ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਵਾਪਸ ਕੀਤਾ ‘ਖੇਲ ਰਤਨ’ ਤੇ ‘ਅਰਜੁਨ ਐਵਾਰਡ’

ਨਵੀਂ ਦਿੱਲੀ – ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਆਪਣਾ ‘ਖੇਲ ਰਤਨ’ ਅਤੇ ‘ਅਰਜੁਨ ਐਵਾਰਡ’ ਵਾਪਸ ਕਰ ਦਿੱਤਾ ਹੈ। ਸੋਸ਼ਲ ਮੀਡੀਆ ’ਤੇ ਆਪਣੇ ‘ਐਕਸ’ ਅਕਾਊਂਟ ’ਤੇ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ, ‘‘ਮੈਂ ਆਪਣਾ ਮੇਜਰ ਧਿਆਨ ਚੰਦ ਖੇਲ ਰਤਨ ਅਤੇ ਅਰਜੁਨ ਐਵਾਰਡ ਵਾਪਸ ਕਰ ਰਹੀ ਹਾਂ। ਇਸ ਹਾਲਤ ’ਚ ਪਹੁੰਚਣ ਲਈ ‘ਤਾਕਤਵਰ’ ਦਾ ਬਹੁਤ ਧੰਨਵਾਦ।’’ ਇਸ ਦੇ ਨਾਲ ਹੀ ਉਨ੍ਹਾਂ ਨੇ ਉਸ ਚਿੱਠੀ ਦੀ ਫੋਟੋ ਵੀ ਸ਼ੇਅਰ ਕੀਤੀ, ਜੋ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਹੈ। ਵਿਨੇਸ਼ ਤੋਂ ਪਹਿਲਾਂ ਬਜਰੰਗ ਪੂਨੀਆ ਨੇ ਵੀ ਇਸੇ ਤਰ੍ਹਾਂ ਆਪਣਾ ਪਦਮ ਸ਼੍ਰੀ ਐਵਾਰਡ ਵਾਪਸ ਕੀਤਾ ਸੀ। ਉੱਥੇ ਹੀ ਸਾਕਸ਼ੀ ਮਲਿਕ ਪਹਿਲਾਂ ਹੀ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਚੁੱਕੀ ਹੈ।

ਭਾਰਤੀ ਕੁਸ਼ਤੀ ਫੈੱਡਰੇਸ਼ਨ ਦੀਆਂ ਚੋਣਾਂ 21 ਦਸੰਬਰ ਨੂੰ ਹੋਈਆਂ ਸਨ। ਇਨ੍ਹਾਂ ਚੋਣਾਂ ’ਚ ਸੰਜੇ ਸਿੰਘ ਨੂੰ ਪ੍ਰਧਾਨ ਚੁਣਿਆ ਗਿਆ ਸੀ। ਇਸ ਤੋਂ ਬਾਅਦ ਸਾਕਸ਼ੀ ਮਲਿਕ ਨੇ ਇਹ ਕਹਿੰਦੇ ਹੋਏ ਕੁਸ਼ਤੀ ਤੋਂ ਸੰਨਿਆਸ ਲੈ ਲਿਆ ਕਿ ‘ਫਿਰ ਤੋਂ ਬ੍ਰਿਜ ਭੂਸ਼ਣ ਵਰਗਾ ਹੀ ਚੁਣਿਆ ਗਿਆ ਹੈ ਤਾਂ ਕੀ ਕਰੀਏ?’ ਇਸ ਤੋਂ ਬਾਅਦ ਬਜਰੰਗ ਨੇ ਪਦਮਸ਼੍ਰੀ ਵਾਪਸ ਕਰ ਦਿੱਤਾ ਅਤੇ ਹੁਣ ਵਿਨੇਸ਼ ਨੇ ਆਪਣਾ ‘ਖੇਲ ਰਤਨ’ ਵਾਪਸ ਕਰ ਦਿੱਤਾ ਹੈ। ਪੈਰਾ ਐਥਲੀਟ ਵਰਿੰਦਰ ਸਿੰਘ ਵੀ ਆਪਣਾ ਪਦਮਸ਼੍ਰੀ ਵਾਪਸ ਕਰਨ ਦੀ ਗੱਲ ਕਰ ਚੁੱਕੇ ਹਨ।

ਚਿੱਠੀ ’ਚ ਫੋਗਾਟ ਨੇ ਲਿਖਿਆ, ‘‘ਮਾਣਯੋਗ ਪ੍ਰਧਾਨ ਮੰਤਰੀ ਜੀ, ਸਾਕਸ਼ੀ ਮਲਿਕ ਨੇ ਕੁਸ਼ਤੀ ਛੱਡ ਦਿੱਤੀ ਹੈ ਅਤੇ ਬਜਰੰਗ ਪੂਨੀਆ ਨੇ ਆਪਣਾ ਪਦਮਸ਼੍ਰੀ ਵਾਪਸ ਕਰ ਦਿੱਤਾ ਹੈ। ਦੇਸ਼ ਲਈ ਓਲੰਪਿਕ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਇਹ ਸਭ ਕਰਨ ਲਈ ਕਿਉਂ ਮਜਬੂਰ ਹੋਣਾ ਪਿਆ, ਇਹ ਸਭ ਪੂਰੇ ਦੇਸ਼ ਨੂੰ ਪਤਾ ਹੈ ਅਤੇ ਤੁਸੀਂ ਤਾਂ ਦੇਸ਼ ਦੇ ਮੁਖੀ ਹੋ, ਤਾਂ ਤੁਹਾਡੇ ਤੱਕ ਵੀ ਇਹ ਮਾਮਲਾ ਪਹੁੰਚਿਆ ਹੋਵੇਗਾ। ਪ੍ਰਧਾਨ ਮੰਤਰੀ ਜੀ, ਮੈਂ ਤੁਹਾਡੇ ਘਰ ਦੀ ਧੀ ਵਿਨੇਸ਼ ਫੋਗਾਟ ਹਾਂ ਅਤੇ ਪਿਛਲੇ ਇਕ ਸਾਲ ਤੋਂ ਜਿਸ ਹਾਲ ’ਚ ਹਾਂ, ਇਹ ਦੱਸਣ ਲਈ ਤੁਹਾਨੂੰ ਇਹ ਚਿੱਠੀ ਲਿਖ ਰਹੀ ਹਾਂ।’’

Add a Comment

Your email address will not be published. Required fields are marked *