ ਰਾਜਨੀਤੀ ਕਰ ਰਹੀ ਹੈ। ਪੰਜਾਬ ਅਤੇ ਦੇਸ਼ ਦੇ ਸ਼ਹੀਦਾਂ ਪ੍ਰਤੀ ਇਨ੍ਹਾਂ ਦੀ ਨਫ਼ਰਤ ਜ਼ਾਹਰ ਹੁੰਦੀ ਹੈ।

ਕੰਗ ਨੇ ਅੱਗੇ ਬੋਲਦਿਆਂ ਕਿਹਾ ਕਿ ਪਿਛਲੇ 5 ਸਾਲਾਂ ਤੋਂ ਲਗਾਤਾਰ ਮੋਦੀ ਸਰਕਾਰ ਯੂ. ਪੀ., ਉੱਤਰਾਖੰਡ, ਗੁਜਰਾਤ, ਹਰਿਆਣਾ ਨੂੰ 26 ਜਨਵਰੀ ਦੀ ਪਰੇਡ ‘ਚ ਜਗਾ ਦੇ ਰਹੀ ਹੈ ਅਤੇ ਇਨ੍ਹਾਂ ਸੂਬਿਆਂ ‘ਚ ਭਾਜਪਾ ਦੀ ਹੀ ਸਰਕਾਰ ਹੈ ਅਤੇ ਪੰਜਾਬ ਨੂੰ ਲਗਾਤਾਰ ਦੂਜੀ ਵਾਰ ਬਾਹਰ ਕੀਤਾ ਗਿਆ ਹੈ। ਗੁਜਰਾਤ ਨੇ ਵੀ ਆਪਣਾ ਵਿਰਸਾ ਭੇਜਿਆ ਅਤੇ ਪੰਜਾਬ ਨੇ ਵਿਰਸੇ ਦੇ ਨਾਲ-ਨਾਲ ਆਪਣੇ ਸ਼ਹੀਦ ਭੇਜੇ ਪਰ ਪੰਜਾਬ ਦੀ ਝਾਕੀ ਨੂੰ ਰੱਦ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਦੋਂ ਦੂਜੇ ਸੂਬਿਆਂ ਦੇ ਸ਼ਹੀਦਾਂ ਨੂੰ ਲਗਾਤਾਰ 5 ਸਾਲ ਜਗ੍ਹਾ ਦਿੱਤੀ ਗਈ ਹੈ ਤਾਂ ਫਿਰ ਪੰਜਾਬ ਦੇ ਸ਼ਹੀਦਾਂ ਨਾਲ ਭਾਜਪਾ ਨੂੰ ਨਫ਼ਰਤ ਕਿਉਂ ਹੈ। ਇਸ ਦਾ ਸਾਫ਼ ਮਤਲਬ ਹੈ ਕਿ ਭਾਜਪਾ ਪੰਜਾਬ, ਪੰਜਾਬੀਆਂ ਅਤੇ ਸ਼ਹੀਦਾਂ ਨਾਲ ਨਫ਼ਰਤ ਕਰਦੀ ਹੈ। ਮਾਲਵਿੰਦਰ ਕੰਗ ਨੇ ਕਿਹਾ ਕਿ ਜਾਖੜ ਸਾਹਿਬ ਵਰਗੇ ਬੰਦੇ, ਜਿਹੜੇ ਪੰਜਾਬੀ ਪੁੱਤ ਹੋਣ ਦਾ ਦਾਅਵਾ ਤਾਂ ਬਹੁਤ ਕਰਦੇ ਹਨ ਪਰ ਉਨ੍ਹਾਂ ‘ਤੇ ਵੀ ਭਾਜਪਾ ਦਾ ਰੰਗ ਚੜ੍ਹਿਆ ਹੋਇਆ ਦਿਖਾਈ ਦਿੱਤਾ ਹੈ, ਜਿਸ ਕਾਰਨ ਉਨ੍ਹਾਂ ਨੇ ਮੀਡੀਆ ਸਾਹਮਣੇ ਕੋਰਾ ਝੂਠ ਬੋਲਿਆ ਹੈ।

Add a Comment

Your email address will not be published. Required fields are marked *