ਪੂਨਮ ਪਾਂਡੇ ਦੀ ਮੌਤ ਦੀ ਅਫਵਾਹ ਫੈਲਾਉਣ ਵਾਲੀ ਏਜੰਸੀ ਨੇ ਮੰਗੀ ਮੁਆਫ਼ੀ

ਮੁੰਬਈ – ਵਿਵਾਦਿਤ ਅਦਾਕਾਰਾ ਤੇ ਮਾਡਲ ਪੂਨਮ ਪਾਂਡੇ ਇਨ੍ਹੀਂ ਦਿਨੀਂ ਲਗਾਤਾਰ ਸੁਰਖ਼ੀਆਂ ’ਚ ਹੈ। ਕਾਰਨ ਹਰ ਕੋਈ ਜਾਣਦਾ ਹੈ। ਉਸ ਨੇ ਆਪਣੀ ਮੌਤ ਦੀ ਝੂਠੀ ਖ਼ਬਰ ਫੈਲਾਈ ਕਿ ਉਹ ਸਰਵਾਈਕਲ ਕੈਂਸਰ ਬਾਰੇ ਜਾਗਰੂਕਤਾ ਫੈਲਾ ਰਹੀ ਸੀ। ਇਸ ਦੌਰਾਨ ਪੂਨਮ ਦੀ ਇਸ ਡਰਾਮੇਬਾਜ਼ੀ ਦੇ ਪਿੱਛੇ ਵਾਲੀ ਕੰਪਨੀ ‘ਸ਼ਬਾਂਗ’ ਨੇ ਜਨਤਕ ਤੌਰ ’ਤੇ ਮੁਆਫ਼ੀ ਮੰਗ ਲਈ ਹੈ। ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਇਸ ਸਟੰਟ ਤੋਂ ਬਾਅਦ ਸਰਵਾਈਕਲ ਕੈਂਸਰ ਬਾਰੇ ਹੋਰ ਵੀ ਚਰਚਾ ਹੋਈ ਹੈ।

ਪੂਨਮ ਪਾਂਡੇ ਦੀ ਫਰਜ਼ੀ ਮੌਤ ਪਿੱਛੇ ਕੰਪਨੀ ਸ਼ਬਾਂਗ ਦੇ ਅਧਿਕਾਰਤ ਹੈਂਡਲ ਨੇ ਲਿੰਕਡਿਨ ’ਤੇ ਮੁਆਫ਼ੀਨਾਮਾ ਸਾਂਝਾ ਕੀਤਾ ਹੈ। ਇਸ ’ਚ ਲਿਖਿਆ ਹੈ, ‘‘ਹਾਂ, ਅਸੀਂ ਹੌਟਰਫਲਾਈ ਦੇ ਸਹਿਯੋਗ ਨਾਲ ਸਰਵਾਈਕਲ ਕੈਂਸਰ ਬਾਰੇ ਜਾਗਰੂਕਤਾ ਫੈਲਾਉਣ ਲਈ ਪੂਨਮ ਪਾਂਡੇ ਦੀ ਪਹਿਲਕਦਮੀ ’ਚ ਸ਼ਾਮਲ ਸੀ। ਸ਼ੁਰੂ ਕਰਨ ਲਈ ਅਸੀਂ ਦਿਲੋਂ ਮੁਆਫ਼ੀ ਮੰਗਣਾ ਚਾਹੁੰਦੇ ਹਾਂ। ਖ਼ਾਸ ਤੌਰ ’ਤੇ ਉਨ੍ਹਾਂ ਕੋਲੋਂ ਜਿਨ੍ਹਾਂ ਦੇ ਅਜ਼ੀਜ਼ਾਂ ਨੂੰ ਕਿਸੇ ਵੀ ਕਿਸਮ ਦੇ ਕੈਂਸਰ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।’’

ਪੋਸਟ ਨੇ ਸੰਕੇਤ ਦਿੱਤਾ ਕਿ ਇਹ ਵਿਵਾਦਪੂਰਨ ਕਦਮ ਸਰਵਾਈਕਲ ਕੈਂਸਰ ਬਾਰੇ ਜਾਗਰੂਕਤਾ ਫੈਲਾਉਣ ਦੇ ਮਿਸ਼ਨ ਦੇ ਬਦਲੇ ਵਜੋਂ ਸੀ। ਇਸ ’ਚ ਲਿਖਿਆ ਗਿਆ ਸੀ, ‘‘ਸਾਡੀ ਕਾਰਵਾਈ ਦਾ ਇਕੋ ਇਕ ਮਿਸ਼ਨ ਸਰਵਾਈਕਲ ਕੈਂਸਰ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ। 2022 ’ਚ ਭਾਰਤ ’ਚ ਸਰਵਾਈਕਲ ਕੈਂਸਰ ਦੇ 1,23,907 ਮਾਮਲੇ ਤੇ 77,348 ਮੌਤਾਂ ਹੋਈਆਂ। ਛਾਤੀ ਦੇ ਕੈਂਸਰ ਤੋਂ ਬਾਅਦ, ਸਰਵਾਈਕਲ ਕੈਂਸਰ ਭਾਰਤ ’ਚ ਮੱਧ ਉਮਰ ਦੀਆਂ ਔਰਤਾਂ ਨੂੰ ਪ੍ਰਭਾਵਿਤ ਕਰਨ ਵਾਲੀ ਦੂਜੀ ਸਭ ਤੋਂ ਘਾਤਕ ਬੀਮਾਰੀ ਹੈ।’’

