ਨੌਜਵਾਨਾਂ ਨੇ ਚਲਦੀ ਗੱਡੀ ‘ਚੋਂ ਸੜਕ ‘ਤੇ ਸੁੱਟੇ ਨੋਟਾਂ ਦੇ ਗੱਫ਼ੇ, ਪੁਲਸ ਨੇ ਕੀਤਾ ਗ੍ਰਿਫ਼ਤਾਰ

ਹਰਿਆਣਾ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ ਜਿਸ ਵਿਚ ਨੌਜਵਾਨ ਵੱਲੋਂ ਗੱਡੀ ਵਿਚੋਂ ਨੋਟਾਂ ਦੇ ਗੱਫ਼ੇ ਸੜਕ ‘ਤੇ ਸੁੱਟੇ ਜਾ ਰਹੇ ਹਨ। ਪੁਲਸ ਨੇ ਇਸ ਮਾਮਲੇ ਵਿਚ ਅੱਜ 2 ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਵਿਚ ਮਸ਼ਹੂਰ ਯੂਟਿਊਬਰ ਤੇ ਸੋਸ਼ਲ ਮੀਡੀਆ ਇੰਫਲੂਐਂਸਰ ਜੋਰਾਵਰ ਸਿੰਘ ਕਲਸੀ ਵੀ ਸ਼ਾਮਲ ਹੈ। 

ਇਹ ਵੀਡੀਓ ਹਰਿਆਣਾ ਦੇ ਗੁੜਗਾਓਂ ਦੀ ਦੱਸੀ ਜਾ ਰਹੀ ਹੈ। ਵੀਡੀਓ ਵਿਚ ਇਕ ਨੌਜਵਾਨ ਕਾਰ ਚਲਾ ਰਿਹਾ ਹੈ ਤੇ ਦੂਜਾ ਕਾਰ ਦੀ ਡਿੱਕੀ ਖੋਲ੍ਹ ਕੇ ਉਸ ਵਿਚੋਂ ਨੋਟਾਂ ਦੇ ਗੱਫ਼ੇ ਬਾਹਰ ਨੂੰ ਸੁੱਟ ਰਿਹਾ ਹੈ। ਦਰਅਸਲ ਵਿਚ ਅਜਿਹਾ ਇਕ ਦ੍ਰਿਸ਼ ਹਾਲ ਹੀ ਵਿਚ ਆਈ ਇਕ ਵੈੱਬ ਸੀਰੀਜ਼ ਵਿਚ ਦਿਖਾਇਆ ਗਿਆ ਸੀ ਤੇ ਦੋਹਾਂ ਵੱਲੋਂ ਉਸ ਦ੍ਰਿਸ਼ ਨੂੰ ਹੀ ਦੁਹਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਿਹਾ। ਇਸ ਦੇ ਨਾਲ ਹੀ ਮਾਮਲੇ ਵਿਚ ਪੁਲਸ ਨੇ ਦੋਹਾਂ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐੱਲ.ਐੱਫ. ਗੁੜਗਾਓਂ ਦੇ ਏ.ਸੀ.ਪੀ. ਵਿਕਾਸ ਕੌਸ਼ਿਕ ਨੇ ਦੱਸਿਆ ਕਿ ਪੁਲਸ ਦੇ ਧਿਆਨ ਵਿਚ ਸੋਸ਼ਲ ਮੀਡੀਆ ਰਾਹੀਂ ਇਕ ਮਾਮਲਾ ਸਾਹਮਣੇ ਆਇਆ ਜਿਸ ਵਿਚ 2 ਵਿਅਕਤੀ ਗੋਲਫ਼ ਕੋਰਸ ਰੋਡ ‘ਤੇ ਚਲਦੀ ਗੱਡੀ ‘ਚੋਂ ਨੋਟ ਬਾਹਰ ਸੁੱਟ ਰਹੇ ਹਨ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਮੁੱਖ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਹੈ। ਅੱਜ ਦੋਹਾਂ ਨੌਜਵਾਨਾਂ ਜੋਰਾਵਰ ਸਿੰਘ ਕਲਸੀ ਅਤੇ ਗੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 

ਏ.ਸੀ.ਪੀ. ਵਿਕਾਸ ਕੌਸ਼ਿਕ ਨੇ ਦੱਸਿਆ ਕਿ ਦੋਹਾਂ ਨੌਜਵਾਨਾਂ ਵੱਲੋਂ ਇਕ ਫ਼ਿਲਮ ਦੇ ਸੀਨ ਨੂੰ Re-create ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਉਨ੍ਹਾਂ ਵੱਲੋਂ ਗੋਲਫ਼ ਕੋਰਸ ਰੋਡ ‘ਤੇ ਚਲਦੀ ਗੱਡੀ ‘ਚੋਂ ਕਰੰਸੀ ਨੋਟ ਸੜਕ ‘ਤੇ ਸੁੱਟੇ ਜਾ ਰਹੇ ਸਨ। ਦੱਸ ਦੇਈਏ ਕਿ ਹਾਲ ਹੀ ਵਿਚ ਆਈ ਇਕ ਵੈੱਬ ਸੀਰੀਜ਼ ਵਿਚ ਵੀ ਅਜਿਹਾ ਹੀ ਦ੍ਰਿਸ਼ ਦਿਖਾਇਆ ਗਿਆ ਹੈ ਜਿਸ ਵਿਚ ਦੋ ਨੌਜਵਾਨ ਪੁਲਸ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹਨ। ਇਸ ਦੌਰਾਨ ਇਕ ਨੌਜਵਾਨ ਤੇਜ਼ ਰਫ਼ਤਾਰ ਨਾਲ ਕਾਰ ਚਲਾ ਰਿਹਾ ਹੁੰਦਾ ਹੈ ਤੇ ਦੂਜੇ ਉਸ ਗੱਡੀ ਦੀ ਡਿੱਕੀ ਵਿਚੋਂ ਨਕਲੀ ਨੋਟ ਬਾਹਰ ਨੂੰ ਸੁੱਟ ਰਿਹਾ ਹੁੰਦਾ ਹੈ। 

Add a Comment

Your email address will not be published. Required fields are marked *