IAS ਪਰਮਪਾਲ ਕੌਰ ਸਿੱਧੂ ਦੇ ਸਿਆਸੀ ਸਫ਼ਰ ‘ਚ ਵਧੀਆਂ ਔਕੜਾਂ

ਚੰਡੀਗੜ੍ਹ : ਬਠਿੰਡਾ ਤੋਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਸਿੱਧੂ ਨੂੰ ਵੱਡਾ ਝਟਕਾ ਦਿੰਦਿਆਂ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਵੀ.ਆਰ.ਐੱਸ. (ਸਵੈ-ਇੱਛਤ ਸੇਵਾਮੁਕਤੀ) ਦੀ ਅਰਜ਼ੀ ਰੱਦ ਕਰ ਦਿੱਤੀ ਹੈ। ਉਨ੍ਹਾਂ ਦਾ ਅਸਤੀਫ਼ਾ ਵੀ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਆਪਣੀ ਸਰਕਾਰੀ ਡਿਊਟੀ ਮੁੜ ਸ਼ੁਰੂ ਕਰਨ ਲਈ ਨੋਟਿਸ ਦਿੱਤਾ ਗਿਆ ਹੈ।

ਸਰਕਾਰ ਮੁਤਾਬਕ ਉਨ੍ਹਾਂ ਨੇ ਅਣਅਧਿਕਾਰਤ ਢੰਗ ਨਾਲ ਅਸਤੀਫ਼ਾ ਦਿੱਤਾ ਸੀ। ਜ਼ਿਕਰਯੋਗ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਖ਼ੁਦ ਦਾਅਵਾ ਕੀਤਾ ਸੀ ਕਿ ਉਨ੍ਹਾਂ ਦਾ ਅਸਤੀਫ਼ਾ ਪ੍ਰਵਾਨ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਸਰਕਾਰ ਨੇ ਤਰਕ ਦਿੱਤਾ ਕਿ ਨੌਕਰੀ ਛੱਡਣ ਲਈ ਨੋਟਿਸ ਪੀਰੀਅਡ ਤਿੰਨ ਮਹੀਨੇ ਹੈ ਤੇ ਨੌਕਰੀ ਛੱਡਣ ਲੱਗਿਆਂ 3 ਮਹੀਨੇ ਦਾ ਨੋਟਿਸ ਨਹੀਂ ਦਿੱਤਾ ਗਿਆ।

ਸਰਕਾਰ ਦਾ ਕਹਿਣਾ ਹੈ ਕਿ ਅਧਿਕਾਰੀਆਂ ਦੀ ਪਹਿਲਾਂ ਹੀ ਕਾਫ਼ੀ ਘਾਟ ਹੈ ਤੇ ਇਸ ਤਰ੍ਹਾਂ ਕਿਸੇ ਅਧਿਕਾਰੀ ਨੂੰ ਨੋਟਿਸ ਪੀਰੀਅਡ ਪੂਰਾ ਕੀਤੇ ਬਿਨਾਂ ਫ਼ਾਰਗ ਨਹੀਂ ਕੀਤਾ ਜਾ ਸਕਦਾ। ਸਰਕਾਰ ਦੇ ਇਸ ਫ਼ੈਸਲੇ ਨੇ ਕਾਫ਼ੀ ਦਿਲਚਸਪ ਸਥਿਤੀ ਪੈਦਾ ਕਰ ਦਿੱਤੀ ਹੈ ਤੇ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਆਈ.ਏ.ਐੱਸ. ਅਧਿਕਾਰੀ ਤੇ ਭਾਜਪਾ ਉਮੀਦਵਾਰ ਇਸ ਸਥਿਤੀ ‘ਤੇ ਕੀ ਪ੍ਰਤੀਕਿਰਿਆ ਦਿੰਦੇ ਹਨ ਪਰ ਅਜੇ ਤੱਕ ਉਨ੍ਹਾਂ ਵੱਲੋਂ ਕੋਈ ਸਪੱਸ਼ਟ ਜਵਾਬ ਨਹੀਂ ਆਇਆ ਹੈ।

Add a Comment

Your email address will not be published. Required fields are marked *