ਵੈਨੇਜ਼ੁਏਲਾ ਦੇ ਤੇਲ ਦੀ ਬਜ਼ਾਰ ‘ਚ ਵਾਪਸੀ ਦਾ ਕਰਦੇ ਹਾਂ ਸੁਆਗਤ : ਪੁਰੀ

ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਵੈਨੇਜ਼ੁਏਲਾ ‘ਤੇ ਲਾਈਆਂ ਗਈਆਂ ਪਾਬੰਦੀਆਂ ‘ਚ ਢਿੱਲ ਦਿੱਤੇ ਜਾਣ ਤੋਂ ਬਾਅਦ ਇਸ ਲਾਤੀਨੀ ਅਮਰੀਕੀ ਦੇਸ਼ ਦੀ ਤੇਲ ਬਾਜ਼ਾਰ ‘ਚ ਵਾਪਸੀ ਦਾ ਸੁਆਗਤ ਕਰਦਾ ਹੈ। ਪੁਰੀ ਨੇ ਕਿਹਾ ਕਿ ਦੇਸ਼ ਦੀਆਂ ਕੁਝ ਰਿਫਾਇਨਰੀ ਕੰਪਨੀਆਂ ਕੋਲ ਲਾਤੀਨੀ ਅਮਰੀਕੀ ਦੇਸ਼ ਵਿੱਚ ਪੈਦਾ ਹੋਏ ਭਾਰੀ ਕੱਚੇ ਤੇਲ ਨੂੰ ਪ੍ਰੋਸੈਸ ਕਰਨ ਦੀ ਸਮਰੱਥਾ ਹੈ।

ਹਾਲਾਂਕਿ, ਉਸਨੇ ਇਹ ਨਹੀਂ ਦੱਸਿਆ ਕਿ ਕੀ ਭਾਰਤ ਨੇ ਵੈਨੇਜ਼ੁਏਲਾ ਤੋਂ ਖਰੀਦਦਾਰੀ ਦੁਬਾਰਾ ਸ਼ੁਰੂ ਕੀਤੀ ਹੈ ਜਾਂ ਨਹੀਂ। ਭਾਰਤ ਨੇ ਆਖਰੀ ਵਾਰ 2020 ਵਿੱਚ ਵੈਨੇਜ਼ੁਏਲਾ ਤੋਂ ਕੱਚੇ ਤੇਲ ਦੀ ਦਰਾਮਦ ਕੀਤੀ ਸੀ। ਅਮਰੀਕੀ ਖਜ਼ਾਨਾ ਵਿਭਾਗ ਨੇ ਅਕਤੂਬਰ ਵਿਚ ਵੈਨੇਜ਼ੁਏਲਾ ਦੇ ਤੇਲ ਅਤੇ ਗੈਸ ਸੈਕਟਰ ‘ਤੇ ਪਾਬੰਦੀਆਂ ਨੂੰ ਅੰਸ਼ਕ ਤੌਰ ‘ਤੇ ਹਟਾ ਦਿੱਤਾ ਸੀ। ਦੇਸ਼ ਦੇ ਤੇਲ ਅਤੇ ਗੈਸ ਸੈਕਟਰ ਵਿੱਚ ਲੈਣ-ਦੇਣ ਨੂੰ ਅਧਿਕਾਰਤ ਕਰਨ ਲਈ ਛੇ ਮਹੀਨਿਆਂ ਦਾ ਲਾਇਸੈਂਸ ਦਿੱਤਾ ਗਿਆ ਹੈ। ਇਹ ਲਾਇਸੈਂਸ ਤਾਂ ਹੀ ਨਵਿਆਇਆ ਜਾਵੇਗਾ ਜੇਕਰ ਵੈਨੇਜ਼ੁਏਲਾ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿੱਚ ਨਿਰਪੱਖ ਵੋਟ ਲਈ ਆਪਣੀਆਂ ਵਚਨਬੱਧਤਾਵਾਂ ਨੂੰ ਪੂਰਾ ਕਰਦਾ ਹੈ।

ਪੁਰੀ ਨੇ ਕਿਹਾ, “ਅਸੀਂ ਹਮੇਸ਼ਾ ਵੈਨੇਜ਼ੁਏਲਾ ਤੋਂ ਸਾਮਾਨ ਖਰੀਦਿਆ ਹੈ। ਜਦੋਂ ਵੈਨੇਜ਼ੁਏਲਾ ‘ਤੇ ਪਾਬੰਦੀਆਂ ਲਗਾਈਆਂ ਗਈਆਂ ਸਨ, ਉਹ ਸਪਲਾਈ ਕਰਨ ਦੀ ਸਥਿਤੀ ਵਿੱਚ ਨਹੀਂ ਸਨ।” ਉਨ੍ਹਾਂ ਨੇ ਕਿਹਾ ਕਿ ਓਡੀਸ਼ਾ ਵਿੱਚ ਇੰਡੀਅਨ ਆਇਲ ਕਾਰਪੋਰੇਸ਼ਨ (ਆਈਓਸੀ) ਦੀ ਪਾਰਾਦੀਪ ਰਿਫਾਇਨਰੀ ਸਮੇਤ ਕਈ ਰਿਫਾਇਨਰੀਆਂ ਵੈਨੇਜ਼ੁਏਲਾ ਦੇ ਕੱਚੇ ਤੇਲ ਨੂੰ ਪੈਟਰੋਲ ਅਤੇ ਡੀਜ਼ਲ ਵਰਗੇ ਈਂਧਨ ਵਿੱਚ ਪ੍ਰੋਸੈਸ ਕਰਨ ਵਿੱਚ ਸਮਰੱਥ ਹਨ। ਵੈਨੇਜ਼ੁਏਲਾ ਤੋਂ ਕੱਚਾ ਤੇਲ ਖਰੀਦਣ ਦੇ ਸਵਾਲ ‘ਤੇ ਉਨ੍ਹਾਂ ਨੇ ਕਿਹਾ, ”ਅਸੀਂ ਖਰੀਦਾਂਗੇ।” ਕੁਝ ਭਾਰਤੀ ਰਿਫਾਇਨਰਾਂ ਨੇ ਵੈਨੇਜ਼ੁਏਲਾ ਤੋਂ ਪਹਿਲਾਂ ਹੀ ਸਪਲਾਈ ਯਕੀਨੀ ਕਰ ਦਿੱਤੀ ਹੈ। ਲਾਤੀਨੀ ਅਮਰੀਕੀ ਦੇਸ਼ਾਂ ਤੋਂ ਕੱਚੇ ਤੇਲ ਦੀ ਦਰਾਮਦ ਭਾਰਤ ਨੂੰ ਵਿਭਿੰਨਤਾ ਵਿੱਚ ਮਦਦ ਕਰੇਗੀ, ਜੋ ਇਸ ਸਮੇਂ ਪੱਛਮੀ ਏਸ਼ੀਆ ਅਤੇ ਰੂਸ ‘ਤੇ ਬਹੁਤ ਜ਼ਿਆਦਾ ਨਿਰਭਰ ਹੈ।

Add a Comment

Your email address will not be published. Required fields are marked *