ਹਰੀਸਿਮਰਨ ਸਿੰਘ ਦੀ ਪੁਸਤਕ ‘ਦੀਪ ਸਿੰਘ ਸ਼ਹੀਦ, ਦਿ ਮੈਨ ਇਨ ਦਿ ਲੀਜੈਂਡ’ ਭਾਰਤੀ ਅੰਬੈਸੀ ‘ਚ ਲੋਕ ਅਰਪਿਤ

ਵਾਸ਼ਿੰਗਟਨ : ਪੰਜਾਬੀ ਦੇ ਉੱਘੇ ਸਿੱਖ ਲੇਖਕ ਰਿਟਾ. ਕਰਨਲ ਹਰੀਸਿਮਰਨ ਸਿੰਘ ਵੱਲੋਂ ਲਿਖੀ ਪੁਸਤਕ ‘ਦੀਪ ਸਿੰਘ ਸ਼ਹੀਦ, ਦਿ ਮੈਨ ਇਨ ਦਾ ਲੀਜੈਂਡ’ ਅਤੇ ਸਮਾਗਮ ਦੇ ਮੁੱਖ ਮਹਿਮਾਨ ਵਾਸ਼ਿੰਗਟਨ ਸਥਿਤ ਭਾਰਤੀ ਅੰਬੈਸੀ ਦੇ ਅੰਬੈਸਡਰ ਤਰਨਜੀਤ ਸਿੰਘ ਸੰਧੂ ਵੱਲੋਂ ਲੋਕ ਅਰਪਿਤ ਕੀਤੀ ਗਈ। ਇਸ ਸਮਾਗਮ ‘ਚ ਸਿੱਖਸ ਆਫ਼ ਅਮੈਰਿਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਆਪਣੇ ਸਾਥੀਆਂ ਬਲਜਿੰਦਰ ਸਿੰਘ ਸ਼ੰਮੀ, ਗੁਰਵਿੰਦਰ ਸੇਠੀ, ਇੰਦਰਜੀਤ ਸਿੰਘ ਗੁਜਰਾਲ, ਦਿਲਵੀਰ ਸਿੰਘ, ਰਤਨ ਸਿੰਘ, ਹਰੀ ਰਾਜ ਸਿੰਘ ਤੇ ਹਰਜੀਤ ਚੰਢੋਕ ਨਾਲ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।

ਪੁਸਤਕ ਲੋਕ ਅਰਪਿਤ ਕਰਨ ਉਪਰੰਤ ਭਾਰਤੀ ਅੰਬੈਸਡਰ ਤਰਨਜੀਤ ਸਿੰਘ ਸੰਧੂ ਨੇ ਆਪਣੇ ਸੰਬੋਧਨੀ ਭਾਸ਼ਣ ‘ਚ ਕਿਹਾ ਕਿ ਅੱਜ ਦੇ ਸੋਸ਼ਲ ਮੀਡੀਆ ਦੇ ਯੁੱਗ ਵਿਚ ਵੀ ਪੁਸਤਕਾਂ ਭਰੋਸੇਯੋਗਤਾ ਅਤੇ ਗਿਆਨ ਦਾ ਪ੍ਰਤੀਕ ਬਣੀਆਂ ਹੋਈਆਂ ਹਨ। ਸਾਡੀ ਅਗਲੀ ਪੀੜ੍ਹੀ ਤੱਕ ਸਾਡੇ ਗੌਰਵਮਈ ਇਤਿਹਾਸ ਨੂੰ ਸੁਰੱਖਿਅਤ ਪਹੁੰਚਾਉਣ ਲਈ ਪੁਸਤਕਾਂ ਦਾ ਵੱਡਾ ਯੋਗਦਾਨ ਹੈ ਤੇ ਮੈਂ ਅੱਜ ਲੇਖਕ ਰਿਟਾ. ਕਰਨਲ ਹਰੀਸਿਮਰਨ ਸਿੰਘ ਨੂੰ ਉਨ੍ਹਾਂ ਦੀ ਪੁਸਤਕ ਲੋਕ ਅਰਪਿਤ ਹੋਣ ’ਤੇ ਵਧਾਈ ਦਿੰਦਾ ਹਾਂ। ਸਿੱਖਸ ਆਫ਼ ਅਮੈਰਿਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਉਨ੍ਹਾਂ ਰਿਟਾ. ਕਰਨਲ ਹਰੀਸਿਮਰਨ ਸਿੰਘ ਵੱਲੋਂ ਦਿੱਤੀ ਗਈ ਪ੍ਰੈਜ਼ੈਂਟੇਸ਼ਨ ‘ਚ ਦੇਖਿਆ ਕਿ ਪੁਸਤਕ ਵਿਚ ਬਹੁਤ ਪ੍ਰਭਾਵਸ਼ਾਲੀ ਸਮੱਗਰੀ ਹੈ, ਇਸ ਲਈ ਅਸੀਂ ਸਿੱਖਸ ਆਫ਼ ਅਮੈਰਿਕਾ ਵੱਲੋਂ ਇਸ ਪੁਸਤਕ ਦੇ ਪ੍ਰਚਾਰ ਲਈ ਭਰਪੂਰ ਕੋਸ਼ਿਸ਼ ਕਰਾਂਗੇ।

ਪੁਸਤਕ ਦੇ ਲੇਖਕ ਰਿਟਾ. ਕਰਨਲ ਹਰੀਸਿਮਰਨ ਸਿੰਘ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਪੁਸਤਕ ਲਿਖਣਾ ਦਾ ਉਨ੍ਹਾਂ ਦਾ ਮਕਸਦ ਸੀ ਕਿ ਸਿੱਖ ਕੌਮ ਦੇ ਮਹਾਨ ਯੋਧੇ ਬਾਬਾ ਦੀਪ ਸਿੰਘ ਜੀ ਸ਼ਹੀਦ ਬਾਰੇ ਬਹੁਤ ਬਾਰੀਕੀ ਨਾਲ ਜਾਣਿਆ ਜਾਵੇ, ਕੁਝ ਅਣਗੌਲੇ ਪੱਖ ਖਾਸ ਕਰਕੇ ਨਵੀਂ ਪੀੜ੍ਹੀ ਦੇ ਸਨਮੁੱਖ ਜ਼ਰੂਰ ਹੋਣੇ ਚਾਹੀਦੇ ਹਨ ਤੇ ਉਹ ਪੁਸਤਕਾਂ ਜ਼ਰੀਏ ਹੀ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਉਹ ਮਾਣ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੀ ਪੁਸਤਕ ਵਾਸ਼ਿੰਗਟਨ ਸਥਿਤ ਭਾਰਤੀ ਅੰਬੈਸੀ ਵਿਚ ਬਹੁਤ ਹੀ ਉੱਚ ਪੱਧਰੀ ਸਮਾਗਮ ‘ਚ ਲੋਕ ਅਰਪਿਤ ਹੋਈ ਹੈ ਅਤੇ ਆਸ ਹੈ ਕਿ ਪਾਠਕ ਇਸ ਪੁਸਤਕ ਨੂੰ ਹਾਸਲ ਕਰਕੇ ਜ਼ਰੂਰ ਪੜ੍ਹਨਗੇ।

Add a Comment

Your email address will not be published. Required fields are marked *