LNJP ਹਸਪਤਾਲ ‘ਚ ‘ਮ੍ਰਿਤਕ ਐਲਾਨ’ ਕੀਤੇ ਜਾਣ ਮਗਰੋਂ ਜਿਊਂਦੀ ਮਿਲੀ ਬੱਚੀ

ਨਵੀਂ ਦਿੱਲੀ- ਦਿੱਲੀ ਦੇ ਸਰਕਾਰੀ ਲੋਕਨਾਇਕ ਜੈਪ੍ਰਕਾਸ਼ (LNJP) ਹਸਪਤਾਲ ‘ਚ ਜਨਮ ਦੇ ਤੁਰੰਤ ਬਾਅਦ ਬੱਚੀ ਮ੍ਰਿਤਕ ਐਲਾਨ ਕੀਤੀ ਗਈ। ਹਾਲਾਂਕਿ ਮ੍ਰਿਤਕ ਐਲਾਨ ਕੀਤੇ ਜਾਣ ਮਗਰੋਂ ਬੱਚੀ ਜਿਊਂਦੀ ਪਾਈ ਗਈ ਅਤੇ ਉਸ ਦੀ ਹਾਲਤ ਨਾਜ਼ੁਕ ਹੈ। ਅਧਿਕਾਰੀਆਂ ਮੁਤਾਬਕ ਬੱਚੀ ਦਾ ਜਨਮ ਉਦੋਂ ਹੋਇਆ, ਜਦੋਂ ਉਸ ਦੀ ਮਾਂ ਨੂੰ ਗਰਭਧਾਰਨ ਕੀਤੇ ਸਿਰਫ਼ 23 ਹਫ਼ਤੇ ਹੋਏ ਸਨ। ਬੱਚੀ ਦਾ ਵਜ਼ਨ 490 ਗ੍ਰਾਮ ਹੈ। ਬੱਚੀ ਨੂੰ ਜਨਮ ਮਗਰੋਂ ਮ੍ਰਿਤਕ ਐਲਾਨ ਕੀਤੇ ਜਾਣ ਮਗਰੋਂ ਪਰਿਵਾਰ ਦੇ ਲੋਕ ਉਸ ਨੂੰ ਦਫ਼ਨਾਉਣ ਜਾ ਰਹੇ ਸਨ ਪਰ ਉਸ ਦੌਰਾਨ ਉਨ੍ਹਾਂ ਨੇ ਉਸ ਨੂੰ ਜਿਊਂਦੀ ਵੇਖਿਆ। 

ਓਧਰ ਹਸਪਤਾਲ ਦੇ ਇਕ ਸੀਨੀਅਰ ਡਾਕਟਰ ਨੇ ਕਿਹਾ ਕਿ ਬੱਚੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਸ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ। ਉਸ ਦੀ ਸਿਹਤ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਡਾਕਟਰ ਨੇ ਕਿਹਾ ਕਿ ਹਸਪਤਾਲ ਨੇ ਇਸ ਘਟਨਾ ਦੀ ਜਾਂਚ ਲਈ 3 ਮੈਂਬਰੀ ਜਾਂਚ ਕਮੇਟੀ ਗਠਿਤ ਕੀਤੀ ਹੈ, ਜੋ ਆਪਣੀ ਰਿਪੋਰਟ ਬੁੱਧਵਾਰ ਨੂੰ ਸੌਂਪੇਗੀ।

ਬੱਚੀ ਦੇ ਪਰਿਵਾਰ ਨੇ ਕਿਹਾ ਕਿ ਉਹ ਇਸ ਮਾਮਲੇ ‘ਚ ਮੰਗਲਵਾਰ ਨੂੰ ਪੁਲਸ ‘ਚ ਮਾਮਲਾ ਦਰਜ ਕਰਾਉਣਗੇ। ਬੱਚੀ ਦੇ ਇਕ ਰਿਸ਼ਤੇਦਾਰ ਨੇ ਕਿਹਾ ਕਿ ਬੱਚੀ ਵੈਂਟੀਲੇਟਰ ‘ਤੇ ਨਹੀਂ ਹੈ। ਇਸ ਦੇ ਬਜਾਏ ਉਸ ਨੂੰ ਸਿਰਫ ਇਕ ਨਰਸਰੀ ‘ਚ ਦਾਖ਼ਲ ਕੀਤਾ ਗਿਆ ਹੈ। ਅਸੀਂ ਪੁਲਸ ‘ਚ ਮਾਮਲਾ ਦਰਜ ਕਰਾਵਾਂਗੇ ਅਤੇ ਚਾਹੁੰਦੇ ਹਾਂ ਕਿ ਦੋਸ਼ੀ ਡਾਕਟਰਾਂ ਨੂੰ ਸਜ਼ਾ ਦਿੱਤੀ ਜਾਵੇ। ਬੱਚੀ ਦੇ ਪਰਿਵਾਰ ਨੇ ਬੱਚੀ ਨੂੰ ਮ੍ਰਿਤਕ ਐਲਾਨ ਕਰਨ ਵਾਲੇ ਡਾਕਟਰਾਂ ਨੂੰ ਮੁਅੱਤਲ ਕੀਤੇ ਜਾਣ ਦੀ ਮੰਗ ਕੀਤੀ ਹੈ। 

Add a Comment

Your email address will not be published. Required fields are marked *