ਬਰਾਮਦ ਵਧਾਉਣਾ ਤੇ ਦਰਾਮਦ ਘਟਾਉਣਾ ਹੈ ਦੇਸ਼ ਭਗਤੀ ਦਾ ਨਵਾਂ ਰਸਤਾ : ਗਡਕਰੀ

ਪਣਜੀ – ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਬਰਾਮਦ ਧਾਉਣਾ ਅਤੇ ਦਰਾਮਦ ਘਟਾਉਣਾ ਦੇਸ਼ ਭਗਤੀ ਅਤੇ ਸਵਦੇਸ਼ੀ ਨੂੰ ਅਪਣਾਉਣ ਵੱਲ ਅੱਗੇ ਵਧਣ ਦਾ ਨਵਾਂ ਰਸਤਾ ਹੈ। ਉਹ ਦਿਨ ਭਾਰਤ ਲਈ ਨਵੀਂ ਆਜ਼ਾਦੀ ਵਰਗਾ ਹੋਵੇਗਾ, ਜਦੋਂ ਦੇਸ਼ ਪੈਟਰੋਲ ਜਾਂ ਡੀਜ਼ਲ ਦੀ ਇਕ ਬੂੰਦ ਵੀ ਦਰਾਮਦ ਨਹੀਂ ਕਰੇਗਾ। ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨੇ ਹਫ਼ਤਾਵਾਰੀ ਮੈਗਜ਼ੀਨ ‘ਪੰਚਜਨਯਾ’ ਦੇ ਪ੍ਰੋਗਰਾਮ ‘ਸਾਗਰ ਮੰਥਨ 2.0’ ’ਚ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੀ ਦਰਾਮਦ ਨੂੰ ਰੋਕਣਾ ਦੁਨੀਆ ’ਚ ਅੱਤਵਾਦ ਨੂੰ ਰੋਕਣ ਨਾਲ ਜੁੜਿਆ ਹੋਇਆ ਹੈ। 

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ, ‘‘ਜਦੋਂ ਤੱਕ ਇਹ ਦਰਾਮਦ ਬੰਦ ਨਹੀਂ ਹੋਵੇਗੀ, ਦੁਨੀਆ ਭਰ ’ਚ ਅੱਤਵਾਦ ਨਹੀਂ ਰੁਕੇਗਾ। ਮੇਰੇ ਜੀਵਨ ਦਾ ਮਕਸਦ ਪੈਟਰੋਲ ਅਤੇ ਡੀਜ਼ਲ ਦੀ ਦਰਾਮਦ ਨੂੰ ਰੋਕਣਾ ਹੈ। ਮੈਂ ਉਸ ਦਿਨ ਨੂੰ ਭਾਰਤ ਲਈ ਨਵੀਂ ਆਜ਼ਾਦੀ ਮੰਨਦਾ ਹਾਂ, ਜਦੋਂ ਦੇਸ਼ ’ਚ ਪੈਟਰੋਲ ਅਤੇ ਡੀਜ਼ਲ ਦੀ ਇਕ ਬੂੰਦ ਵੀ ਦਰਾਮਦ ਨਹੀਂ ਕੀਤੀ ਜਾਵੇਗੀ।’’ ਗਡਕਰੀ ਨੇ ਕਿਹਾ, ‘‘ਪੈਟਰੋਲ ਅਤੇ ਡੀਜ਼ਲ ਦਾ ਦਰਾਮਦ ਬਿੱਲ ਇਸ ਸਮੇਂ 16 ਲੱਖ ਕਰੋੜ ਰੁਪਏ ਹੈ। ਜੇਕਰ ਅਸੀਂ ਇਸ ਦਰਾਮਦ ਨੂੰ ਘੱਟ ਕਰਦੇ ਹਾਂ, ਤਾਂ ਅਸੀਂ ਜੋ ਪੈਸਾ ਬਚਾਵਾਂਗੇ, ਉਹ ਗਰੀਬਾਂ ਕੋਲ ਜਾਵੇਗਾ।’’

ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ‘‘ਇਹੀ ਕਾਰਨ ਹੈ ਕਿ ਅਸੀਂ ਬਾਇਓਫਿਊਲ ਵਰਗੇ ਬਦਲਵੇਂ ਈਂਧਨ ਪੇਸ਼ ਕੀਤੇ ਹਨ। ਦਰਾਮਦ ’ਚ ਕਮੀ ਤੇ ਬਰਾਮਦ ’ਚ ਵਾਧਾ ਦੇਸ਼ ਭਗਤੀ ਅਤੇ ਸਵਦੇਸ਼ੀ ਨੂੰ ਅਪਣਾਉਣ ਦੀ ਦਿਸ਼ਾ ’ਚ ਅੱਗੇ ਵਧਣ ਦਾ ਰਾਹ ਹੈ।’’ ਗਡਕਰੀ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ (2014 ’ਚ) ਅਹੁਦਾ ਸੰਭਾਲਿਆ ਸੀ, ਤਾਂ ਭਾਰਤ ’ਚ ਆਟੋਮੋਬਾਇਲ ਉਦਯੋਗ ਦਾ ਆਕਾਰ 7 ਲੱਖ ਕਰੋੜ ਰੁਪਏ ਸੀ। ਹੁਣ ਇਹ ਵਧ ਕੇ 12.5 ਲੱਖ ਕਰੋੜ ਰੁਪਏ ਹੋ ਗਿਆ ਹੈ ਅਤੇ ਇਸ ਖੇਤਰ ’ਚ 4.5 ਕਰੋੜ ਲੋਕਾਂ ਨੂੰ ਰੋਜ਼ਗਾਰ ਮਿਲ ਰਿਹਾ ਹੈ। ਇਸ ਤੋਂ ਇਲਾਵਾ ਆਟੋਮੋਬਾਇਲ ਉਦਯੋਗ ਵੀ ਸਰਕਾਰਾਂ ਨੂੰ ਸਭ ਤੋਂ ਵੱਧ ਜੀ. ਐੱਸ. ਟੀ. ਮਾਲੀਆ ਵੀ ਦਿੰਦਾ ਹੈ।

Add a Comment

Your email address will not be published. Required fields are marked *