ਮਨੀ ਲਾਂਡਰਿੰਗ ਮਾਮਲਾ : ਜੈਕਲੀਨ ਦੀ ਪਟੀਸ਼ਨ ’ਤੇ ਈ. ਡੀ. ਤੋਂ ਜਵਾਬ ਤਲਬ

ਨਵੀਂ ਦਿੱਲੀ – ਦਿੱਲੀ ਹਾਈ ਕੋਰਟ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਤੋਂ ਅਦਾਕਾਰਾ ਜੈਕਲੀਨ ਫਰਨਾਂਡੀਜ਼ ਦੀ ਉਸ ਪਟੀਸ਼ਨ ’ਤੇ ਜਵਾਬ ਮੰਗਿਆ ਹੈ, ਜਿਸ ਵਿਚ ਉਨ੍ਹਾਂ ਨੇ ਕਥਿਤ ਠੱਗ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ’ਚ ਆਪਣੇ ਵਿਰੁੱਧ ਐੱਫ. ਆਰ. ਆਈ. ਨੂੰ ਰੱਦ ਕਰਨ ਦੀ ਅਪੀਲ ਕੀਤੀ ਹੈ।

ਜਸਟਿਸ ਜੋਤੀ ਸਿੰਘ ਨੇ ਮਾਮਲੇ ਦੀ ਅਗਲੀ ਸੁਣਵਾਈ 29 ਜਨਵਰੀ, 2024 ਨੂੰ ਸੂਚੀਬੱਧ ਕੀਤੀ। ਪਟੀਸ਼ਨ ਵਿਚ ਇਸ ਮਾਮਲੇ ’ਚ ਈ. ਡੀ. ਵੱਲੋਂ ਦਾਇਰ ਦੂਜੀ ਸਪਲੀਮੈਂਟਰੀ ਚਾਰਜਸ਼ੀਟ ਅਤੇ ਇਥੋਂ ਤੱਕ ਕਿ ਹੇਠਲੀ ਅਦਾਲਤ ਵਿਚ ਪੈਂਡਿੰਗ ਸਬੰਧਤ ਕਾਰਵਾਈ ਨੂੰ ਰੱਦ ਕਰਨ ਦੀ ਵੀ ਬੇਨਤੀ ਕੀਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਈ. ਡੀ. ਨੇ 17 ਅਗਸਤ, 2022 ਨੂੰ ਜੈਕਲੀਨ ਖ਼ਿਲਾਫ਼ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕੀਤੀ ਸੀ। ਚਾਰਜਸ਼ੀਟ ਮੁਤਾਬਕ ਜੈਕਲੀਨ ਨੇ ਮਾਮਲੇ ਦੇ ਮੁੱਖ ਦੋਸ਼ੀ ਸੁਕੇਸ਼ ਤੋਂ ਮਹਿੰਗੇ ਤੋਹਫ਼ੇ ਲਏ ਸਨ। ਇਨ੍ਹਾਂ ਤੋਹਫ਼ਿਆਂ ਦੀ ਕੀਮਤ 71 ਲੱਖ ਰੁਪਏ ਦੱਸੀ ਜਾ ਰਹੀ ਹੈ। ਬਾਅਦ ’ਚ ਈ. ਡੀ. ਨੇ ਅਦਾਕਾਰਾ ਦੀ 7 ਕਰੋੜ ਰੁਪਏ ਦੀ ਜਾਇਦਾਦ ਵੀ ਜ਼ਬਤ ਕਰ ਲਈ ਸੀ।

ਜੈਕਲੀਨ ਨੇ ਸਾਲ 2009 ’ਚ ਫ਼ਿਲਮ ‘ਅਲਾਦੀਨ’ ਨਾਲ ਡੈਬਿਊ ਕੀਤਾ ਸੀ ਤੇ ਇਸ ਤੋਂ ਬਾਅਦ ਉਸ ਨੇ ‘ਕਿੱਕ’, ‘ਮਰਡਰ 2’, ‘ਏ ਜੈਂਟਲਮੈਨ’ ਵਰਗੀਆਂ ਕਈ ਫ਼ਿਲਮਾਂ ’ਚ ਕੰਮ ਕੀਤਾ। ਉਹ ‘ਅਟੈਕ’, ‘ਰਾਮ ਸੇਤੂ’, ‘ਸਰਕਸ’ ਤੇ ‘ਬੱਚਨ ਪਾਂਡੇ’ ’ਚ ਵੀ ਨਜ਼ਰ ਆਈ ਸੀ। ਅਦਾਕਾਰਾ ਜਲਦ ਹੀ ਮਲਟੀਸਟਾਰਰ ਫ਼ਿਲਮ ‘ਵੈਲਕਮ 3’ ’ਚ ਨਜ਼ਰ ਆਵੇਗੀ। ਇਹ ਫ਼ਿਲਮ ‘ਵੈਲਕਮ’ ਸੀਰੀਜ਼ ਦਾ ਤੀਜਾ ਭਾਗ ਹੈ। ਅਕਸ਼ੇ ਕੁਮਾਰ, ਸੰਜੇ ਦੱਤ, ਸੁਨੀਲ ਸ਼ੈੱਟੀ, ਰਵੀਨਾ ਟੰਡਨ, ਜੌਨੀ ਲੀਵਰ, ਪਰੇਸ਼ ਰਾਵਲ, ਲਾਰਾ ਦੱਤਾ, ਰਾਜਪਾਲ ਯਾਦਵ, ਅਰਸ਼ਦ ਵਾਰਸੀ, ਸ਼੍ਰੇਅਸ ਤਲਪੜੇ, ਤੁਸ਼ਾਰ ਕਪੂਰ ਤੇ ਦਿਸ਼ਾ ਪਾਟਨੀ ਫ਼ਿਲਮ ’ਚ ਧਮਾਲ ਮਚਾਉਂਦੇ ਨਜ਼ਰ ਆਉਣਗੇ।

Add a Comment

Your email address will not be published. Required fields are marked *