ਕੰਪਨੀ ਨੇ ਇਹ ਵੀ ਸਾਂਝਾ ਕੀਤਾ ਹੈ ਕਿ ਪੂਨਮ ਪਾਂਡੇ ਦੀ ਮਾਂ ਕੈਂਸਰ ਨਾਲ ਜੂਝ ਰਹੀ ਸੀ ਤੇ ਇਸ ਲਈ ਉਹ ਇਸ ਬੀਮਾਰੀ ਦੀ ਮਹੱਤਤਾ ਨੂੰ ਜਾਣਦੀ ਹੈ। ਮੁਆਫ਼ੀਨਾਮਾ ਪੋਸਟ ’ਚ ਕਿਹਾ ਗਿਆ ਹੈ, ‘‘ਤੁਹਾਡੇ ’ਚੋਂ ਬਹੁਤ ਸਾਰੇ ਅਣਜਾਣ ਹੋਣਗੇ ਪਰ ਪੂਨਮ ਦੀ ਮਾਂ ਨੇ ਕੈਂਸਰ ਨਾਲ ਬਹਾਦਰੀ ਨਾਲ ਲੜਿਆ ਹੈ। ਇਸ ਨੂੰ ਇੰਨੇ ਨੇੜਿਓਂ ਦੇਖਣ ਤੇ ਆਪਣੀ ਨਿੱਜੀ ਜ਼ਿੰਦਗੀ ’ਚ ਅਜਿਹੀ ਬੀਮਾਰੀ ਨਾਲ ਲੜਨ ਦੀਆਂ ਚੁਣੌਤੀਆਂ ’ਚੋਂ ਲੰਘਣ ਤੋਂ ਬਾਅਦ ਪੂਨਮ ਨੇ ਰੋਕਥਾਮ ਦੇ ਮਹੱਤਵ ਤੇ ਜਾਗਰੂਕਤਾ ਦੀ ਗੰਭੀਰਤਾ ਨੂੰ ਸਮਝਿਆ। ਖ਼ਾਸ ਕਰਕੇ ਜਦੋਂ ਵੈਕਸੀਨ ਉਪਲੱਬਧ ਹੋਵੇ।’’

ਪੋਸਟ ’ਚ ਅੱਗੇ ਲਿਖਿਆ ਹੈ, ‘‘ਸਰਵਾਈਕਲ ਕੈਂਸਰ ਬਾਰੇ ਲੋਕਾਂ ਦੀ ਉਤਸੁਕਤਾ ’ਚ ਕੋਈ ਬਦਲਾਅ ਨਹੀਂ ਆਇਆ, ਜਦੋਂ ਸਾਡੇ ਮਾਣਯੋਗ ਵਿੱਤ ਮੰਤਰੀ ਨੇ ਕੁਝ ਦਿਨ ਪਹਿਲਾਂ ਕੇਂਦਰੀ ਬਜਟ ਦੌਰਾਨ ਇਸ ਦਾ ਜ਼ਿਕਰ ਕੀਤਾ ਸੀ। ਪੂਨਮ ਦੇ ਇਸ ਕਦਮ ਤੋਂ ਬਾਅਦ ਹੁਣ ‘ਸਰਵਾਈਕਲ ਕੈਂਸਰ’ ਤੇ ਇਸ ਨਾਲ ਜੁੜੇ ਸ਼ਬਦ ਗੂਗਲ ’ਤੇ ਸਭ ਤੋਂ ਵੱਧ ਸਰਚ ਕੀਤੇ ਜਾਣ ਵਾਲੇ ਵਿਸ਼ੇ ਬਣ ਗਏ ਹਨ। ਇਸ ਦੇਸ਼ ਦੇ ਇਤਿਹਾਸ ’ਚ ਇਹ ਪਹਿਲੀ ਵਾਰ ਹੈ, ਜਦੋਂ ‘ਸਰਵਾਈਕਲ ਕੈਂਸਰ’ ਸ਼ਬਦ 1000 ਤੋਂ ਵੱਧ ਸੁਰਖ਼ੀਆਂ ’ਚ ਹੈ।’’

Add a Comment

Your email address will not be published. Required fields are marked *