TCS ‘ਚ ਨੌਕਰੀ ਦੇਣ ਦੇ ਬਦਲੇ ਲੋਕਾਂ ਤੋਂ ਲਏ 100 ਕਰੋੜ ਰੁਪਏ

ਨਵੀਂ ਦਿੱਲੀ – ਟਾਟਾ ਦੀ ਟੈੱਕ ਕੰਪਨੀ ਟਾਟਾ ਕੰਸਲਟੈਂਸੀ ਸਰਵਿਸਿਜ਼ ਲਿਮਟਿਡ (ਟੀ. ਸੀ. ਐੱਸ.) ’ਚ ਨੌਕਰੀ ਘਪਲੇ (ਜਾਬ ਸਕੈਮ) ਦਾ ਵੱਡਾ ਖੁਲਾਸਾ ਹੋਇਆ ਹੈ । ਇਕ ਅਖ਼ਬਾਰ ਮੁਤਾਬਕ ਟੀ. ਸੀ. ਐੱਸ. ਵਿਚ ਨੌਕਰੀ ਦੇ ਬਦਲੇ 100 ਕਰੋੜ ਰੁਪਏ ਲਏ ਗਏ ਹਨ। ਟੀ. ਸੀ . ਐੱਸ. ਨੇ ਪਿਛਲੇ 3 ਸਾਲਾਂ ਵਿਚ 50,000 ਲੋਕਾਂ ਨੂੰ ਨੌਕਰੀ ਦਿੱਤੀ ਹੈ ਪਰ ਹੁਣ ਇਸ ਨੌਕਰੀ ’ਚ ਘਪਲੇ ਦੀ ਗੱਲ ਸਾਹਮਣੇ ਆ ਰਹੀ ਹੈ।

ਕੰਪਨੀ ਨੇ ਆਪਣੀ ਪੜਤਾਲ ’ਚ ਪਾਇਆ ਕਿ ਕੁੱਝ ਸੀਨੀਅਰ ਅਧਿਕਾਰੀਆਂ ਨੇ ਹਾਇਰਿੰਗ ਦੇ ਬਦਲੇ ਸਟਾਫਿੰਗ ਫਰਮਾਂ ਤੋਂ ਰਿਸ਼ਵਤ ਲਈ ਹੈ। ਰਿਸ਼ਵਤ ਦੇ ਬਦਲੇ ਹਾਇਰਿੰਗ ਪ੍ਰਾਸੈੱਸ ਨਾਲ ਸਮਝੌਤਾ ਕੀਤਾ ਗਿਆ। ਹੁਣ ਤੱਕ ਸਰਕਾਰੀ ਨੌਕਰੀ ਦੇ ਬਦਲੇ ਰਿਸ਼ਵਤ ਦੀ ਗੱਲ ਤੁਸੀਂ ਸੁਣੀ ਹੋਵੋਗੇ ਪਰ ਹੁਣ ਪ੍ਰਾਈਵੇਟ ਨੌਕਰੀ ਲਈ ਵੀ ਲੋਕ ਰਿਸ਼ਵਤ ਦੇ ਰਹੇ ਹਨ। ਇਸ ਦਾ ਖੁਲਾਸਾ ਟਾਟਾ ਦੀ ਕੰਪਨੀ ਟੀ. ਸੀ. ਐੱਸ. ਅੰਦਰੋਂ ਹੋਇਆ ਹੈ। ਸੰਭਵਿਤ : ਇਹ ਆਪਣੀ ਤਰ੍ਹਾਂ ਦਾ ਪਹਿਲਾ ਨੌਕਰੀ ਘਪਲਾ ਹੈ, ਜਿੱਥੇ ਦੇਸ਼ ਦੀ ਵੱਡੀ ਆਈ. ਟੀ. ਕੰਪਨੀ ਟੀ. ਸੀ. ਐੱਸ. ਵਿਚ ਨੌਕਰੀ ਦਿਵਾਉਣ ਲਈ ਕਰੋੜਾਂ ਦੀ ਕਮਿਸ਼ਨ ਲਈ ਗਈ ਹੋਵੇ।

