ਰੁਝਾਨਾਂ ‘ਚ ਕਾਂਗਰਸ 65, BRS 41 ਤੇ ਭਾਜਪਾ 8 ਸੀਟਾਂ ‘ਤੇ ਅੱਗੇ

ਹੈਦਰਾਬਾਦ- ਤੇਲੰਗਾਨਾ ਦੀਆਂ 119 ਵਿਧਾਨ ਸਭਾ ਸੀਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਸ਼ੁਰੂਆਤੀ ਰੁਝਾਨਾਂ ‘ਚ ਕਾਂਗਰਸ 65 ਸੀਟਾਂ ‘ਤੇ, ਸੱਤਾਧਾਰੀ ਭਾਰਤ ਰਾਸ਼ਟਰ ਸਮਿਤੀ (ਬੀ. ਆਰ. ਐਸ.) 41 ਸੀਟਾਂ ‘ਤੇ, ਭਾਜਪਾ 8 ਅਤੇ ਏ. ਆਈ. ਐਮ. ਆਈ. ਐਮ. 5 ਸੀਟਾਂ ‘ਤੇ ਅੱਗੇ ਹੈ। ਤੇਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਕਾਮਾਰੇਡੀ ਸੀਟ ਤੋਂ ਪਿੱਛੇ ਚੱਲ ਰਹੇ ਹਨ। ਕਾਂਗਰਸ ਦੇ ਸੂਬਾ ਪ੍ਰਧਾਨ ਰੇਵੰਤ ਰੈਡੀ ਇੱਥੇ ਬੜ੍ਹਤ ਬਣਾਏ ਹੋਏ ਹਨ।

ਹਾਲਾਂਕਿ, ਕੇ. ਚੰਦਰਸ਼ੇਖਰ ਰਾਓ (ਕੇ. ਸੀ. ਆਰ.) ਆਪਣੀ ਰਵਾਇਤੀ ਸੀਟ ਗਜਵੇਲ ਤੋਂ ਅੱਗੇ ਚੱਲ ਰਹੇ ਹਨ। ਕਾਂਗਰਸ ਉਮੀਦਵਾਰ ਅਤੇ ਸਾਬਕਾ ਕ੍ਰਿਕਟਰ ਮੁਹੰਮਦ ਅਜ਼ਹਰੂਦੀਨ ਹੈਦਰਾਬਾਦ ਦੀ ਜੁਬਲੀ ਹਿਲਸ ਤੋਂ ਅੱਗੇ ਚੱਲ ਰਹੇ ਹਨ। ਗੋਸਮਹਲ ਤੋਂ ਭਾਜਪਾ ਦਾ ਹਿੰਦੂ ਚਿਹਰਾ ਟੀ ਰਾਜਾ ਸਿੰਘ ਪਿੱਛੇ ਚੱਲ ਰਿਹਾ ਹੈ। ਏ. ਆਈ. ਐਮ. ਆਈ. ਐਮ. ਦੇ ਮੁਖੀ ਅਸਦੁਦੀਨ ਓਵੈਸੀ ਦੇ ਭਰਾ ਅਕਬਰੂਦੀਨ ਓਵੈਸੀ ਚੰਦਰਯਾਨਗੁਟਾ ਸੀਟ ਤੋਂ ਅੱਗੇ ਹਨ। ਇੱਥੇ ਹੈਦਰਾਬਾਦ ਦੇ ਹੋਟਲ ਤਾਜ ਕ੍ਰਿਸ਼ਨਾ ਦੇ ਬਾਹਰ ਤਿੰਨ ਲਗਜ਼ਰੀ ਬੱਸਾਂ ਖੜ੍ਹੀਆਂ ਹਨ। ਸੂਤਰਾਂ ਅਨੁਸਾਰ ਇਹ ਬੱਸਾਂ ਕਾਂਗਰਸ ਦੀਆਂ ਹੋ ਸਕਦੀਆਂ ਹਨ। ਕਾਂਗਰਸ ਪਾਰਟੀ ਨੇ ਜਿੱਤ ਤੋਂ ਬਾਅਦ ਸਾਰੇ ਵਿਧਾਇਕਾਂ ਨੂੰ ਇੱਥੇ ਬੁਲਾਇਆ ਹੈ। ਪਾਰਟੀ ਹਾਰਸ ਟ੍ਰੇਡਿੰਗ ਦੇ ਡਰੋਂ ਵਿਧਾਇਕਾਂ ਲਈ ਇਹ ਕਦਮ ਚੁਕ ਰਹੀ ਹੈ। ਵਿਧਾਇਕਾਂ ਨੂੰ ਬੈਂਗਲੁਰੂ ਭੇਜਿਆ ਜਾ ਸਕਦਾ ਹੈ।

