ਮੇਰੀ ਇੱਛਾ ਹੈ ਕਿ 10 ਸਾਲਾਂ ’ਚ 50 ਫੀਸਦੀ ਮੁੱਖ ਮੰਤਰੀ ਔਰਤਾਂ ਹੋਣ : ਰਾਹੁਲ

ਕੋਚੀ- ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਪਾਰਟੀ ਨੂੰ ਆਪਣੇ ਸੰਗਠਨ ਵਿੱਚ ਔਰਤਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਅਤੇ ਇਹ ਟੀਚਾ ਤੈਅ ਕਰਨਾ ਚਾਹੀਦਾ ਹੈ ਕਿ ਅਗਲੇ 10 ਸਾਲਾਂ ਵਿੱਚ 50 ਫੀਸਦੀ ਮੁੱਖ ਮੰਤਰੀ ਔਰਤਾਂ ਹੋਣ।

ਵਾਇਨਾਡ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਇੱਥੇ ਕੇਰਲ ਮਹਿਲਾ ਕਾਂਗਰਸ ਦੇ ਸੰਮੇਲਨ ‘ਉਤਸਾਹ’ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਕਾਂਗਰਸ ’ਚ ਕਈ ਔਰਤਾਂ ਹਨ, ਜਿਨ੍ਹਾਂ ’ਚ ਮੁੱਖ ਮੰਤਰੀ ਬਣਨ ਲਈ ਲੋੜੀਂਦੀ ਯੋਗਤਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਮੈਂ ਵਿਚਾਰ ਕਰ ਰਿਹਾ ਸੀ ਕਿ ਸਾਡੇ ਲਈ ਕੋਸ਼ਿਸ਼ ਕਰਨ ਅਤੇ ਹਾਸਲ ਕਰਨ ਲਈ ਇੱਕ ਚੰਗਾ ਟੀਚਾ ਕੀ ਹੋਵੇਗਾ? ਮੈਂ ਸੋਚਿਆ ਕਿ ਕਾਂਗਰਸ ਪਾਰਟੀ ਲਈ ਇਹ ਇੱਕ ਚੰਗਾ ਟੀਚਾ ਹੋਵੇਗਾ ਕਿ ਅੱਜ ਤੋਂ 10 ਸਾਲ ਅੰਦਰ ਸਾਡੇ 50 ਪ੍ਰਤੀਸ਼ਤ ਮੁੱਖ ਮੰਤਰੀ ਔਰਤਾਂ ਹੋਣ।

ਰਾਹੁਲ ਗਾਂਧੀ ਨੇ ਕਿਹਾ ਕਿ ਅੱਜ ਸਾਡੀ ਪਾਰਟੀ ਦੀ ਇੱਕ ਵੀ ਔਰਤ ਮੁੱਖ ਮੰਤਰੀ ਨਹੀਂ ਹੈ, ਪਰ ਮੈਂ ਜਾਣਦਾ ਹਾਂ ਕਿ ਕਾਂਗਰਸ ਵਿੱਚ ਬਹੁਤ ਸਾਰੀਆਂ ਅਜਿਹੀਆਂ ਔਰਤਾਂ ਹਨ, ਜਿਨ੍ਹਾਂ ’ਚ ਬਹੁਤ ਵਧੀਆ ਮੁੱਖ ਮੰਤਰੀ ਬਣਨ ਦੇ ਗੁਣ ਹਨ। ਉਨ੍ਹਾਂ ਰਾਸ਼ਟਰੀ ਸਵੈਮ ਸੇਵਕ ਸੰਘ ’ਤੇ ਵੀ ਹਮਲਾ ਬੋਲਿਆ ਅਤੇ ਕਿਹਾ ਕਿ ਇਹ ਪੂਰੀ ਤਰ੍ਹਾਂ ਮਰਦ ਪਧਾਨ ਸੰਗਠਨ ਹੈ। ਉਨ੍ਹਾਂ ਕਿਹਾ ਕਿ ਮੈਨੂੰ ਲਗਦਾ ਹੈ ਕਿ ਔਰਤਾਂ ਕਈ ਪੱਖੋਂ ਮਰਦਾਂ ਨਾਲੋਂ ਬਿਹਤਰ ਹਨ। ਉਹ ਮਰਦਾਂ ਨਾਲੋਂ ਵਧੇਰੇ ਹੌਂਸਲਾ ਰੱਖਦੀਆਂ ਹਨ। ਨਾਲ ਹੀ ਮਰਦਾਂ ਨਾਲੋਂ ਵਧੇਰੇ ਦਿਆਲੂ ਹੁੰਦੀਆਂ ਹਨ।

Add a Comment

Your email address will not be published. Required fields are marked *