ਕੈਬ ਡਰਾਈਵਰ ਨੂੰ ਕਾਰ ਦੇ ਬੋਨਟ ‘ਤੇ 3 ਕਿਲੋਮੀਟਰ ਤੱਕ ਘੁੰਮਾਉਂਦਾ ਰਿਹਾ ਸ਼ਖ਼ਸ

ਨਵੀਂ ਦਿੱਲੀ- ਦੱਖਣੀ-ਪੂਰਬੀ ਦਿੱਲੀ ਦੇ ਆਸ਼ਰਮ ਇਲਾਕੇ ‘ਚ ਇਕ ਲਗਜ਼ਰੀ ਕਾਰ ਅਤੇ ਇਕ ਕੈਬ ‘ਚ ਹੋਈ ਮਾਮੂਲੀ ਟੱਕਰ ਮਗਰੋਂ ਜਦੋਂ ਕਾਰ ਡਰਾਈਵਰ ਉੱਥੋਂ ਗੱਡੀ ਲੈ ਕੇ ਨਿਕਲਣ ਲੱਗਾ ਤਾਂ ਕੈਬ ਡਰਾਈਵਰ ਲਗਜ਼ਰੀ ਕਾਰ ਦੇ ਬੋਨਟ ‘ਤੇ ਲਟਕ ਗਿਆ। ਕਾਰ ਡਰਾਈਵਰ ਨੇ ਇਸ ਦੇ ਬਾਵਜੂਦ ਗੱਡੀ ਨਹੀਂ ਰੋਕੀ ਅਤੇ ਉਸ ਤਰ੍ਹਾਂ ਕਰੀਬ 3 ਕਿਲੋਮੀਟਰ ਤੱਕ ਘੁੰਮਾਉਂਦਾ ਰਿਹਾ। 

ਇਸ ਘਟਨਾ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਵਿਅਕਤੀ ਚੱਲਦੀ ਕਾਰ ਦੇ ਬੋਨਟ ‘ਤੇ ਲਟਕਦਾ ਹੋਇਆ ਵਿਖਾਈ ਦੇ ਰਿਹਾ ਹੈ। ਪੁਲਸ ਮੁਤਾਬਕ ਉਨ੍ਹਾਂ ਨੂੰ ਬੀਤੀ ਰਾਤ ਕਰੀਬ 12 ਵਜੇ ਆਸ਼ਰਮ ਚੌਕ ‘ਤੇ ਹਾਦਸੇ ਦੇ ਸਬੰਧ ‘ਚ ਫੋਨ ਆਇਆ। ਪੁਲਸ ਡਿਪਟੀ ਕਮਿਸ਼ਨਰ (ਦੱਖਣੀ-ਪੂਰਬੀ) ਰਾਜੇਸ਼ ਦੇਵ ਨੇ ਕਿਹਾ ਕਿ ਫੋਨ ਕਰਨ ਵਾਲੇ ਨੇ ਆਪਣੀ ਪਛਾਣ ਗੋਵਿੰਦਪੁਰੀ ਵਾਸੀ ਚੇਤਨ ਦੇ ਰੂਪ ਵਿਚ ਦੱਸੀ ਅਤੇ ਕਿਹਾ ਕਿ ਉਸ ਦੀ ਸਿਆਜ ਟੈਕਸੀ ਨੂੰ ਆਸ਼ਰਮ ਚੌਕ ‘ਤੇ ਲੈਂਡ ਰੋਵਰ ਡਿਸਕਵਰੀ ਕਾਰ ਨੇ ਟੱਕਰ ਮਾਰ ਦਿੱਤੀ। 

ਪੁਲਸ ਮੁਤਾਬਕ ਬਿਹਾਰ ਦੇ ਡੁਮਰੀ ਜ਼ਿਲ੍ਹੇ ਦੇ ਰਹਿਣ ਵਾਲੇ ਕਾਰ ਡਰਾਈਵਰ ਰਾਮ ਅਚਲ ਨੇ ਜਦੋਂ ਮੌਕੇ ਤੋਂ ਦੌੜਨ ਦੀ ਕੋਸ਼ਿਸ਼ ਕੀਤੀ ਤਾਂ ਚੇਤਨ ਲਗਜ਼ਰੀ ਕਾਰ ਦੇ ਬੋਨਟ ‘ਤੇ ਬੈਠ ਗਿਆ। ਡੀ. ਸੀ. ਪੀ. ਨੇ ਕਿਹਾ ਕਿ ਇਸ ਤੋਂ ਰਾਮ ਅਚਲ ਨੇ ਆਪਣੀ ਕਾਰ ਨਿਜ਼ਾਮੁਦੀਨ ਥਾਣੇ ਤੱਕ ਚਲਾਈ ਅਤੇ ਇਸ ਦੌਰਾਨ ਚੇਤਨ ਬੋਨਟ ‘ਤੇ ਹੀ ਬੈਠਾ ਹੋਇਆ ਸੀ। ਪੁਲਸ ਨੇ ਕਿਹਾ ਇਕ ਪੀ. ਸੀ. ਆਰ. ਵੈਨ ਨੇ ਕਾਰ ਨੂੰ ਰੋਕਿਆ ਅਤੇ ਚੇਤਨ ਬੋਨਟ ਤੋਂ ਉਤਰ ਗਿਆ। ਉਨ੍ਹਾਂ ਨੇ ਕਿਹਾ ਕਿ ਕੈਬ ਡਰਾਈਵਰ ਦੀ ਸ਼ਿਕਾਇਤ ‘ਤੇ ਕਾਰ ਡਰਾਈਵਰ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਾਂਚ ਕਰ ਕੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।

Add a Comment

Your email address will not be published. Required fields are marked *