ਇਸ ਵਾਰ 2018 ਦੇ ਮੁਕਾਬਲੇ 2.76% ਘੱਟ ਵੋਟਿੰਗ ਹੋਈ
30 ਨਵੰਬਰ ਨੂੰ ਸੂਬੇ ਦੀਆਂ 119 ਵਿਧਾਨ ਸਭਾ ਸੀਟਾਂ ‘ਤੇ 70.66 ਫੀਸਦੀ ਵੋਟਿੰਗ ਹੋਈ ਸੀ। ਇਹ 2018 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਨਾਲੋਂ 2.76% ਘੱਟ ਹੈ। ਉਦੋਂ 73.37% ਵੋਟਿੰਗ ਹੋਈ ਸੀ। ਐਗਜ਼ਿਟ ਪੋਲ ‘ਚ 9 ਸਾਲਾਂ ਤੋਂ ਸੱਤਾ ‘ਤੇ ਕਾਬਜ਼ ਬੀ. ਆਰ. ਐੱਸ. ਸੁਪਰੀਮੋ ਕੇ ਚੰਦਰਸ਼ੇਖਰ ਰਾਓ (ਕੇ. ਸੀ. ਆਰ.) ਦੀ ਸਥਿਤੀ ਫਿਸਲਦੀ ਨਜ਼ਰ ਆ ਰਹੀ ਹੈ। ਚੋਣ ਅਨੁਮਾਨਾਂ ਮੁਤਾਬਕ ਕਾਂਗਰਸ ਬਹੁਮਤ ਦੇ ਨੇੜੇ ਜਾਪਦੀ ਹੈ।

ਜੂਨ 2014 ਵਿੱਚ, ਤੇਲੰਗਾਨਾ ਆਂਧਰਾ ਪ੍ਰਦੇਸ਼ ਤੋਂ ਵੱਖ ਹੋ ਕੇ ਇੱਕ ਨਵੇਂ ਰਾਜ ਵਜੋਂ ਬਣਾਇਆ ਗਿਆ ਸੀ। ਸੂਬੇ ਵਿੱਚ ਇਸੇ ਸਾਲ ਪਹਿਲੀਆਂ ਵਿਧਾਨ ਸਭਾ ਚੋਣਾਂ ਹੋਈਆਂ ਸਨ। ਇਸ ਵਿੱਚ ਤੇਲੰਗਾਨਾ ਨੂੰ ਵੱਖਰਾ ਰਾਜ ਬਣਾਉਣ ਲਈ ਅੰਦੋਲਨ ਕਰਨ ਵਾਲੀ ਪਾਰਟੀ ਟੀ. ਆਰ. ਐਸ. (ਤੇਲੰਗਾਨਾ ਸਟੇਟ ਕਮੇਟੀ, ਜੋ ਹੁਣ ਭਾਰਤ ਰਾਸ਼ਟਰ ਸਮਿਤੀ ਬੀਆਰਐਸ ਬਣ ਗਈ ਹੈ) ਨੂੰ ਬਹੁਮਤ ਮਿਲਿਆ ਸੀ। ਉਦੋਂ ਟੀਆਰਐਸ ਨੂੰ 63, ਕਾਂਗਰਸ ਨੂੰ 21, ਟੀਡੀਪੀ ਨੂੰ 15 ਅਤੇ ਹੋਰਾਂ ਨੂੰ 20 ਸੀਟਾਂ ਮਿਲੀਆਂ ਸਨ। ਤੇਲੰਗਾਨਾ ਦੀ ਵੱਖਰੀ ਮੰਗ ਨੂੰ ਲੈ ਕੇ ਅੰਦੋਲਨ ਕਰਨ ਵਾਲੇ ਟੀ. ਆਰ. ਐਸ. ਨੇਤਾ ਕੇ. ਚੰਦਰਸ਼ੇਖਰ ਰਾਓ ਸੂਬੇ ਦੇ ਪਹਿਲੇ ਮੁੱਖ ਮੰਤਰੀ ਬਣੇ।

Add a Comment

Your email address will not be published. Required fields are marked *