ਟੀ. ਸੀ. ਐੱਸ. ’ਚ ਇਸ ਨੌਕਰੀ ਘਪਲੇ ਦਾ ਖੁਲਾਸਾ ਇਕ ਵ੍ਹਿਸਲਬਲੋਅਰ ਨੇ ਕੀਤਾ ਹੈ। ਉਸ ਨੇ ਟੀ. ਸੀ. ਐੱਸ. ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਅਤੇ ਮੁੱਖ ਸੰਚਾਲਨ ਅਧਿਕਾਰੀ (ਸੀ. ਓ. ਓ.) ਨੂੰ ਇਸ ਘਪਲੇ ਦੀ ਜਾਣਕਾਰੀ ਦਿੱਤੀ। ਉਸ ਨੇ ਦੋਸ਼ ਲਾਇਆ ਕਿ ਹਾਇਰਿੰਗ ਦੇ ਬਦਲੇ ਟੀ. ਸੀ. ਐੱਸ. ਦੇ ਰਿਸੋਰਸ ਮੈਨੇਜਮੈਂਟ ਗਰੁੱਪ (ਆਰ. ਐੱਮ. ਜੀ.) ਦੇ ਗਲੋਬਲ ਹੈੱਡ ਈ. ਐੱਸ. ਚੱਕਰਵਰਤੀ ਨੇ ਕੰਪਨੀ ’ਚ ਸਟਾਫਿੰਗ ਫਰਮਾਂ ਤੋਂ ਕਮਿਸ਼ਨ ਲਈ ਹੈ ਅਤੇ ਇਹ ਸਭ ਸਾਲਾਂ ਤੋਂ ਚੱਲ ਰਿਹਾ ਹੈ। ਧਿਆਨਯੋਗ ਹੈ ਕਿ ਟੀ. ਸੀ. ਐੱਸ. ਦੇ ਆਰ. ਐੱਮ. ਜੀ. ਦੇ ਗਲੋਬਲ ਹੈੱਡ ਈ. ਐੱਸ. ਚੱਕਰਵਰਤੀ ਸਾਲ 1997 ਤੋਂ ਹੀ ਕੰਪਨੀ ਦੇ ਨਾਲ ਹਨ।

ਵ੍ਹਿਸਲਬਲੋਅਰ ਵੱਲੋਂ ਮਿਲੀ ਇਸ ਜਾਣਕਾਰੀ ਤੋਂ ਬਾਅਦ ਕੰਪਨੀ ਨੇ ਝੱਟਪੱਟ ਟੀ. ਸੀ. ਐੱਸ. ਦੇ ਮੁੱਖ ਸੂਚਨਾ ਸੁਰੱਖਿਆ ਅਧਿਕਾਰੀ ਅਜੀਜ ਮੇਨਨ ਦੇ ਨਾਲ 3 ਅਧਿਕਾਰੀਆਂ ਦੀ ਇਕ ਕਮੇਟੀ ਬਣਾ ਕੇ ਮਾਮਲੇ ਦੀ ਜਾਂਚ ਦੇ ਆਦੇਸ਼ ਦੇ ਦਿੱਤੇ। ਜਾਂਚ ਤੋਂ ਬਾਅਦ ਟੀ.ਸੀ.ਐੱਸ. ਦੇ ਰਿਸੋਰਸ ਮੈਨੇਜਮੈਂਟ ਗਰੁੱਪ ਦੇ ਚੀਫ਼ ਨੂੰ ਛੁੱਟੀ ਉੱਤੇ ਭੇਜ ਦਿੱਤਾ ਹੈ। ਉਥੇ ਹੀ 4 ਹੋਰ ਅਧਿਕਾਰੀਆਂ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ। ਉਥੇ ਹੀ 3 ਸਟਾਫਿੰਗ ਫਰਮਾਂ ਨੂੰ ਬਲੈਕ ਲਿਸਟ ਕਰ ਦਿੱਤਾ ਗਿਆ ਹੈ, ਜਿਨ੍ਹਾਂ ਫਰਮਾਂ ਨੂੰ ਬਲੈਕ ਲਿਸਟ ਕੀਤਾ ਗਿਆ ਹੈ, ਉਨ੍ਹਾਂ ਦੇ ਨਾਵਾਂ ਦਾ ਖੁਲਾਸਾ ਅਜੇ ਨਹੀਂ ਕੀਤਾ ਗਿਆ। ਧਿਆਨਯੋਗ ਹੈ ਕਿ ਟਾਟਾ ਸਮੂਹ ਦੀ ਆਈ. ਟੀ. ਕੰਪਨੀ ਟੀ. ਸੀ. ਐੱਸ. ਭਾਰਤੀ ਕਾਰਪੋਰੇਟ ਜਗਤ ’ਚ ਸਭ ਤੋਂ ਜ਼ਿਆਦਾ ਨੌਕਰੀਆਂ ਦੇਣ ਵਾਲੀਆਂ ਕੰਪਨੀਆਂ ’ਚੋਂ ਇਕ ਹੈ। ਸਾਲ 2022 ’ਚ ਟੀ. ਸੀ. ਐੱਸ. ’ਚ ਕਰਮਚਾਰੀਆਂ ਦੀ ਗਿਣਤੀ 6.15 ਲੱਖ ਸੀ। ਪਿਛਲੇ 3 ਸਾਲਾਂ ’ਚ ਕੰਪਨੀ ਨੇ 3 ਲੱਖ ਕਰਮਚਾਰੀਆਂ ਦੀ ਹਾਇਰਿੰਗ ਕੀਤੀ ਹੈ।

Add a Comment

Your email address will not be published. Required fields are marked *